ਸਰੀ (ਦਿਵਰੂਪ ਕੌਰ): ਨਵੇਂ ਪੈਟੂਲੋ ਪੁੱਲ ਨੂੰ ਹੁਣ ਅਧਿਕਾਰਕ ਤੌਰ ਤੇ ਫਸਟ ਨੇਸ਼ਨਜ਼ ਨਾਮ ਮਿਲ ਗਿਆ ਹੈ। ਕਵਾਂਟਲੇਨ ਫਸਟ ਨੇਸ਼ਨ ਤੇ ਮਸਕੀਅਮ ਇੰਡੀਅਨ ਬੈਂਡ ਨੇ ਸਾਂਝੇ ਤੌਰ ਤੇ ਇਸ ਨੂੰ ਸਟਾਲਵਾਜ਼ਮ ਬ੍ਰਿਜ ਨਾਮ ਦਿੱਤਾ ਹੈ, ਜਿਸ ਦਾ ਮਤਲਬ ਹੈ “ਉਹ ਜਗ੍ਹਾ ਜਿੱਥੋਂ ਤੁਸੀਂ ਨਦੀ ਨੂੰ ਵੇਖ ਸਕਦੇ ਹੋ”। ਅੰਗਰੇਜ਼ੀ ਵਿੱਚ ਇਸ ਨੂੰ ਰਿਵਰਵਿਊ ਕਿਹਾ ਜਾਵੇਗਾ।
ਬੀ.ਸੀ. ਸਰਕਾਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਪੁਰਾਣੇ ਪੈਟੂਲੋ ਪੁੱਲ ਦੇ ਨਾਲ-ਨਾਲ ਬਣਿਆ ਨਵਾਂ ਬ੍ਰਿਜ ਹੁਣ ਡੈੱਕ ਜੁੜਨ ਤੋਂ ਬਾਅਦ ਟ੍ਰੈਫਿਕ ਲਈ ਤਿਆਰ ਹੈ। ਅਗਲੇ ਕੁਝ ਹਫ਼ਤਿਆਂ ਵਿੱਚ ਟ੍ਰੈਫਿਕ ਨੂੰ ਪੁਰਾਣੇ ਤੋਂ ਨਵੇਂ ਪੁੱਲ ਤੇ ਸਿਫਟ ਕੀਤਾ ਜਾਵੇਗਾ। ਨਵੇਂ ਪੁਲ ਵਿੱਚ ਚਾਰ ਚੌੜੀਆਂ ਲੇਨਾਂ, ਵਿਚਕਾਰ ਮੀਡੀਅਨ ਬੈਰੀਅਰ ਹੈ ਤੇ ਪੈਦਲ-ਸਾਈਕਲ ਚੱਲਣ ਵਾਲਿਆਂ ਲਈ ਅਲੱਗ ਲਾਈਨਾਂ ਹਨ।
ਟ੍ਰਾਂਸਪੋਰਟੇਸ਼ਨ ਮੰਤਰੀ ਮਾਈਕ ਫਾਰਨਵਰਥ ਨੇ ਬਿਆਨ ਵਿੱਚ ਕਿਹਾ, “stal̕əw̓asəm ਬ੍ਰਿਜ ਸਿਰਫ਼ ਨਾਮ ਨਹੀਂ, ਇਹ ਇਸ ਜ਼ਮੀਨ ਦੀ ਇਤਿਹਾਸ ਨੂੰ ਮਾਨਤਾ ਦਿੰਦਾ ਹੈ ਤੇ ਸੰਸਕ੍ਰਿਤੀ ਤੇ ਭਾਸ਼ਾ ਨੂੰ ਸੰਭਾਲਣ ਦਾ ਪ੍ਰਤੀਕ ਹੈ। ਇਹ ਨਵਾਂ ਬ੍ਰਿਜ ਖੇਤਰ ਦੇ ਟ੍ਰਾਂਸਪੋਰਟ ਨੈੱਟਵਰਕ ਨੂੰ ਬਦਲ ਦੇਵੇਗਾ, ਲੋਕਾਂ ਤੇ ਵਪਾਰ ਨੂੰ ਸਹੂਲਤ ਦੇਵੇਗਾ ਤੇ ਬੀਸੀ ਦੀ ਅਰਥਵਿਵਸਥਾ ਨੂੰ ਪੀੜ੍ਹੀਆਂ ਤੱਕ ਮਜ਼ਬੂਤ ਕਰੇਗਾ।”
ਬੀ.ਸੀ. ਸਰਕਾਰ ਨੇ ਅਜੇ ਪੁੱਲ ਦੀ ਅਧਿਕਾਰਕ ਓਪਨਿੰਗ ਤਾਰੀਖ਼ ਦਾ ਐਲਾਨ ਨਹੀਂ ਕੀਤਾ ਪਰ ਕਿਹਾ ਹੈ ਕਿ ਜਦੋਂ ਪੁਲ ਖੁੱਲ੍ਹੇਗਾ ਤਾਂ ਨੌਰਥਬਾਊਂਡ ਟ੍ਰੈਫਿਕ ਦੀ ਇੱਕ ਲੇਨ ਨਵੇਂ ਆਫ-ਰੈਂਪ ਰਾਹੀਂ ਈਸਟ ਕੋਲੰਬੀਆ ਵੱਲ ਜਾਵੇਗੀ।
ਕਵਾਂਟਲੇਨ ਫਸਟ ਨੇਸ਼ਨ ਦੀ ਚੀਫ ਮੈਰਿਲਿਨ ਗੈਬਰੀਅਲ ਨੇ ਬਿਆਨ ਵਿੱਚ ਕਿਹਾ, “ਪਰੰਪਰਾਗਤ ਨਾਮ ਹਲਕੇ ਵਿੱਚ ਨਹੀਂ ਦਿੱਤੇ ਜਾਂਦੇ। ਇਹ ਯਾਦਾਂ ਤੇ ਜ਼ਿੰਮੇਵਾਰੀਆਂ ਲੈ ਕੇ ਆਉਂਦੇ ਹਨ। ਸਟਾਲਵਾਜ਼ਮ ਨਾਮ ਨਾਲ ਅਸੀਂ ਆਪਣੇ ਅਤੀਤ, ਵਰਤਮਾਨ ਤੇ ਭਵਿੱਖ ਨੂੰ ਸਨਮਾਨ ਦਿੰਦੇ ਹਾਂ। ਇਹ ਇਲਾਕਾ ਕਵਾਂਟਲੇਨ ਤੇ ਮਸਕੀਅਮ ਦੋਵਾਂ ਲਈ ਮਹੱਤਵਪੂਰਨ ਹੈ। ਇਹ ਨਾਮ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਸ ਖੇਤਰ ਵਿੱਚ ਸਾਂਝੀਆਂ ਕਨੈਕਸ਼ਨਾਂ ਹਨ ਤੇ ਸਾਨੂੰ ਇਸ ਦੀ ਭਲਾਈ ਤੇ ਉਦਾਰਤਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੈ ਜਿਹੜੀ ਪੀੜ੍ਹੀਆਂ ਤੋਂ ਦਿੰਦੀ ਆ ਰਹੀ ਹੈ।”
ਇਸ ਦੀ ਸ਼ੁਰੂਅਤ ਪੜਾਅ ਵਰ ਕੀਤੇ ਜਾਣ ਦੀ ਵੀ ਖਬਰ ਹੈ। ਪਹਿਲੇ ਪੜਾਅ ਵਿੱਚ ਨੌਰਥਬਾਊਂਡ ਟ੍ਰੈਫਿਕ ਦੀ ਇੱਕ ਲੇਨ ਨਵੇਂ ਆਫ-ਰੈਂਪ ਰਾਹੀਂ ਈਸਟ ਕੋਲੰਬੀਆ ਵੱਲ ਜਾਵੇਗੀ।
ਜ਼ਿਕਰਯੋਗ ਹੈ ਕਿ ਪੁਰਾਣਾ ਪੈਟੂਲੋ ਬ੍ਰਿਜ 1937 ਵਿੱਚ ਬਣਿਆ ਸੀ ਤੇ ਉਸ ਨੂੰ ਤੋੜਨ ਦੀ ਯੋਜਨਾ ਵੀ ਬਣਾਈ ਗਈ ਹੈ। This report was written by Divroop Kaur as part of the Local Journalism Initiative.

