ਘੱਟ ਆਮਦਨ ਵਾਲਿਆਂ ਨੂੰ ਟੈਕਸ ਵਿੱਚ ਵੱਡੀ ਰਾਹਤ, ਮੁੱਢਲੀ ਦਰ 14 ਫੀਸਦੀ ਹੋਵੇਗੀ
ਸਰੀ, (ਦਿਵਰੂਪ ਕੌਰ): ਕੈਨੇਡਾ ਰੈਵੇਨਿਊ ਏਜੰਸੀ (CRA) ਵਲੋਂ ਅਗਲੇ ਸਾਲ ਤੋਂ ਫੈਡਰਲ ਆਮਦਨ ਟੈਕਸ ਸਲੈਬਾਂ ਵਿੱਚ ਅਹਿਮ ਤਬਦੀਲੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਜੇਕਰ ਸੰਸਦ ਵਿੱਚ ਪੇਸ਼ ਕੀਤਾ ਗਿਆ ਪ੍ਰਸਤਾਵ ਕਾਨੂੰਨ ਬਣ ਜਾਂਦਾ ਹੈ, ਤਾਂ ਇਸ ਬਦਲਾਅ ਤੋਂ ਬਾਅਦ ਕੈਨੇਡਾ ਵਿੱਚ ਸਭ ਤੋਂ ਘੱਟ ਕਮਾਈ ਕਰਨ ਵਾਲੇ ਲੋਕਾਂ ਨੂੰ 2026 ਤੋਂ ਥੋੜ੍ਹਾ ਘੱਟ ਆਮਦਨ ਟੈਕਸ ਦੇਣਾ ਪਵੇਗਾ।
ਇਹ ਬਦਲਾਅ ਅਸਲ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿਛਲੀ ਬਸੰਤ ਵਿੱਚ ਪੇਸ਼ ਕੀਤੇ ਗਏ ”ਮੱਧ ਵਰਗੀ ਟੈਕਸ ਕਟੌਤੀ” (Middle-Class Tax Cut) ਯੋਜਨਾ ਨਾਲ ਜੁੜਿਆ ਹੋਇਆ ਹੈ। ਇਸ ਯੋਜਨਾ ਤਹਿਤ, ਸਭ ਤੋਂ ਹੇਠਲੇ ਟੈਕਸ ਲਈ ਫੈਡਰਲ ਆਮਦਨ ਟੈਕਸ ਦਰ ਨੂੰ 15 ਫੀਸਦੀ ਤੋਂ ਘਟਾ ਕੇ 14 ਫੀਸਦੀ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ।
CRA ਨੇ ਆਪਣੀ ਵੈੱਬਸਾਈਟ ‘ਤੇ ਸਪੱਸ਼ਟ ਕੀਤਾ ਹੈ ਕਿ ਸਭ ਤੋਂ ਘੱਟ ਟੈਕਸ ਦਰ ਵਿੱਚ ਕਟੌਤੀ ਸਾਲ ਦੇ ਅੱਧ ਵਿੱਚ ਲਾਗੂ ਹੋਈ ਸੀ, ਇਸ ਲਈ 2025 ਲਈ ਪੂਰੇ ਸਾਲ ਦੀ ਟੈਕਸ ਦਰ 14.5 ਫੀਸਦੀ ਰਹੇਗੀ।
ਹਾਲਾਂਕਿ, 2026 ਅਤੇ ਭਵਿੱਖ ਦੇ ਟੈਕਸ ਸਾਲਾਂ ਲਈ, ਸਭ ਤੋਂ ਹੇਠਲੇ ਟੈਕਸ ਲਈ ਪੂਰੇ ਸਾਲ ਦੀ ਦਰ ਘਟ ਕੇ 14 ਫੀਸਦੀ ਹੋ ਜਾਵੇਗੀ। ਇਸ ਨਾਲ ਘੱਟ ਆਮਦਨੀ ਵਾਲੇ ਲੋਕਾਂ ਨੂੰ ਸਿੱਧਾ ਫਾਇਦਾ ਮਿਲੇਗਾ।
ਇਸ ਦੇ ਨਾਲ ਹੀ, ਆਮਦਨ ਟੈਕਸ ਦੀਆਂ ਸੀਮਾਵਾਂ ਵੀ ਮਹਿੰਗਾਈ ਦਰ (Indexed Inflation Rate) ਨੂੰ ਦਰਸਾਉਣ ਲਈ ਵਿਵਸਥਿਤ ਕੀਤੀਆਂ ਜਾ ਰਹੀਆਂ ਹਨ। ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟਸ ਕੈਨੇਡਾ ਦੇ ਟੈਕਸ ਡਾਇਰੈਕਟਰ, ਰਿਆਨ ਮਾਈਨਰ ਨੇ ਦੱਸਿਆ ਕਿ ਟੈਕਸ ਸੀਮਾਵਾਂ ਨੂੰ ਵਧਾਉਣ ਦਾ ਮੁੱਖ ਕਾਰਨ ਕੈਨੇਡੀਅਨਾਂ ਦੀ ਖਰੀਦ ਸ਼ਕਤੀ (Purchasing Power) ਨੂੰ ਬਰਕਰਾਰ ਰੱਖਣਾ ਹੈ। ਇਸ ਦਾ ਮਤਲਬ ਹੈ ਕਿ ਲੋਕਾਂ ਦੀ ਆਮਦਨ ਵਧਣ ਦੇ ਬਾਵਜੂਦ, ਵੱਧ ਰਹੀ ਮਹਿੰਗਾਈ ਕਾਰਨ ਮਾੜੀ ਵਿੱਤੀ ਸਥਿਤੀ ਵਿੱਚ ਹਨ।
ਮਹਿੰਗਾਈ ਦੇ ਕਾਰਨ ਬਰੈਕਟਾਂ ਦੀ ਆਮਦਨ ਸੀਮਾ ਵਧੇਗੀ, ਜਿਸ ਨਾਲ ਲੋਕਾਂ ਦਾ ਇੱਕ ਵੱਡਾ ਹਿੱਸਾ ਹੇਠਲੇ ਟੈਕਸ ਦਰਾਂ ‘ਤੇ ਰਹਿ ਸਕੇਗਾ।
ਸਭ ਤੋਂ ਹੇਠਲੇ ਆਮਦਨ ਪੱਧਰ ਨੂੰ ਮੁੱਢਲੀ ਨਿੱਜੀ ਰਾਸ਼ੀ (Basic Personal Amount – BPA) ਵਜੋਂ ਦਰਸਾਇਆ ਜਾਂਦਾ ਹੈ, ਜੋ ਕਿ ਫੈਡਰਲ ਆਮਦਨ ਟੈਕਸਾਂ ਤੋਂ ਪੂਰੀ ਤਰ੍ਹਾਂ ਮੁਕਤ ਹੁੰਦਾ ਹੈ। ਇਸੇ ਲਈ 2025 ਵਿੱਚ, $177,882 ਜਾਂ ਇਸ ਤੋਂ ਘੱਟ ਕਮਾਈ ਕਰਨ ਵਾਲੇ ਟੈਕਸਦਾਤਾਵਾਂ ਲਈ ਭਫਅ $16,129 ਸੀ। 2026 ਵਿੱਚ, BPA ਵਧ ਕੇ $16,452 ਹੋ ਜਾਵੇਗਾ।
BPA ਵਿੱਚ ਇਹ ਵਾਧਾ ਖਾਸ ਤੌਰ ‘ਤੇ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਕੈਨੇਡੀਅਨਾਂ ਲਈ ਲਾਭਦਾਇਕ ਹੋਵੇਗਾ, ਕਿਉਂਕਿ ਉਨ੍ਹਾਂ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਟੈਕਸ ਮੁਕਤ ਹੋ ਜਾਵੇਗਾ। ਇਹ ਤਬਦੀਲੀਆਂ ਕੈਨੇਡਾ ਦੀ ਆਰਥਿਕਤਾ ਅਤੇ ਟੈਕਸਦਾਤਾਵਾਂ ਦੀ ਖਰੀਦ ਸ਼ਕਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀਆਂ ਜਾ ਰਹੀਆਂ ਹਨ।

