Sunday, May 10, 2026

ਸਵਿਟਜ਼ਰਲੈਂਡ ਦੇ ਲਗਜ਼ਰੀ ਰਿਜ਼ੌਰਟ ’ਚ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਭਿਆਨਕ ਧਮਾਕਾ: 40 ਮੌਤਾਂ, 100 ਤੋਂ ਵੱਧ ਜ਼ਖ਼ਮੀ

ਐਬਟਸਫੋਰਡ, (ਬਰਾੜ ਭਗਤਾ ਭਾਈਕਾ): ਸਵਿਟਜ਼ਰਲੈਂਡ ਦੇ ਖ਼ੂਬਸੂਰਤ ਪਹਾੜਾਂ ਵਿੱਚ ਸਥਿਤ ਦੁਨੀਆ ਦੇ ਪ੍ਰਸਿੱਧ ਸੈਲਾਨੀ ਕੇਂਦਰ ਕਰਾਂਸ ਮੋਂਟਾਨਾ (Crans-Montana) ਤੋਂ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਬੇਹੱਦ ਦਿਲ ਕੰਬਾਊ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਪੂਰੀ ਦੁਨੀਆ ਨਵੇਂ ਸਾਲ 2026 ਦਾ ਸਵਾਗਤ ਖ਼ੁਸ਼ੀਆਂ ਨਾਲ ਕਰ ਰਹੀ ਸੀ, ਉੱਥੇ ਹੀ ਇਸ ਲਗਜ਼ਰੀ ‘ਅਲਪਾਈਨ ਸਕੀ ਰਿਜ਼ੌਰਟ’ ਵਿੱਚ ਜਸ਼ਨਾਂ ਦਾ ਮਾਹੌਲ ਉਸ ਸਮੇਂ ਮਾਤਮ ਵਿੱਚ ਬਦਲ ਗਿਆ ਜਦੋਂ ਇੱਕ ਭਿਆਨਕ ਵਿਸਫੋਟ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ। ਬ੍ਰਿਟਿਸ਼ ਨਿਊਜ਼ ਮੀਡੀਆ ‘ਦਿ ਮਿਰਰ’ ਅਤੇ ਸਥਾਨਕ ਸਵਿਸ ਮੀਡੀਆ ਅਨੁਸਾਰ ਇਸ ਭਿਆਨਕ ਹਾਦਸੇ ਵਿੱਚ ਹੁਣ ਤੱਕ 40 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 100 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਇਸ ਹਾਦਸੇ ਨੇ ਨਾ ਸਿਰਫ਼ ਸਵਿਟਜ਼ਰਲੈਂਡ ਸਗੋਂ ਪੂਰੀ ਦੁਨੀਆ ਨੂੰ ਸਦਮੇ ਵਿੱਚ ਪਾ ਦਿੱਤਾ ਹੈ ਕਿਉਂਕਿ ਮਰਨ ਵਾਲਿਆਂ ਵਿੱਚ ਕਈ ਦੇਸ਼ਾਂ ਦੇ ਸੈਲਾਨੀ ਸ਼ਾਮਲ ਹੋਣ ਦੀ ਖ਼ਬਰ ਹੈ।
ਸਵਿਟਜ਼ਰਲੈਂਡ ਦੀ ਪੁਲਿਸ ਨੇ ਵੀਰਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 10 ਵਜੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਭਿਆਨਕ ਵਿਸਫੋਟ ਰਿਜ਼ੌਰਟ ਦੇ ਪ੍ਰਸਿੱਧ ‘ਕੋਨਸਟੇਲੇਸ਼ਨ ਬਾਰ’ (Constellation Bar) ਵਿੱਚ ਰਾਤ ਲਗਭਗ 1:30 ਵਜੇ ਹੋਇਆ। ਉਸ ਸਮੇਂ ਬਾਰ ਸੈਲਾਨੀਆਂ ਨਾਲ ਨੱਕੋ-ਨੱਕ ਭਰਿਆ ਹੋਇਆ ਸੀ ਅਤੇ ਲੋਕ ਸੰਗੀਤ ਦੀਆਂ ਧੁਨਾਂ ‘ਤੇ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ। ਹਾਲਾਂਕਿ ਪੁਲਿਸ ਨੇ ਅਧਿਕਾਰਤ ਤੌਰ ‘ਤੇ ਮਰਨ ਵਾਲਿਆਂ ਦੀ ਗਿਣਤੀ ਬਾਰੇ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਕੀਤਾ ਹੈ, ਪਰ ਉਨ੍ਹਾਂ ਮੰਨਿਆ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਈ ਦਰਜਨ ਲੋਕਾਂ ਦੀ ਮੌਤ ਹੋਣ ਦੀ ਪੂਰੀ ਆਸ਼ੰਕਾ ਹੈ। ਮਰਨ ਵਾਲਿਆਂ ਵਿੱਚ ਸਥਾਨਕ ਨਾਗਰਿਕਾਂ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਦੇ ਸੈਲਾਨੀ ਵੀ ਸ਼ਾਮਲ ਹਨ, ਜੋ ਵਿਸ਼ੇਸ਼ ਤੌਰ ‘ਤੇ ਛੁੱਟੀਆਂ ਮਨਾਉਣ ਲਈ ਇੱਥੇ ਪਹੁੰਚੇ ਹੋਏ ਸਨ।
ਹਾਦਸੇ ਤੋਂ ਤੁਰੰਤ ਬਾਅਦ ਕਰਾਂਸ ਮੋਂਟਾਨਾ ਸ਼ਹਿਰ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ ਅਤੇ ਪੂਰੇ ਇਲਾਕੇ ਨੂੰ ‘ਨੋ-ਫਲਾਈ ਜ਼ੋਨ’ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਬਚਾਅ ਕਾਰਜਾਂ ਵਿੱਚ ਕੋਈ ਰੁਕਾਵਟ ਨਾ ਆਵੇ। ਪੁਲਿਸ ਅਤੇ ਐਮਰਜੈਂਸੀ ਟੀਮਾਂ ਤੇਜ਼ੀ ਨਾਲ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰੀ ਸੂਤਰਾਂ ਅਨੁਸਾਰ ਹਸਪਤਾਲਾਂ ਦੇ ਬਰਨ ਯੂਨਿਟ (ਸੜੇ ਹੋਏ ਮਰੀਜ਼ਾਂ ਦੇ ਵਾਰਡ) ਪੂਰੀ ਤਰ੍ਹਾਂ ਭਰ ਗਏ ਹਨ ਕਿਉਂਕਿ ਧਮਾਕੇ ਤੋਂ ਬਾਅਦ ਲੱਗੀ ਅੱਗ ਕਾਰਨ ਜ਼ਿਆਦਾਤਰ ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਕਈ ਜ਼ਖ਼ਮੀਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਸਵਿਸ ਨਿਊਜ਼ ਆਊਟਲੈੱਟ ‘ਬਲਿਕ’ ਦੀ ਮੁੱਢਲੀ ਰਿਪੋਰਟ ਅਨੁਸਾਰ, ਇਹ ਧਮਾਕਾ ਅਤੇ ਉਸ ਤੋਂ ਬਾਅਦ ਲੱਗੀ ਅੱਗ ਸ਼ਾਇਦ ਬਾਰ ਵਿੱਚ ਚੱਲ ਰਹੇ ਇੱਕ ਕੰਸਰਟ ਦੌਰਾਨ ਕੀਤੀ ਗਈ ਆਤਿਸ਼ਬਾਜ਼ੀ (pyrotechnics) ਕਾਰਨ ਹੋਈ ਹੋ ਸਕਦੀ ਹੈ। ਚਸ਼ਮਦੀਦਾਂ ਅਨੁਸਾਰ ਜਸ਼ਨ ਦੌਰਾਨ ਚਲਾਈਆਂ ਗਈਆਂ ਫੁਲਝੜੀਆਂ ਜਾਂ ਆਤਿਸ਼ਬਾਜ਼ੀ ਦੀ ਚੰਗਿਆੜੀ ਨੇ ਬਾਰ ਦੇ ਅੰਦਰੂਨੀ ਸਜਾਵਟ ਵਾਲੇ ਸਮਾਨ ਨੂੰ ਅੱਗ ਫੜਾ ਦਿੱਤੀ, ਜਿਸ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ, ਪੁਲਿਸ ਅਤੇ ਐਂਬੂਲੈਂਸ ਦੀਆਂ ਦਰਜਨਾਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਧਮਾਕੇ ਵਾਲੀ ਜਗ੍ਹਾ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤਾਂ ਜੋ ਫੋਰੈਂਸਿਕ ਟੀਮਾਂ ਸਬੂਤ ਇਕੱਠੇ ਕਰ ਸਕਣ। ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਅਫਰਾ-ਤਫਰੀ ਮਚ ਗਈ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਬਚਾਅ ਕਾਰਜਾਂ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਰ 10 ਮਿੰਟ ਵਿੱਚ ਇੱਕ ਰੈਸਕਿਊ ਹੈਲੀਕਾਪਟਰ ਉੱਡਦਾ ਨਜ਼ਰ ਆ ਰਿਹਾ ਸੀ। ਸਵਿਸ ਮੀਡੀਆ ਮੁਤਾਬਕ ਦੇਸ਼ ਦੇ ਸਾਰੇ ਉਪਲਬਧ ਰੈਸਕਿਊ ਹੈਲੀਕਾਪਟਰਾਂ ਨੂੰ ਇਸ ਮਦਦ ਕਾਰਜ ਵਿੱਚ ਲਗਾਇਆ ਗਿਆ ਹੈ। ਗੁਆਂਢੀ ਦੇਸ਼ ਇਟਲੀ ਨੇ ਵੀ ਮਨੁੱਖੀ ਮਦਦ ਵਜੋਂ ਇੱਕ ਵਿਸ਼ੇਸ਼ ਹੈਲੀਕਾਪਟਰ ਭੇਜਿਆ ਹੈ ਤਾਂ ਜੋ ਜ਼ਖ਼ਮੀਆਂ ਨੂੰ ਤੇਜ਼ੀ ਨਾਲ ਵੱਡੇ ਮੈਡੀਕਲ ਸੈਂਟਰਾਂ ਤੱਕ ਪਹੁੰਚਾਇਆ ਜਾ ਸਕੇ।

Popular