Saturday, May 9, 2026

ਮਾਂ

ਲੇਖਕ : ਹਰਪ੍ਰੀਤ ਸਿੰਘ ਜਵੰਦਾ
ਅਸੀ ਕੁੜੀਆਂ…ਸਾਰੀ ਦਿਹਾੜੀ ਕੰਧਾਂਕੋਠੇ ਟੱਪਦਿਆਂ ਹੀ ਲੰਘ ਜਾਇਆ ਕਰਦੀ…ਸਾਉਣ-ਭਾਦਰੋਂ…ਲੰਮੀਆਂ ਸਿਖਰ ਦੁਪਹਿਰਾਂ…ਕਦੇ ਲੁਕਣ-ਮੀਚੀ ਤੇ ਕਦੀ ਗੁੱਡੀਆਂ-ਪਟੋਲੇ…ਘਰੇ ਸਿਰਫ ਖਾਣ-ਪੀਣ ਨੂੰ ਹੀ ਆਉਂਦੀਆਂ! ਮਾਂ ਨੇ ਚੋਪੜੇ ਹੋਏ ਫੁਲਕੇ ਪੋਣੇ ਵਿਚ ਲਪੇਟ ਕੇ ਰੱਖੇ ਹੁੰਦੇ…! ਆਪ ਹਰ ਵੇਲੇ ਮਿੱਟੀ ਨਾਲ ਮਿੱਟੀ ਹੋਈ ਕਦੇ ਵੇਹੜੇ ਵਿਚ ਗੋਹਾ…ਕਦੀ ਚੁੱਲ੍ਹਾ ਲਿੱਪ ਰਹੀ ਹੁੰਦੀ…ਤੇ ਕਦੀ ਪਾਥੀਆਂ ਪੱਥਣ ਬਾਹਰ ਗਈ ਹੁੰਦੀ…!
ਅਸੀਂ ਖਾਣੇ ਵਿਚ ਕਿੰਨੇ ਨੁਕਸ ਕੱਢ ਦਿੰਦੇ…ਲੂਣ ਮਿਰਚ ਜਿਆਦਾ…ਰੋਟੀ ਦੇ ਕੰਢੇ ਕੱਚੇ…ਖਾਣ ਨੂੰ ਮਿੱਠਾ ਹੈਨੀ…ਉਹ ਆਖਦੀ ‘ਪਹਿਲਾਂ ਰੋਟੀ ਖਾਓ ਖੀਰ ਫੇਰ ਮਿਲੂ’…ਕਿਧਰੇ ਲੂਕਾ ਕੇ ਰੱਖੀ ਹੁੰਦੀ…! ਚੋਵੀ ਘੰਟੇ ਬਸ ਮਸ਼ੀਨ ਬਣ ਤੁਰਿਆ ਫਿਰਦਾ ਇੱਕ ਵਜੂਦ…! ਸੌਂਦੀ ਕਦੋਂ…ਪਤਾ ਹੀ ਨਹੀਂ ਸੀ…ਹਮੇਸ਼ਾਂ ਸਾਡੇ ਮਗਰੋਂ ਲੰਮੇ ਪੈਂਦੀ ਤੇ ਸਾਥੋਂ ਪਹਿਲਾਂ ਹੀ ਉੱਠ ਜਾਇਆ ਕਰਦੀ…! ਉਸ ਨੂੰ ਖਰਚੇ ਚਲਾਉਣ ਲਈ ਬੱਝੇ ਰੁਪਈਏ ਹੀ ਮਿਲਿਆ ਕਰਦੇ…! ਵਿਚੋਂ ਕੁਝ ਬਚਾ ਲਿਆ ਕਰਦੀ…ਕਦੀ ਮੇਰੇ ਸੂਟ ਤੇ ਕਦੀ ਵੀਰ ਦੀ ਕਮੀਜ ਲਿਆ ਦਿੰਦੀ…ਆਪ ਵਿਆਹਾਂ-ਸ਼ਾਦੀਆਂ ਵੇਲੇ ਬੱਸ ਕਦੀ ਕਦੀ ਹੀ ਨਵਾਂ ਸੂਟ ਸਵਾਇਆ ਕਰਦੀ…! ਕਈ ਵਾਰ ਮਾਂ-ਬਾਪੂ ਆਪੋ ਵਿਚ ਲੜ ਪਿਆ ਕਰਦੇ…ਅਸੀਂ ਵਿਚ ਨਾ ਪਿਆ ਕਰਦੇ…ਸਾਨੂੰ ਤਾਂ ਸਿਰਫ ਖਾਣ-ਪੀਣ ਖਰਚਣਪਾਉਣ ਅਤੇ ਲੀੜੇ-ਕੱਪੜੇ ਨਾਲ ਮਤਲਬ ਸੀ! ਦਿਨ ਢਲੇ ਜਦੋਂ ਪਰਤਦੇ ਤਾਂ ਉਹ ਨੁੱਕਰੇ ਬੈਠੀ ਵਰਕੇ ‘ਤੇ ਕੁਝ ਲਿਖ ਰਹੀ ਹੁੰਦੀ…ਸਾਨੂੰ ਵੇਖ ਲੁਕਾ ਲਿਆ ਕਰਦੀ ਪਰ ਸਾਨੂੰ ਪਤਾ ਲੱਗ ਜਾਂਦਾ ਕੇ ਉਹ ਕੀ ਤੇ ਕਿਸਨੂੰ ਲਿਖ ਰਹੀ ਏ…ਵੱਡੇ ਮਾਮੇ ਨੂੰ ਤੇ ਜਾਂ ਫੇਰ ਨਾਨੇ ਨੂੰ…ਉਲ੍ਹਾਮੇਂ ਵਾਲਾ ਖਤ! ਅਗਲੀ ਸਵੇਰ ਗੁੱਸਾ ਠੰਡਾ ਹੁੰਦਾ ਤਾਂ ਉਹ ਰਾਤੀਂ ਲਿਖਿਆ ਰੁੱਕਾ ਪਾੜ ਦਿਆ ਕਰਦੀ…! ਨਾਨੀ ਨਿੱਕੇ ਹੁੰਦਿਆਂ ਹੀ ਪੂਰੀ ਹੋ ਗਈ ਸੀ ਤੇ ਨਾਨਾ ਜੀ ਪਹਿਲੋਂ ਪੱਕਾ ਅਕਾਲੀ ਮਗਰੋਂ ਮੰਜੀ ਸਾਬ ਸੰਤਾਂ ਦੇ ਭਾਸ਼ਣ ਸੁਣਨ ਜਾਇਆ ਕਰਦਾ ਪੱਕਾ ਸੇਵਕ ਬਣ ਗਿਆ…!
ਅੰਮ੍ਰਿਤਸਰੋਂ ਮੁੜਿਆ ਜਦੋਂ ਵੀ ਸਾਡੇ ਪਿੰਡ ਦੀ ਜੂਹ ਵਿਚ ਦਾਖਿਲ ਹੁੰਦਾ ਤਾਂ ਹਲਚਲ ਮੱਚ ਜਾਂਦੀ…ਅਸੀਂ ਸਾਰੀਆਂ ਜਿਥੇ ਵੀ ਖੇਡ ਰਹੀਆਂ ਹੁੰਦੀਆਂ ਨਾਨੇ ਵੱਲ ਨੂੰ ਨੱਸ ਤੁਰਦੀਆਂ…!
ਉਸਦੇ ਸਾਈਕਲ ਦੇ ਹੈਂਡਲ ਨਾਲ ਹਮੇਸ਼ਾਂ ਹੀ ਕੁਝ ਨਾ ਕੁਝ ਟੰਗਿਆ ਹੁੰਦਾ…ਕਦੀ ਗੁੜ…ਕਦੀ ਤਿੱਲਾਂ ਵਾਲੇ ਲੱਡੂ…ਕਦੀ ਵੇਸਣ…ਕਦੀ ਟਿੱਕੀ ਵਾਲਾ ਗੁੜ…ਤੇ ਕਦੀ ਅਲਸੀ ਦੀਆਂ ਢੇਰ ਸਾਰੀਆਂ ਪਿੰਨੀਆਂ…! ਉਹ ਸਾਈਕਲ ਤੋਂ ਇੱਕ ਪੈਰ ਥੱਲੇ ਲਾ ਕੇ ਸੰਤਾਂ ਦੀਆਂ ਆਖੀਆਂ ਦੱਸ ਰਿਹਾ ਹੁੰਦਾ ਤਾਂ ਅਸੀ ਹੌਲੀ ਜਿਹੀ ਅੱਗੇ ਟੰਗੇ ਝੋਲੇ ਵਿਚੋਂ ਕਿੰਨਾ ਕੁਝ ਕੱਢ ਦੂਰ ਦੌੜ ਜਾਂਦੀਆਂ…ਉਹ ਕੁਝ ਨਾ ਆਖਦਾ! ਫੇਰ ਇੱਕ ਦਿਨ ਨਾਨਾ ਜੀ ਮੁੱਕ ਗਿਆ…ਤੇ ਨਾਲ ਹੀ ਮੁੱਕ ਗਈ ਮਾਂ ਦੇ ਚੇਹਰੇ ਦੀ ਰਹਿੰਦੀ ਖੂੰਹਦੀ ਰੌਣਕ ਵੀ…! ਹੁਣ ਉਹ ਅਕਸਰ ਹੀ ਚੁੱਪ ਰਿਹਾ ਕਰਦੀ…ਕਦੇ ਕਦਾਈਂ ਸਪੀਕਰ ਤੇ ਬਿੰਦਰਖੀਏ ਦਾ ਇਹ ਗੀਤ ‘ਮਾਂ ਮੈਂ ਨੀ ਹੁਣ ਪੇਕੇ ਆਉਣਾ…ਪੇਕੇ ਹੁੰਦੇ ਮਾਵਾਂ ਨਾਲ’…ਸੁਣਦੀ ਤਾਂ ਅੱਖਾਂ ਪੂੰਝਦੀ ਅੰਦਰ ਵੜ ਜਾਇਆ ਕਰਦੀ! ਫੇਰ ਇੱਕ ਦਿਨ ਝੋਨਾ ਝੰਬਦੇ ਡੈਡੀ ਨੂੰ ਪੁਲਸ ਚੁੱਕ ਕੇ ਲੈ ਗਈ…! ਅਖ਼ੇ ਵੀਰ ਤੁਹਾਥੋਂ ਰੋਟੀ ਖਾ ਕੇ ਜਾਂਦੇ ਨੇ…ਅਸੀਂ ਦੋਹਾਂ ਮਾਵਾਂ-ਧੀਆਂ ਨੇ ਚੱਪਾ-ਚੱਪਾ ਛਾਣ ਮਾਰਿਆ…ਪਰ ਉਹ ਨਾ ਲੱਭਿਆ…ਉਸਦੀ ਯਾਦ ਅਜੇ ਵੀ ਸੂਲ ਬਣ ਚੁੱਭਦੀ ਹੀ ਰਹਿੰਦੀ ਏ…! ਅੱਜ ਵਿਆਹ ਤੋਂ ਕਿੰਨੇ ਵਰ੍ਹਿਆਂ ਬਾਅਦ ਜਦੋਂ ਤੁਰ ਗਈ ਆਪਣੀ ਮਾਂ ਨੂੰ ਯਾਦ ਕਰਦੀ ਹਾਂ ਤਾਂ ਉਹ ਇੰਝ ਆਖਦੀ ਮਹਿਸੂਸ ਹੁੰਦੀ ਕਿ ਧੀਏ ਆਪੋ ਵਿਚ ਕੋਈ ਗੱਲ ਹੋ ਜਾਵੇ ਤਾਂ ਰੁੱਕੇ ‘ਤੇ ਲਿਖ ਲਿਆ ਕਰ…!
ਤਦੇ ਹੀ ਸ਼ਾਇਦ ਸੱਤ ਸਮੁੰਦਰ ਪਾਰ ਬੈਠੀ ਨੂੰ ਅੱਜ ਵੀ ਜਦੋਂ ਕੋਈ ਮਾੜਾ ਮੋਟਾ ਸੇਕ ਜਿਹਾ ਲੱਗਦਾ ਏ ਤਾਂ ਸੈੱਲ ਫੋਨ ਤੇ ਵੀਰ ਦਾ ਨੰਬਰ ਦੱਬ ਕਿੰਨਾਂ ਚਿਰ ਹਰੇ ਬਟਨ ਵੱਲ ਤੱਕਦੀ ਰਹਿੰਦੀ ਹਾਂ…ਸੋਚਦੀ ਹਾਂ ਜੇ ਮਾਂ ਵਾਂਙ ਕੋਈ ‘ਰੁੱਕਾ’ ਲਿਖ ਕੇ ਰਖਿਆ ਹੁੰਦਾ ਤਾਂ ਅਗਲੇ ਦਿਨ ਪਾੜ ਵੀ ਦਿਆ ਕਰਦੀ…ਪਰ ਇਸ ਚੰਦਰੇ ਨੇ ਤਾਂ ਅਗਲੇ ਦੇ ਸਿਧੀ ਜਾ ਤਾਰ ਹੀ ਖੜਕਾ ਦੇਣੀ ਏ…ਉਸ ਦੀ ਵੀ ਤਾਂ ਹੁਣ ਆਪਣੀ ਜਿੰਦਗੀ ਤੇ ਆਪਣੇ ਮਸਲੇ ਨੇ…! ਅੱਜ ਵੀ ਜਦੋਂ ਕਦੇ ਬਿੰਦਰਖੀਏ ਦਾ ‘ਪੇਕੇ ਹੁੰਦੇ ਮਾਵਾਂ ਨਾਲ’ ਵਾਲਾ ਓਹੀ ਗੀਤ ਕੰਨੀ ਪੈ ਜਾਵੇ ਤਾਂ ਪਿੰਡ ਸੁੰਞੇ ਹੋ ਗਏ ਵੇਹੜੇ ਨੂੰ ਚੇਤੇ ਕਰ ਕਾਲਜੇ ਦਾ ਰੁਗ ਜਿਹਾ ਭਰਿਆ ਜਾਂਦਾ ਏ…ਫੇਰ ਪਿੰਡ ਵੱਸਦਾ ਸਾਡਾ ਗਵਾਂਢ ਦੱਸਦਾ ਏ ਕੇ ਉਸ ਸੁੰਞੇ ਹੋ ਗਏ ਵੇਹੜੇ ਵਿਚ ਲੱਕ ਲੱਕ ਉਚੇ ਉੱਗ ਖਲੋਤੇ ਸਰਕੰਡ੍ਹੇ ਵਿਚੋਂ ਅੱਜਕੱਲ ਸੱਪ ਬਹੁਤ ਨਿੱਕਲਦੇ ਨੇ…!
ਮੰਜੀ ਸਾਬ ਸਟੇਜ ਤੋਂ ਵੀ ਅੱਜਕਲ ਜਿਆਦਾਤਰ ਸੱਪ ਹੀ ਭਾਸ਼ਣ ਦਿਆ ਕਰਦੇ…ਤਿੰਨ ਦਹਾਕਿਆਂ ਤੋਂ ਕੌਮ ਨੂੰ ਲਗਾਤਾਰ ਡੰਗਦੇ ਆ ਰਹੇ ਬੁੱਕਲ ਦੇ ਨੀਲੇ ਪੀਲੇ ਚਿੱਟੇ ਸੱਪ!

Popular