ਸਰੀ, (ਦਿਵਰੂਪ ਕੌਰ): ਨਿਊਜ਼ੀਲੈਂਡ ਵਿੱਚ ਇਕ ਵਿਅਕਤੀ ਉੱਤੇ ਸੋਨੇ ਅਤੇ ਕੀਮਤੀ ਗਹਿਣੇ ਨਾਲ ਜੜੇ ਇਕ ਦੁਲੱਭ ਅੰਡਾਕਾਰ ਲੌਕੇਟ ਨੂੰ ਨਿਗਲਣ ਦੇ ਦੋਸ਼ ਹੇਠ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਨੁਸਾਰ ਇਸ ਲੌਕੇਟ ਦੀ ਕੀਮਤ 19,200 ਅਮਰੀਕੀ ਡਾਲਰ ਹੈ ਜੋ ਕੈਨੇਡੀਅਨ ਡਾਲਰ ਵਿੱਚ ਲਗਭਗ 26,780 ਡਾਲਰ ਬਣਦੀ ਹੈ। ਇਸ ਗਹਿਣੇ ਨੂੰ ਜੇਮਸ ਬੌਂਡ ਅੰਡਾ ਕਿਹਾ ਜਾਂਦਾ ਹੈ ਜੋ 18 ਕੈਰਟ ਪੀਲੇ ਸੋਨੇ ਤੋਂ ਬਣਿਆ ਹੋਇਆ ਹੈ। ਇਸ ਉੱਤੇ ਹਰੇ ਗਿੱਲੋਸ਼ੇ ਇਨੇਮਲ ਦੀ ਸਜਾਵਟ ਕੀਤੀ ਗਈ ਹੈ ਅਤੇ ਇਸ ਵਿੱਚ 60 ਚਿੱਟੇ ਹੀਰੇ ਅਤੇ 15 ਨੀਲੇ ਨੀਲਮ ਜੜੇ ਹੋਏ ਹਨ। ਫ਼ਾਬਰਜੇ ਦੀ ਵੈਬਸਾਈਟ ਮੁਤਾਬਕ ਇਹ ਲੌਕੇਟ ਖੋਲ੍ਹਣ ਤੇ ਅੰਦਰ 18 ਕੈਰਟ ਸੋਨੇ ਤੋਂ ਬਣੀ ਇਕ ਬਾਰੀਕ ਅਕਟੋਪਸ ਮੂਰਤੀ ਨਜ਼ਰ ਆਉਂਦੀ ਹੈ। ਪੁਲਿਸ ਨੇ ਕਿਹਾ ਕਿ ਹੁਣ ਤੱਕ ਇਸ ਕਥਿਤ ਚੋਰੀ ਦਾ ਕੋਈ ਸਿੱਧਾ ਸਬੂਤ ਸਾਹਮਣੇ ਨਹੀਂ ਆਇਆ ਹੈ। ਇੰਸਪੈਕਟਰ ਗ੍ਰੇ ਐਂਡਰਸਨ ਨੇ ਇਕ ਬਿਆਨ ਵਿੱਚ ਕਿਹਾ ਕਿ ਗ੍ਰਿਫਤਾਰੀ ਦੇ ਸਮੇਂ ਵਿਅਕਤੀ ਦੀ ਜਾਂਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਕ ਅਧਿਕਾਰੀ ਨੂੰ ਲਗਾਤਾਰ ਉਸ ਵਿਅਕਤੀ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ। ਫਿਲਹਾਲ ਲੌਕੇਟ ਹਾਲੇ ਤੱਕ ਬਰਾਮਦ ਨਹੀਂ ਹੋ ਸਕਿਆ ਹੈ। ਇਹ ਜਾਣਕਾਰੀ ਦ ਐਸੋਸੀਏਟਿਡ ਪ੍ਰੈਸ ਵੱਲੋਂ ਵੀ ਜਾਰੀ ਕੀਤੀ ਗਈ ਹੈ। ਪੁਲਿਸ ਮੁਤਾਬਕ ਕਥਿਤ ਚੋਰੀ ਤੋਂ ਕੁਝ ਮਿੰਟਾਂ ਬਾਅਦ ਉਸ ਵਿਅਕਤੀ ਨੂੰ ਸਿੱਧੇ ਦੁਕਾਨ ਦੇ ਅੰਦਰੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ। ਉਹ 29 ਨਵੰਬਰ ਨੂੰ ਆਕਲੈਂਡ ਡਿਸਟ੍ਰਿਕਟ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਉਸ ਨੇ ਚੋਰੀ ਦੇ ਦੋਸ਼ ਹੇਠ ਕੋਈ ਦਲੀਲ ਪੇਸ਼ ਨਹੀਂ ਕੀਤੀ। ਇਹ ਲੌਕੇਟ 1983 ਵਿੱਚ ਰਿਲੀਜ਼ ਹੋਈ ਜੇਮਸ ਬੌਂਡ ਦੀ ਫ਼ਿਲਮ ਆਕਟੋਪੁਸੀ ਤੋਂ ਪ੍ਰੇਰਿਤ ਸੀ।
ਉਸ ਫ਼ਿਲਮ ਦੀ ਕਹਾਣੀ ਦੇ ਕੇਂਦਰ ਵਿੱਚ ਵੀ ਇਕ ਨਕਲੀ ਫ਼ਾਬਰਜੇ ਅੰਡੇ ਰਾਹੀਂ ਕੀਤੀ ਜਾਣ ਵਾਲੀ ਗਹਿਣਿਆਂ ਦੀ ਸਮੱਗਲਿੰਗ ਸ਼ਾਮਲ ਸੀ। ਪੁਲਿਸ ਅਧਿਕਾਰੀ ਗ੍ਰੇ ਐਂਡਰਸਨ ਨੇ ਕਿਹਾ ਕਿ ਕਿਉਂਕਿ ਸ਼ੱਕੀ ਵਿਅਕਤੀ ਪੁਲਿਸ ਹਿਰਾਸਤ ਵਿੱਚ ਹੈ ਇਸ ਲਈ ਉਸ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਿਸ ਦੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਉਸ ਦੀ ਸਿਹਤ ਦੀ ਨਿਗਰਾਨੀ ਜਾਰੀ ਰਹੇਗੀ। ਦੋਸ਼ੀ ਵਿਅਕਤੀ ਨੂੰ ਅਗਲੀ ਵਾਰ 8 ਦਸੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਜ਼ਿਕਰਯੋਗ ਹੈ ਕਿ ਇਹ ਅਜੀਬ ਚੋਰੀ ਦੀ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਇਸ ਤੋਂ ਸਿਰਫ ਇਕ ਦਿਨ ਪਹਿਲਾਂ ਇਕ ਦੁਲੱਭ ਕ੍ਰਿਸਟਲ ਅਤੇ ਹੀਰਿਆਂ ਨਾਲ ਬਣਿਆ ਫ਼ਾਬਰਜੇ ਅੰਡਾ ਨੀਲਾਮੀ ਵਿੱਚ 22.9 ਮਿਲੀਅਨ ਪੌਂਡ ਵਿੱਚ ਵਿਕਿਆ। ਇਹ ਰਕਮ ਅਮਰੀਕੀ ਡਾਲਰ ਵਿੱਚ 30.2 ਮਿਲੀਅਨ ਅਤੇ ਕੈਨੇਡੀਅਨ ਡਾਲਰ ਵਿੱਚ ਲਗਭਗ 42.3 ਮਿਲੀਅਨ ਬਣਦੀ ਹੈ। ਇਹ 4 ਇੰਚ ਜਾਂ 10 ਸੈਂਟੀਮੀਟਰ ਉੱਚਾ ਅੰਡਾ ਬਾਰੀਕੀ ਨਾਲ ਤਰਾਸ਼ੇ ਹੋਏ ਰਾਕ ਕ੍ਰਿਸਟਲ ਤੋਂ ਬਣਿਆ ਹੋਇਆ ਸੀ। ਇਸ ਨੂੰ ਪਲੈਟੀਨਮ ਨਾਲ ਬਣੀ ਬਰਫ਼ੀਲੇ ਫੁੱਲਾਂ ਵਰਗੀ ਨੱਕਸ਼ਕਾਰੀ ਅਤੇ 4,500 ਨਿੱਕੇ ਹੀਰਿਆਂ ਨਾਲ ਸਜਾਇਆ ਗਿਆ ਸੀ। ਇਹ ਅੰਡਾ ਖੋਲ੍ਹਣ ਉੱਤੇ ਅੰਦਰੋਂ ਕਵਾਰਟਜ਼ ਦੇ ਰਤਨਾਂ ਨਾਲ ਸਜਿਆ ਇਕ ਨਿੱਕਾ ਟੋਕਰਾ ਦਿਖਾਈ ਦਿੰਦਾ ਹੈ ਜੋ ਬਸੰਤ ਰੁੱਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਇਹ ਸਾਰੇ ਅਸਲੀ ਫ਼ਾਬਰਜੇ ਅੰਡੇ ਮਸ਼ਹੂਰ ਕਲਾਕਾਰ ਪੀਟਰ ਕਾਰਲ ਫ਼ਾਬਰਜੇ ਅਤੇ ਉਸ ਦੀ ਕੰਪਨੀ ਵੱਲੋਂ 1885 ਤੋਂ 1917 ਦਰਮਿਆਨ ਤਿਆਰ ਕੀਤੇ ਗਏ ਸਨ। ਇਹ ਅੰਡੇ ਰੂਸ ਦੇ ਸ਼ਾਹੀ ਪਰਿਵਾਰ ਲਈ ਬਣਾਏ ਜਾਂਦੇ ਸਨ ਅਤੇ ਹਰ ਇਕ ਅੰਦਰ ਕੋਈ ਨਾ ਕੋਈ ਗੁਪਤ ਸਰਪ੍ਰਾਈਜ਼ ਹੁੰਦਾ ਸੀ। ਜ਼ਾਰ ਅਲੈਕਜ਼ੈਂਡਰ ਤੀਜੇ ਨੇ ਇਹ ਰਿਵਾਇਤ ਸ਼ੁਰੂ ਕੀਤੀ ਸੀ ਜੋ ਹਰ ਈਸਟਰ ਮੌਕੇ ਆਪਣੀ ਪਤਨੀ ਨੂੰ ਇਕ ਫ਼ਾਬਰਜੇ ਅੰਡਾ ਤੋਹਫੇ ਵਿੱਚ ਦਿੰਦਾ ਸੀ। ਉਸ ਦੇ ਉੱਤਰਾਧਿਕਾਰੀ ਨਿਕੋਲਸ ਦੂਜੇ ਨੇ ਇਹ ਰਿਵਾਇਤ ਆਪਣੀ ਪਤਨੀ ਅਤੇ ਮਾਂ ਦੋਹਾਂ ਲਈ ਜਾਰੀ ਰੱਖੀ। ਇਸ ਅਮੀਰ ਰਿਵਾਇਤ ਨੂੰ ਬਾਅਦ ਵਿੱਚ ਰੂਸੀ ਕ੍ਰਾਂਤੀ ਨੇ ਖਤਮ ਕਰ ਦਿੱਤਾ ਸੀ।

