ਸਕੀਨਾ ਦਰਿਆ ਦਾ ਪੱਧਰ 3 ਮੀਟਰ ਵਧਿਆ, ਫੈਰੀ ਸੇਵਾਵਾਂ ਬਸੰਤ ਰੁੱਤ ਤੱਕ ਹੋ ਸਕਦੀਆਂ ਹਨ ਠੱਪ
ਸਰੀ, (ਦਿਵਰੂਪ ਕੌਰ): ਘਟਨਾ ਟੈਰੇਸ ਸ਼ਹਿਰ ਤੋਂ ਲਗਭਗ 16 ਕਿਲੋਮੀਟਰ ਪੂਰਬ ਵੱਲ ਸਥਿਤ ਊਸਕ (Usk) ਨਾਮਕ ਇੱਕ ਛੋਟੇ ਜਿਹੇ ਭਾਈਚਾਰੇ ਲਈ ਵੱਡੀ ਮੁਸੀਬਤ ਬਣ ਗਈ ਹੈ। ਇਹ ਫੈਰੀ ਸਕੀਨਾ ਦਰਿਆ ਦੇ ਉੱਤਰੀ ਕੰਢੇ ‘ਤੇ ਵਸੇ ਲੋਕਾਂ ਨੂੰ ਦੱਖਣੀ ਕੰਢੇ ‘ਤੇ ਸਥਿਤ ਹਾਈਵੇਅ 16 ਨਾਲ ਜੋੜਨ ਦਾ ਮੁੱਖ ਸਾਧਨ ਹੈ। ਇਲਾਕੇ ਵਿੱਚ ਪੈ ਰਹੀ ਅਤਿ ਦੀ ਠੰਢ ਕਾਰਨ ਦਰਿਆ ਵਿੱਚ ਬਰਫ਼ ਜੰਮਣੀ ਸ਼ੁਰੂ ਹੋ ਗਈ। ਬਰਫ਼ ਦੇ ਵੱਡੇ ਤੋਦੇ ਪਾਣੀ ਦੇ ਵਹਾਅ ਨਾਲ ਹੇਠਾਂ ਵੱਲ ਆਏ, ਜਿਸ ਕਾਰਨ ਫੈਰੀ ਦਾ ਉੱਤਰੀ ਰੈਂਪ ਆਪਣੀ ਥਾਂ ਤੋਂ ਹਿੱਲ ਗਿਆ। ਸੂਬਾਈ ਆਵਾਜਾਈ ਅਤੇ ਟ੍ਰਾਂਜ਼ਿਟ ਮੰਤਰਾਲੇ ਅਨੁਸਾਰ, ਸਥਿਤੀ ਉਸ ਵੇਲੇ ਹੋਰ ਵਿਗੜ ਗਈ ਜਦੋਂ ਤਿੰਨ ਦਿਨਾਂ ਬਾਅਦ, 27 ਦਸੰਬਰ ਨੂੰ ਇੱਕ ਅਹਿਮ ਕਨੈਕਟਰ ਟੁੱਟ ਗਿਆ।
ਇਸ ਨਾਜ਼ੁਕ ਮੌਕੇ ‘ਤੇ ਮੰਤਰਾਲੇ ਦੇ ਰੱਖ-ਰਖਾਅ ਠੇਕੇਦਾਰ, ‘ਐਮਿਲ ਐਂਡਰਸਨ ਮੇਨਟੇਨੈਂਸ’ ਦੀਆਂ ਟੀਮਾਂ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਫੈਰੀ ਨੂੰ ਦਰਿਆ ਵਿੱਚ ਰੁੜ੍ਹਨ ਤੋਂ ਬਚਾਇਆ। ਉਨ੍ਹਾਂ ਨੇ ਭਾਰੀ ਮਸ਼ੀਨਰੀ ਅਤੇ ਰੱਸਿਆਂ ਦੀ ਮਦਦ ਨਾਲ ਫੈਰੀ ਨੂੰ ਸੁਰੱਖਿਅਤ ਕੀਤਾ ਅਤੇ ਰੈਂਪ ਨੂੰ ਕੰਢੇ ਵੱਲ ਖਿੱਚਿਆ। ਮੌਕੇ ਤੋਂ ਪ੍ਰਾਪਤ ਹੋਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਰਮਚਾਰੀ ਬਰਫ਼ੀਲੇ ਪਾਣੀ ਅਤੇ ਠੰਢੇ ਮੌਸਮ ਵਿੱਚ ਫੈਰੀ ਨੂੰ ਕਾਬੂ ਕਰਨ ਲਈ ਭਾਰੀ ਜੱਦੋ-ਜਹਿਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਊਸਕ ਫੈਰੀ ਇੱਕ ‘ਰੀਐਕਸ਼ਨ ਫੈਰੀ’ ਹੈ, ਜਿਸ ਦਾ ਮਤਲਬ ਹੈ ਕਿ ਇਸ ਵਿੱਚ ਕੋਈ ਇੰਜਣ ਨਹੀਂ ਹੁੰਦਾ, ਸਗੋਂ ਇਹ ਦਰਿਆ ਦੇ ਪਾਣੀ ਦੇ ਵਹਾਅ ਦੀ ਤਾਕਤ ਨਾਲ ਹੀ ਇੱਕ ਕੰਢੇ ਤੋਂ ਦੂਜੇ ਕੰਢੇ ਤੱਕ ਜਾਂਦੀ ਹੈ। ਇਹ ਇੱਕ ਕੇਬਲ ਨਾਲ ਬੱਝੀ ਹੁੰਦੀ ਹੈ ਜੋ ਇਸਨੂੰ ਰਸਤਾ ਦਿਖਾਉਂਦੀ ਹੈ।
ਐਮਿਲ ਐਂਡਰਸਨ ਮੇਨਟੇਨੈਂਸ ਵੱਲੋਂ 29 ਦਸੰਬਰ ਨੂੰ ਇਲਾਕਾ ਨਿਵਾਸੀਆਂ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਘਟਨਾ ਦੇ ਤਕਨੀਕੀ ਕਾਰਨਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ। ਈਮੇਲ ਮੁਤਾਬਕ, ਦਰਿਆ ਦੇ ਹੇਠਲੇ ਪਾਸੇ ‘ਕਿਟਸਲਾਸ ਕੈਨਿਯਨ’ (Kitselas Canyon) ਵਿਖੇ ਬਰਫ਼ ਦਾ ਜਾਮ ਲੱਗ ਗਿਆ ਸੀ, ਜਿਸ ਕਾਰਨ ਸਿਰਫ਼ ਇੱਕ ਦਿਨ ਵਿੱਚ ਹੀ ਦਰਿਆ ਦੇ ਪਾਣੀ ਦਾ ਪੱਧਰ ਲਗਭਗ ਤਿੰਨ ਮੀਟਰ ਤੱਕ ਵਧ ਗਿਆ। ਪਾਣੀ ਅਤੇ ਬਰਫ਼ ਦੇ ਇਸ ਅਚਾਨਕ ਵਾਧੇ ਨੇ ਦੋਵਾਂ ਪਾਸਿਆਂ ਦੇ ਡੌਕਸ (ਘਾਟ) ਅਤੇ ਫੈਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਦਬਾਅ ਫੈਰੀ ਦੀ ਬਰਦਾਸ਼ਤ ਕਰਨ ਦੀ ਸਮਰੱਥਾ ਤੋਂ ਕਿਤੇ ਵੱਧ ਸੀ। ਕੰਪਨੀ ਨੇ ਭਰੋਸਾ ਦਿਵਾਇਆ ਹੈ ਕਿ ਉਹ ਫੈਰੀ ਨੂੰ ਜਲਦੀ ਤੋਂ ਜਲਦੀ ਅਤੇ ਸੁਰੱਖਿਅਤ ਢੰਗ ਨਾਲ ਦਰਿਆ ਵਿੱਚੋਂ ਕੱਢਣ ਲਈ ਵਚਨਬੱਧ ਹੈ, ਹਾਲਾਂਕਿ ਦਰਿਆ ਵਿੱਚ ਮੌਜੂਦ ਬਰਫ਼ ਕਾਰਨ ਕੰਮ ਦੀ ਰਫ਼ਤਾਰ ਧੀਮੀ ਹੈ। This report was written by Divroop Kaur as part of the Local Journalism Initiative.

