Tuesday, May 12, 2026

ਵੈਨਕੂਵਰ ਤੋਂ ਨਿਊਜ਼ੀਲੈਂਡ ਗਏ 19 ਸਾਲਾ ਕੈਨੇਡੀਅਨ ਕੋਲੋਂ 15 ਕਿਲੋ ਮੈਥ ਬਰਾਮਦ

 

ਆਕਲੈਂਡ (ਪਰਮਜੀਤ ਸਿੰਘ): ਨਿਊਜ਼ੀਲੈਂਡ ਦੇ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਕਸਟਮਜ਼ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਨਾਲ ਸਬੰਧਿਤ 19 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਸੂਟਕੇਸ ਵਿੱਚੋਂ ਲਗਭਗ 15.17 ਕਿਲੋਗ੍ਰਾਮ ਮੈਥਐਂਫਿਟਾਮੀਨ ਬਰਾਮਦ ਕੀਤੀ ਗਈ ਹੈ।
ਨਿਊਜ਼ੀਲੈਂਡ ਕਸਟਮਜ਼ ਸਰਵਿਸ ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਮੁਤਾਬਕ ਇਹ ਗ੍ਰਿਫਤਾਰੀ ਐਤਵਾਰ 30 ਨਵੰਬਰ ਨੂੰ ਹਵਾਈ ਅੱਡੇ ਉੱਤੇ ਕੀਤੀ ਗਈ ਸੀ ਅਤੇ ਨੌਜਵਾਨ 1 ਦਸੰਬਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਇਆ। ਨੌਜਵਾਨ ਉੱਤੇ ਕਲਾਸ ਏ ਕੰਟਰੋਲਡ ਡਰੱਗ ਨੂੰ ਗੈਰਕਾਨੂੰਨੀ ਤੌਰ ਤੇ ਨਿਊਜ਼ੀਲੈਂਡ ਦਰਾਮਦ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਕਸਟਮਜ਼ ਅਧਿਕਾਰੀਆਂ ਮੁਤਾਬਕ ਇਸ ਵਿਅਕਤੀ ਨੂੰ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਹੀ ਰਿਸਕ ਪੈਸੇਂਜਰ ਦੇ ਤੌਰ ਉੱਤੇ ਪਛਾਣ ਲਿਆ ਗਿਆ ਸੀ। ਇਹ ਪਛਾਣ ਕਸਟਮਜ਼ ਦੀ ਮਿਆਰੀ ਪ੍ਰੀ ਅਰਾਈਵਲ ਸਕ੍ਰੀਨਿੰਗ ਪ੍ਰਕਿਰਿਆ ਰਾਹੀਂ ਕੀਤੀ ਗਈ ਸੀ। ਜਦੋਂ ਨੌਜਵਾਨ ਵੈਨਕੂਵਰ ਤੋਂ ਉੱਡਾਨ ਰਾਹੀਂ ਆਕਲੈਂਡ ਪਹੁੰਚਿਆ ਤਾਂ ਉਸ ਨੂੰ ਤੁਰੰਤ ਸਵਾਲ ਜਵਾਬ ਲਈ ਰੋਕਿਆ ਗਿਆ। ਸਵਾਲ ਜਵਾਬ ਤੋਂ ਬਾਅਦ ਉਸ ਦੀ ਲੱਗੇਜ ਦੀ ਵਿਸਤ੍ਰਿਤ ਜਾਂਚ ਕੀਤੀ ਗਈ।
ਕਸਟਮਜ਼ ਅਧਿਕਾਰੀਆਂ ਨੇ ਉਸ ਦੇ ਸੂਟਕੇਸ ਵਿੱਚੋਂ ਲਗਭਗ 15 ਵੈਕਿਊਮ ਸੀਲ ਪੈਕੇਟ ਲੱਭੇ ਜੋ ਕੱਪੜਿਆਂ ਦੇ ਵਿਚਕਾਰ ਬੜੀ ਚਤੁਰਾਈ ਨਾਲ ਛੁਪਾਏ ਹੋਏ ਸਨ।
ਇਨ੍ਹਾਂ ਪੈਕੇਟਾਂ ਵਿੱਚ ਮੌਜੂਦ ਕ੍ਰਿਸਟਲ ਵਰਗਾ ਪਦਾਰਥ ਟੈਸਟ ਕਰਨ ਉਪਰੰਤ ਮੈਥਐਂਫਿਟਾਮੀਨ ਸਾਬਤ ਹੋਇਆ।
ਕਸਟਮਜ਼ ਵਿਭਾਗ ਨੇ ਦੱਸਿਆ ਕਿ ਇਸ ਨਸ਼ੀਲੇ ਪਦਾਰਥ ਦੀ ਸੰਭਾਵੀ ਰਿਟੇਲ ਕੀਮਤ ਲਗਭਗ 4.55 ਮਿਲੀਅਨ ਨਿਊਜ਼ੀਲੈਂਡ ਡਾਲਰ ਹੈ।
ਇਹ ਰਕਮ ਕੈਨੇਡੀਅਨ ਡਾਲਰ ਵਿੱਚ ਲਗਭਗ 3.6 ਮਿਲੀਅਨ ਬਣਦੀ ਹੈ।
ਨਿਊਜ਼ੀਲੈਂਡ ਕਸਟਮਜ਼ ਸਰਵਿਸ ਦੇ ਆਕਟਿੰਗ ਕਸਟਮਜ਼ ਮੈਨੇਜਰ ਆਕਲੈਂਡ ਏਅਰਪੋਰਟ ਬੈਨ ਵੇਲਜ਼ ਨੇ ਕਿਹਾ ਕਿ ਕਸਟਮਜ਼ ਵੱਲੋਂ ਇੰਟੈਲੀਜੈਂਸ, ਯਾਤਰੀ ਡਾਟਾ ਅਤੇ ਆਧੁਨਿਕ ਤਕਨੀਕ ਵਰਗੇ ਕਈ ਸਾਧਨ ਵਰਤੇ ਜਾਂਦੇ ਹਨ ਤਾਂ ਜੋ ਉੱਚ ਜੋਖਮ ਵਾਲੇ ਯਾਤਰੀਆਂ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨਾਲ ਹੋਰ ਪੁੱਛਗਿੱਛ ਅਤੇ ਹਵਾਈ ਅੱਡੇ ਉੱਤੇ ਕੀਤੀ ਗਈ ਤਲਾਸ਼ੀ ਤੋਂ ਇਹ ਸਪਸ਼ਟ ਹੋ ਗਿਆ ਸੀ ਕਿ ਕੁਝ ਗਲਤ ਹੈ।
ਉਨ੍ਹਾਂ ਦੱਸਿਆ ਕਿ ਫਰੰਟਲਾਈਨ ਅਧਿਕਾਰੀਆਂ ਦੀ ਸਾਵਧਾਨੀ ਅਤੇ ਤਜਰਬੇ ਨੇ ਇਹ ਵੱਡੀ ਤਸਕਰੀ ਰੋਕਣ ਵਿੱਚ ਅਹੰਮ ਭੂਮਿਕਾ ਨਿਭਾਈ।
ਕਸਟਮਜ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਨਸ਼ੀਲਾ ਪਦਾਰਥ ਬਾਜ਼ਾਰ ਵਿੱਚ ਪਹੁੰਚ ਕੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਤਬਾਹ ਕਰ ਸਕਦਾ ਸੀ। ਇਸ ਗ੍ਰਿਫਤਾਰੀ ਨਾਲ ਨਿਊਜ਼ੀਲੈਂਡ ਵਿੱਚ ਨਸ਼ੇ ਦੀ ਤਸਕਰੀ ਖਿਲਾਫ਼ ਚੱਲ ਰਹੀ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਅਜਿਹੇ ਤਸਕਰਾਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ।

Popular