ਮੋਰਟਗੇਜ਼ ਦੀ ਕਿਸ਼ਤ ਭਰਨੀ ਹੋਈ ਔਖੀ, ਹਰ ਇੱਕ ਆਮ ਕੈਨੇਡੀਅਨ ਔਸਤਨ $22,321 ਦਾ ਕਰਜ਼ਦਾਰ
ਸਰੀ, (ਦਿਵਰੂਪ ਕੌਰ): ਤਾਜ਼ਾ ਅੰਕੜਿਆਂ ਮੁਤਾਬਕ, ਇਸ ਸਾਲ ਦੀ ਤੀਜੀ ਤਿਮਾਹੀ ਦੌਰਾਨ ਉਹਨਾਂ ਕੈਨੇਡੀਅਨ ਗਾਹਕਾਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦੇਖਿਆ ਗਿਆ ਹੈ, ਜਿਨ੍ਹਾਂ ਨੂੰ ਆਪਣੀ ਮੌਰਗੇਜ਼ ਕਰਜ਼ਿਆਂ ਦੀ ਕਿਸ਼ਤ ਭਰਨੀ ਬੇਹੱਦ ਮੁਸ਼ਕਲ ਹੋ ਰਹੀ ਹੈ। Equifax Canada ਕੰਪਨੀ ਦੇ ਅਨੁਸਾਰ 90 ਦਿਨ ਤੱਕ ਬਕਾਇਆ ਰਹਿਣ ਵਾਲੇ ਗੈਰ-ਮੌਰਗੇਜ ਕਰਜ਼ਿਆਂ ਦੀ ਦਰ ਹੁਣ 1.63 ਫੀਸਦੀ ਤੱਕ ਪਹੁੰਚ ਗਈ ਹੈ, ਜੋ ਪਿਛਲੇ ਸਾਲ ਦੇ ਨਾਲੋਂ 14 ਫੀਸਦੀ ਵੱਧ ਚੁੱਕੀ ਹੈ।
ਇਹ ਵਾਧਾ ਉਸ ਸਮੇਂ ਦਰਜ ਕੀਤਾ ਗਿਆ ਜਦੋਂ ਕੈਨੇਡੀਅਨਜ਼ ‘ਤੇ ਕੁੱਲ ਕਰਜ਼ਾ $2.62 ਟ੍ਰਿਲੀਅਨ ਤੱਕ ਪਹੁੰਚ ਚੁੱਕਾ ਹੈ, ਜੋ ਪਿਛਲੇ ਸਾਲ ਨਾਲੋਂ 3.4 ਫੀਸਦੀ ਵੱਧ ਹੈ। ਇਸ ਨਾਲ ਸਾਫ਼ ਹੁੰਦਾ ਹੈ ਕਿ ਕਈ ਘਰਾਂ ਵਿੱਚ ਮਹਿੰਗਾਈ, ਵਿਆਜ਼ ਦਰਾਂ ਅਤੇ ਰੋਜ਼ਾਨਾ ਖ਼ਰਚਾਂ ਦੀ ਮਾਰ ਨਾਲ ਕਰਜ਼ਾ ਸੰਭਾਲਣਾ ਦਿਨੋਂ-ਦਿਨ ਔਖਾ ਹੁੰਦਾ ਜਾ ਰਿਹਾ ਹੈ।
ਰਿਪੋਰਟ ਅਨੁਸਾਰ ਤੀਜੀ ਤਿਮਾਹੀ ਵਿੱਚ ਇੱਕ ਆਮ ਕੈਨੇਡੀਅਨ ਗਾਹਕ ਦਾ ਗੈਰ-ਮੌਰਗੇਜ ਕਰਜ਼ਾ ਔਸਤਨ $22,321 ਹੋ ਗਿਆ ਹੈ, ਜੋ ਪਿਛਲੇ ਸਾਲ ਨਾਲੋਂ $511 ਵੱਧ ਹੈ। ਇਸ ਵਿੱਚ ਕ੍ਰੈਡਿਟ ਕਾਰਡ, ਕਾਰ ਲੋਨ, ਨਿੱਜੀ ਲੋਨ ਅਤੇ ਹੋਰ ਖਪਤਕਾਰ ਕਰਜ਼ੇ ਸ਼ਾਮਲ ਹਨ, ਜੋ ਹੁਣ ਕਈ ਪਰਿਵਾਰਾਂ ਲਈ ਭਾਰੀ ਬੋਝ ਬਣਦੇ ਜਾ ਰਹੇ ਹਨ।
ਰਿਬੇਕਾ ਓਕਸ, ਜੋ ਕਿ ਈਕੁਇਫ਼ੈਕਸ ਕੈਨੇਡਾ ਦੀ ਵਾਇਸ-ਪ੍ਰੇਜ਼ੀਡੈਂਟ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਹਾਲਾਤ ਕੁਝ ਹੱਦ ਤੱਕ ਸਥਿਰ ਹੋਣ ਦੇ ਸੰਕੇਤ ਮਿਲੇ ਸਨ, ਪਰ ਤੀਜੀ ਤਿਮਾਹੀ ਦੇ ਅੰਕੜੇ ਇਹ ਦਰਸਾਉਂਦੇ ਹਨ ਕਿ ਕਰਜ਼ੇ ਦਾ ਦਬਾਅ ਮੁੜ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਖ਼ਾਸਕਰ ਨੌਜਵਾਨ ਪਰਿਵਾਰਾਂ ਅਤੇ ਸ਼ਹਿਰੀ ਇਲਾਕਿਆਂ ਵਿੱਚ ਘਰ ਮਾਲਕਾਂ ਲਈ ਜ਼ਿਆਦਾ ਚਿੰਤਾਜਨਕ ਹੈ, ਜਿੱਥੇ ਰਿਹਾਇਸ਼ੀ ਖ਼ਰਚ ਪਹਿਲਾਂ ਹੀ ਕਾਫ਼ੀ ਵੱਧ ਹੈ।
ਰਿਬੇਕਾ ਓਕਸ ਨੇ ਇਹ ਵੀ ਕਿਹਾ ਕਿ ਛੁੱਟੀਆਂ ਦੇ ਮੌਸਮ ਦੇ ਆਸ-ਪਾਸ ਕ੍ਰੈਡਿਟ ਕਾਰਡ ਖ਼ਰਚ ਵਿੱਚ ਆਮ ਤੌਰ ‘ਤੇ ਵਾਧਾ ਹੋ ਜਾਂਦਾ ਹੈ। ਇਸ ਕਰਕੇ ਆਉਣ ਵਾਲੀਆਂ ਕੁਝ ਹਫ਼ਤੇ ਬਹੁਤ ਅਹਿਮ ਹੋਣਗੇ, ਕਿਉਂਕਿ ਕਈ ਘਰ ਆਪਣੀ ਆਮਦਨ ਨਾਲ ਖ਼ਰਚਾਂ ਨੂੰ ਸੰਤੁਲਿਤ ਕਰਨ ਵਿੱਚ ਮੁਸ਼ਕਲ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਮਾਹਿਰਾਂ ਵਾਲੇ ਅੰਦਾਜ਼ ‘ਚ ਚੇਤਾਵਨੀ ਦਿੱਤੀ ਕਿ ਜੇ ਖ਼ਰਚ ‘ਤੇ ਕਾਬੂ ਨਾ ਪਾਇਆ ਗਿਆ, ਤਾਂ ਨਵੇਂ ਸਾਲ ਦੀ ਸ਼ੁਰੂਆਤ ਕਈ ਪਰਿਵਾਰਾਂ ਲਈ ਵਿੱਤੀ ਤਣਾਅ ਨਾਲ ਭਰੀ ਹੋ ਸਕਦੀ ਹੈ।
ਵਿੱਤੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਆਜ਼ ਦਰਾਂ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਆਏ ਉਤਾਰ-ਚੜ੍ਹਾਅ, ਮਹਿੰਗੇ ਹੋ ਰਹੇ ਘਰੇਲੂ ਖ਼ਰਚ ਅਤੇ ਅਨਿਸ਼ਚਿਤ ਰੋਜ਼ਗਾਰ ਹਾਲਾਤਾਂ ਨੇ ਕਰਜ਼ੇ ਦੀ ਅਦਾਇਗੀ ਨੂੰ ਹੋਰ ਔਖਾ ਬਣਾ ਦਿੱਤਾ ਹੈ। ਖ਼ਾਸ ਕਰਕੇ ਉਹ ਘਰ, ਜੋ ਪਹਿਲਾਂ ਹੀ ਕ੍ਰੈਡਿਟ ਕਾਰਡਾਂ ‘ਤੇ ਨਿਰਭਰ ਰਹਿੰਦੇ ਹਨ, ਹੁਣ ਵੱਧ ਖ਼ਤਰੇ ਵਿੱਚ ਹਨ।
ਰਿਪੋਰਟ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਵਿੱਚ ਕਰਜ਼ਾ ਲੈ ਕੇ ਖ਼ਰਚ ਕਰਨ ਦੀ ਆਦਤ ਵਧੀ ਹੈ। ਹੁਣ ਜਦੋਂ ਆਰਥਿਕ ਦਬਾਅ ਵਧਿਆ ਹੈ, ਤਾਂ ਉਸ ਦੀ ਸਿੱਧੀ ਅਸਰਦਾਰੀ ਕਰਜ਼ੇ ਦੀ ਕਿਸ਼ਤਾਂ ‘ਤੇ ਨਜ਼ਰ ਆ ਰਹੀ ਹੈ।

