2026 ਵਿਚ 4,08,000 ਸਟੱਡੀ ਪਰਮਿਟ ਜਾਰੀ ਕਰਨ ਦਾ ਟੀਚਾ, ਅੰਤਰਰਾਸ਼ਟਰੀ ਵਿਦਿਆਰਥੀ ਸਬੰਧੀ ਚਲ ਰਹੇ ਪ੍ਰੋਗਰਾਮ 16 ਫੀਸਦੀ ਘਟਾਏ
ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਫੈਡਰਲ ਸਰਕਾਰ ਨੇ 2026 ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਉੱਤੇ ਲਾਗੂ ਸੀਮਾ ਦੇ ਨਵੇਂ ਸੂਬਾਈ ਅੰਕ ਜਾਰੀ ਕਰ ਦਿੱਤੇ ਹਨ। ਇਹ ਸੀਮਾ ਪਹਿਲੀ ਵਾਰ 2024 ਵਿਚ ਲਾਗੂ ਕੀਤੀ ਗਈ ਸੀ, ਜਿਸਦਾ ਮਕਸਦ ਕੈਨੇਡਾ ਦੀ ਅਸਥਾਈ ਆਬਾਦੀ ਵਿੱਚ ਹੋ ਰਹੇ ਤੇਜ਼ ਵਾਧੇ ਨੂੰ ਰੋਕਣਾ ਸੀ।
ਫੈਡਰਲ ਸਰਕਾਰ ਦੇ ਅੰਕੜਿਆਂ ਮੁਤਾਬਕ, ਜਨਵਰੀ 2024 ਵਿਚ ਕੈਨੇਡਾ ਵਿਚ ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ 10 ਲੱਖ ਤੋਂ ਵੱਧ ਸੀ, ਜੋ ਕਈ ਪਾਬੰਦੀਆਂ ਤੋਂ ਬਾਅਦ ਸਤੰਬਰ 2025 ਤੱਕ ਘਟ ਕੇ ਲਗਭਗ 7.25 ਲੱਖ ਰਹਿ ਗਈ ਹੈ। ਸਰਕਾਰ ਦਾ ਟੀਚਾ ਹੈ ਕਿ 2027 ਦੇ ਅੰਤ ਤੱਕ ਕੈਨੇਡਾ ਦੀ ਕੁੱਲ ਅਸਥਾਈ ਆਬਾਦੀ ਨੂੰ 5 ਫੀਸਦੀ ਤੋਂ ਹੇਠ ਲਿਆਂਦੀ ਜਾਵੇ।
2026 ਲਈ Immigration, Refugees and Citizenship Canada ਨੇ ਕੁੱਲ 4,08,000 ਸਟੱਡੀ ਪਰਮਿਟ ਜਾਰੀ ਕਰਨ ਦਾ ਟੀਚਾ ਰੱਖਿਆ ਹੈ। ਇਸ ਵਿਚੋਂ 1,55,000 ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਣਗੇ, ਜਦਕਿ 2,53,000 ਮੌਜੂਦਾ ਜਾਂ ਵਾਪਸੀ ਕਰ ਰਹੇ ਵਿਦਿਆਰਥੀਆਂ ਦੀਆਂ ਇਕਸਟੈਨਸ਼ਨ ਲਈ ਹੋਣਗੇ। ਇਹ ਗਿਣਤੀ 2025 ਦੇ ਟੀਚੇ 4,37,000 ਨਾਲੋਂ 7 ਫੀਸਦੀ ਘੱਟ ਅਤੇ 2024 ਦੇ ਟੀਚੇ 4,85,000 ਨਾਲੋਂ 16 ਫੀਸਦੀ ਘੱਟ ਹੈ।
ਇਸ ਦੇ ਨਾਲ ਹੀ ਹੁਣ ਇੱਕ ਵੱਡਾ ਬਦਲਾਅ 1 ਜਨਵਰੀ 2026 ਤੋਂ ਲਾਗੂ ਹੋਵੇਗਾ, ਜਿਸ ਤਹਿਤ ਪਬਲਿਕ ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਵਿਚ ਪੜ੍ਹ ਰਹੇ ਮਾਸਟਰਜ਼ ਅਤੇ ਡਾਕਟਰੇਟ ਲੈਵਲ ਦੇ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਲਈ ਹੁਣ ਪੀ. ਏ. ਐਲ. ਜਾਂ ਟੀ. ਏ. ਐਲ. ਜਮ੍ਹਾਂ ਨਹੀਂ ਕਰਵਾਉਣਾ ਪਵੇਗਾ। ਸਰਕਾਰ ਨੇ ਕਿਹਾ ਹੈ ਕਿ ਇਹ ਛੂਟ ਉਨ੍ਹਾਂ ਦੇਸ਼ ਦੀ ਨਵੋਨਮੇਸ਼ ਅਤੇ ਆਰਥਿਕ ਵਿਕਾਸ ਵਿਚ ਵਿਲੱਖਣ ਯੋਗਦਾਨ ਦੇ ਮੱਦੇਨਜ਼ਰ ਦਿੱਤੀ ਜਾ ਰਹੀ ਹੈ।
2026 ਵਿਚ ਪੀ. ਏ. ਐਲ. ਜਾਂ ਟੀ. ਏ. ਐਲ. ਤੋਂ ਛੂਟ ਪ੍ਰਾਪਤ ਕਰਨ ਵਾਲਿਆਂ ਵਿਚ ਮਾਸਟਰਜ਼ ਅਤੇ ਪੀ. ਐਚ. ਡੀ. ਵਿਦਿਆਰਥੀ, ਕਿੰਡਰਗਾਰਟਨ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀ, ਕੁਝ ਸਰਕਾਰੀ ਪ੍ਰਾਥਮਿਕਤਾ ਸਮੂਹ ਅਤੇ ਮੌਜੂਦਾ ਸਟੱਡੀ ਪਰਮਿਟ ਧਾਰਕ ਸ਼ਾਮਲ ਹਨ।
2026 ਲਈ ਜਿਨ੍ਹਾਂ ਵਿਦਿਆਰਥੀਆਂ ਨੂੰ ਪੀ. ਏ. ਐਲ. ਜਾਂ ਟੀ. ਏ. ਐਲ. ਦੀ ਲੋੜ ਹੋਵੇਗੀ, ਉਨ੍ਹਾਂ ਲਈ ਕੁੱਲ 1,80,000 ਸਟੱਡੀ ਪਰਮਿਟ ਨਿਰਧਾਰਤ ਕੀਤੇ ਗਏ ਹਨ। ਇਹ ਟੀਚਾ ਸੂਬਿਆਂ ਦੀ ਆਬਾਦੀ ਅਨੁਸਾਰ ਵੰਡਿਆ ਗਿਆ ਹੈ।
ਸੂਬਿਆਂ ਅਨੁਸਾਰ ਮੁੱਖ ਟੀਚੇ ਕੁਝ ਇਸ ਤਰ੍ਹਾਂ ਹਨ। ਓਨਟਾਰਿਓ ਲਈ 70,074, ਕਿਬੈਕ ਲਈ 39,474, ਬ੍ਰਿਟਿਸ਼ ਕੋਲੰਬੀਆ ਲਈ 24,786, ਅਲਬਰਟਾ ਲਈ 21,582, ਸਸਕਾਚੇਵਨ ਲਈ 5,436 ਅਤੇ ਮਨੀਟੋਬਾ ਲਈ 6,534 ਸਟੱਡੀ ਪਰਮਿਟ ਨਿਸ਼ਚਿਤ ਕੀਤੇ ਗਏ ਹਨ। ਇਸ ਤੋਂ ਇਲਾਵਾ, 2026 ਲਈ ਕੁੱਲ 3,09,670 ਸਟੱਡੀ ਪਰਮਿਟ ਅਰਜ਼ੀ ਸਪੇਸ ਉਪਲਬਧ ਹੋਣਗੇ, ਜੋ ਸਾਰੇ ਪੀ ਏ ਐਲ ਜਾਂ ਟੀ. ਏ. ਐਲ. ਵਾਲੇ ਵਿਦਿਆਰਥੀਆਂ ਲਈ ਅਧਿਕਤਮ ਗਿਣਤੀ ਹੋਵੇਗੀ। ਹਰ ਸੂਬੇ ਨੂੰ ਆਪਣਾ ਮਿਲਿਆ ਹੋਇਆ ਹਿੱਸਾ ਆਪਣੇ ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਵਿਚ ਵੰਡਣ ਦੀ ਜ਼ਿੰਮੇਵਾਰੀ ਹੋਵੇਗੀ।
ਇਮੀਗ੍ਰੇਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਨਵਾਂ ਢਾਂਚਾ ਇੱਕ ਪਾਸੇ ਘਰੇਲੂ ਰਹਾਇਸ਼, ਸਿਹਤ ਅਤੇ ਰੋਜ਼ਗਾਰ ਉੱਤੇ ਪੈ ਰਹੇ ਦਬਾਅ ਨੂੰ ਘਟਾਏਗਾ ਅਤੇ ਦੂਜੇ ਪਾਸੇ ਉੱਚ ਗੁਣਵੱਤਾ ਵਾਲੇ ਅਕੈਡਮਿਕ ਵਿਦਿਆਰਥੀਆਂ ਲਈ ਕੈਨੇਡਾ ਦੇ ਦਰਵਾਜ਼ੇ ਖੁੱਲ੍ਹੇ ਰੱਖੇਗਾ।
ਫੈਡਰਲ ਸਰਕਾਰ ਨੇ ਸਾਫ਼ ਕੀਤਾ ਹੈ ਕਿ ਉਹ ਸੂਬਿਆਂ ਅਤੇ ਟੇਰੀਟਰੀਆਂ ਨਾਲ ਮਿਲ ਕੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਕੈਨੇਡਾ ਦੀਆਂ ਆਰਥਿਕ ਅਤੇ ਸਮਾਜਕ ਤਰਜੀਹਾਂ ਨਾਲ ਜੋੜ ਕੇ ਚਲਾਉਂਦੀ ਰਹੇਗੀ। ਸਰਕਾਰ ਦਾ ਕਹਿਣਾ ਹੈ ਕਿ ਸੰਤੁਲਿਤ ਅਤੇ ਜੰਮੇਵਾਰ ਕਦਮ ਚੁੱਕ ਕੇ ਕੈਨੇਡਾ ਅੱਗੇ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਯੋਗਦਾਨ ਤੋਂ ਲਾਭ ਉਠਾਂਦਾ ਰਹੇਗਾ।

