ਲੇਖਕ : ਬਰਾੜ ਭਗਤਾ ਭਾਈ ਕਾ
ਸੰਪਰਕ : (604) 751-1113
ਜਿਉਂ ਹੀ ਬਾਬਾ ਬੋਹੜ ਸਿਉਂ ਸੱਥ ‘ਚ ਆ ਕੇ ਥੜ੍ਹੇ ‘ਤੇ ਬੈਠਣ ਲੱਗਿਆ ਤਾਂ ਸੱਥ ਵਾਲੇ ਥੜ੍ਹੇ ਦੇ ਇੱਕ ਪਾਸੇ ਖੂੰਜੇ ‘ਤੇ ਇਕੱਲਾ ਈ ਬੈਠਾ ਸੰਤੋਖੇ ਮੱਘੀ ਕਾ ਪ੍ਰੀਤਾ ਬਾਬੇ ਨੂੰ ਕਹਿੰਦਾ, “ਉਰ੍ਹੇ ਆ ਜਾ ਬਾਬਾ ਐਥੇ ਬਹਿ ਜਾ ਸਾਡੇ ਕੋਲੇ ਆ ਕੇ। ਜਿੱਥੇ ਤੂੰ ਬੈਠਣ ਨੂੰ ਤਕਾਉਣੈ ਏਥੇ ਤਾਂ ਤਾਸ਼ ਆਲਿਆਂ ਨੇ ਤਾਸ਼ ਖੇਡਣੀ ਐਂ, ਆ ਜਾ ਉਰ੍ਹੇ, ਕੋਈ ਆਂਢ ਗੁਆਂਢ ਦੀ ਸਣਾ।”
ਬਾਬਾ ਬੋਹੜ ਸਿਉਂ ਪ੍ਰੀਤੇ ਵੱਲ ਵੇਖ ਕੇ ਬੋਲਿਆ, “ਓਏ ਤੂੰ ਕਿਮੇਂ ਅੱਜ ‘ਕੱਲਾ ਈ ਇਉਂ ਅੱਡ ਜੇ ਹੋਇਆ ਬੈਠੈਂ ਜਿਮੇਂ ਆਲੂਆਂ ਨਾਲ ਭਰੀ ਪੈਂਚਰ ਆਲੀ ਟਰੈਲੀ ਕੋਲੇ ਭਈਆ ਬਠਾਇਆ ਹੁੰਦਾ?”
ਸੀਤਾ ਮਰਾਸੀ ਕਹਿੰਦਾ, “ਆਲੂਆਂ ਨੂੰ ਤਾਂ ਬਾਬਾ ਗਧੇ ਮਨ੍ਹੀ ਸਿਆਣਦੇ, ਭਈਏ ਨੂੰ ਕਾਹਤੋਂ ਰਾਖੀ ਬਹਾ ‘ਤਾ ਸੀ?”
ਮਰਾਸੀ ਦੀ ਗੱਲ ਸੁਣ ਕੇ ਪ੍ਰੀਤਾ ਮਰਾਸੀ ਨੂੰ ਕਹਿੰਦਾ, “ਤੂੰ ਵੀ ਆ ਜਾ ਮੇਰੇ ਕੋਲੇ। ਆ ਜਾ ਬਾਬਾ ਆ ਜਾ ਉਰ੍ਹੇ।”
ਪ੍ਰੀਤੇ ਨੂੰ ਬੋਲਦਾ ਸੁਣ ਕੇ ਨਾਥਾ ਅਮਲੀ ਕੋਇਆਂ ਵਿਚਦੀ ਝਾਕ ਕੇ ਪ੍ਰੀਤੇ ਨੂੰ ਕਹਿੰਦਾ, “ਤੇਰੇ ਕੋਲੇ ਕੀ ਪਤੌੜਾਂ ਦੀ ਭੱਠੀ ਚਾੜ੍ਹੀ ਵੀ ਐ। ਧੁੱਪੇ ਤੂੰ ਬੈਠੈਂ, ਗਰਮੀ ਦੇ ਉੱਤੋਂ ਦਿਨ ਐਂ। ਤੈਨੂੰ ਤਾਂ ਭਲਾਂ ਕਮਲ਼ੇ ਡਾਕਦਾਰ ਨੇ ਦੱਸਿਆ ਹੋਣੈ ਬਈ ਦੋ ਘੈਂਟੇ ਧੁੱਪ ‘ਚ ਬੈਠਿਆ ਕਰ, ਤਾਂ ਹਟੂ ਤੇਰੀ ਬਮਾਰੀ। ਤੂੰ ਤਾਂ ਧੁੱਪੇ ਮੱਚਣਾ ਈਂ ਮੱਚਣੈ, ਤੂੰ ਗਾਹਾਂ ਬਾਬੇ ਬੁੜ੍ਹੇ ਬੰਦੇ ਦੀ ਵੀ ਛੱਲੀ ਬਣਾਉਣੈਂ ਲੱਗਿਐਂ ਓਏ। ਆਵਦੇ ਬੁੜ੍ਹੇ ਨੂੰ ਤਾਂ ਠੰਢੀ ਵਾਅ ਦੇਣ ਆਲਾ ਪਾਣੀ ‘ਚ ਚੱਲਣ ਆਲਾ ਬੰਦ ਪੇਟੀ ਆਲਾ ਪੱਖਾ ਲਾ ਰੱਖਿਆ। ਬਾਬੇ ਨੂੰ ਤੂੰ ਧੁੱਪੇ ਮਚਾਉਣੈ। ਅਕੇ ਆ ਜਾ ਉਰ੍ਹੇ। ਆ ਜਾ ਬਾਬਾ ਇਹਦੇ ਕੋਲੇ ਹਮੀਰਗੜ੍ਹ ਆਲੇ ਜੈਲੇ ਜੱਟ ਕੋਲੇ। ਜਿਮੇਂ ਗਾਹਾਂ ਖਾਣ ਨੂੰ ਕੋਲੇ ਰਿੰਡ ਖਰਬੂਜਾ ਰੱਖੀ ਬੈਠਾ ਹੁੰਦਾ।”
ਬਾਬੇ ਨੇ ਅਮਲੀ ਨੂੰ ਹੱਸ ਕੇ ਪੁੱਛਿਆ, “ਬੰਦ ਪੇਟੀ ਆਲਾ ਠੰਢੀ ਵਾਅ ਆਲਾ ਪੱਖਾ ਕਿਹੜਾ ਹੁੰਦਾ ਅਮਲੀਆ ਓਏ?” ਰਤਨ ਸਿਉਂ ਸੂਬੇਦਾਰ ਕਹਿੰਦਾ, “ਕੂਲਰ ਨੂੰ ਕਹਿੰਦਾ ਹੋਣਾ ਪਾਣੀ ‘ਚ ਬੰਦ ਪੇਟੀ ਆਲਾ ਪੱਖਾ।”
ਅਮਲੀ ਕਹਿੰਦਾ, “ਹਾਂ, ਹਾਂ ਓਹੀ ਉਹੀ।”
ਮਾਹਲਾ ਨੰਬਰਦਾਰ ਅਮਲੀ ਨੂੰ ਕਹਿੰਦਾ, “ਹੋਰ ਗੱਲਾਂ ਛੱਡ ਤੂੰ ਇਹਨੂੰ ਬਮਾਰੀ ਦੱਸ ਕਾਹਦੀ ਐ ਪ੍ਰੀਤੇ ਨੂੰ ਜੀਹਦੇ ਕਰਕੇ ਇਹ ਧੁੱਪੇ ਬੈਠੈ। ਨਾਲੇ ਡਾਕਦਾਰ ਵੀ ਕਮਲ਼ੇ ਹੁੰਦੇ ਐ?” ਅਮਲੀ ਨੰਬਰਦਾਰ ਨੂੰ ਕਹਿੰਦਾ, “ਤੈਨੂੰ ਬੈਠਣ ਉੱਠਣ ਤੋਂ ਨ੍ਹੀ ਬਮਾਰੀ ਦਾ ਪਤਾ ਲੱਗਦਾ ਨੰਬਰਦਾਰਾ। ਬੈਠਣ ਲੱਗਿਆ ਇਉਂ ਡਿੱਗ ਪੈਂਦਾ ਜਿਮੇਂ ਗਿੱਟੇ ਗੋਡੇ ਮੰਗ ਕੇ ਪਾਏ ਹੁੰਦੇ ਐ ਬਈ ਜੇ ਟੁੱਟ ਗੇ ਤਾਂ ਅਗਲੇ ਦੇ ਟੁੱਟਣਗੇ।”
ਸੀਤੇ ਮਰਾਸੀ ਨੇ ਗੱਲ ਵਿੱਚੋਂ ਟੋਕ ਕੇ ਟਿੱਚਰ ‘ਚ ਪੁੱਛਿਆ, “ਅਮਲੀਆ ਬੈਠਣਾ ਤਾਂ ਤੂੰ ਦੱਸ ‘ਤਾ, ਹੁਣ ਉੱਠਣਾ ਵੀ ਦੱਸਦੇ ਕਿਮੇਂ ਉੱਠਦਾ ਹੁੰਦਾ?”
ਅਮਲੀ ਨੇ ਫੇਰ ਛੱਡਿਆ ਦੋਨਾਲੀ ਦੇ ਫਾਇਰ ਵਰਗਾ ਟੋਟਕਾ, “ਉੱਠੂ ਸਾਲਾ ਇਉਂ ਜਿਮੇਂ ਸੋਕੜਾ ਹੋਇਆ ਹੁੰਦਾ। ਐਦੂੰ ਹੋਰ ਵੱਡੀ ਬਮਾਰੀ ਕੀ ਹੋਊ? ਜਿਹੜੇ ਡਾਕਦਾਰ ਕੋਲੇ ਇਹ ਦੁਆ-ਬੂਟੀ ਕਰਾਉਣ ਗਿਆ ਹੋਣੈ ਮੈਨੂੰ ਤਾਂ ਉਹ ਕਮਲ਼ਾ ਡਾਕਦਾਰ ਲੱਗਦਾ। ਡਾਕਦਾਰ ਤਾਂ ਮਰੀਜਾਂ ਨੂੰ ਦੁਆ-ਬੂਟੀ ਦੇ ਨਾਲ ਨਾਲ ਖਾਣ ਪੀਣ ਦਾ ਪਰ੍ਹੇਜ ਵੀ ਦੱਸਦੇ ਐ, ਬਈ ਤੂੰ ਆਹ ਚੀਜ ਨ੍ਹੀ ਖਾਣੀ ਔਹ ਨ੍ਹੀ ਖਾਣਾ। ਜੀਹਦੇ ਕੋਲੇ ਇਹ ਗਿਆ ਹੋਣਾ ਉਹਨੇ ਇਹਨੂੰ ਧੁੱਪੇ ਬੈਠਣ ਨੂੰ ਕਹਿ ‘ਤਾ ਹੋਣਾ। ਲੈ ਦੱਸ ਬਾਬਾ! ਧੁੱਪੇ ਬੈਠਣ ਨੂੰ ਇਹਦੇ ਜੂੰਆਂ ਪਈਆਂ ਵੀਆਂ?”
ਸੀਤਾ ਮਰਾਸੀ ਕਹਿੰਦਾ, “ਬਮਾਰੀ ਤਾਂ ਅਮਲੀਆ ਕੋਈ ਨਾ ਕੋਈ ਹੈਗੀ ਐ ਇਹਨੂੰ, ਐਮੇਂ ਤਾਂ ਨ੍ਹੀ ਸੁੱਕ ਕੇ ਤਾਂਬਾ ਬਣੀ ਜਾਂਦਾ।”
ਅਮਲੀ ਕਹਿੰਦਾ, “ਜਿੱਦੇਂ ਦਾ ਜੰਮਿਆਂ ਮੈਂ ਤਾਂ ਓਦਣ ਦਾ ਈ ਇਹਨੂੰ ਐਹੋ ਜਾ ਵੇਖਦਾਂ। ਪਹਿਲੇ ਦਿਨੋਂ ਈ ਕਮਜੋਰਾ ਜਾ। ਸਰੀਰ ‘ਤੇ ਗੋਸਤ ਤਾਂ ਹੈਨ੍ਹੀ ਭੋਰਾ, ‘ਕੱਲੇ ਹੱਡ ਈ ਹੱਡ ਭਿੜਦੇ ਐ।”
ਸਰੀਰ ‘ਤੇ ਗੋਸਤ ਬਾਰੇ ਸੁਣ ਕੇ ਹਾਕਮ ਫੌਜੀ ਕੇ ਨਿੱਕੇ ਨੇ ਅਮਲੀ ਨੂੰ ਪੁੱਛਿਆ, “ਗੋਸਤ ਕੀ ਹੁੰਦਾ ਤਾਇਆ?” ਅਮਲੀ ਨਿੱਕੇ ਨੂੰ ਕਹਿੰਦਾ, “ਮਾਸ ਨੂੰ ਕਹਿੰਦੇ ਐ ਗੋਸਤ ਨਿੱਕਾ ਸਿਆਂ। ਤੂੰ ਸਮਝਿਆ ਖਣੀ ਬਾਣੀਆਂ ਨੇ ਕਿਸੇ ਲੀੜੇ ਕੱਪੜੇ ਦਾ ਨਾਂ ਰੱਖ ‘ਤਾ ਹੈਂਅ?”
ਬਾਬਾ ਬੋਹੜ ਸਿਉਂ ਆਵਦੇ ਹਾਣੀ ਬੰਤੇ ਬੁੜ੍ਹੇ ਕੋਲ ਬੈਠਣ ਲੱਗਿਆ ਪ੍ਰੀਤੇ ਨੂੰ ਕਹਿੰਦਾ, “ਅੱਜ ਤੇਰੇ ‘ਤੇ ਪ੍ਰੀਤਮ ਸਿਆਂ ਨਾਥਾ ਸਿਉਂ ਬੜਾ ਖਿਝਿਆ ਬੈਠਾ ਜਿਮੇਂ ਭੁੱਖੀ ਬਾਂਦਰੀ ਖਿੱਲਾਂ ਵੇਚਣ ਆਲੀ ‘ਤੇ ਖਿਝੀ ਪਈ ਹੁੰਦੀ ਐ। ਕੀ ਗੱਲ ਕੋਈ ਵੱਟ ਡੌਲ਼ ਦਾ ਰੌਲ਼ੈ?”
ਪ੍ਰੀਤਾ ਬਾਬੇ ਬੋਹੜ ਸਿਉਂ ਨੂੰ ਕਹਿੰਦਾ, “ਵੱਟ ਦਾ ਤਾਂ ਨ੍ਹੀ ਬਾਬਾ ਕੋਈ ਰੌਲਾ, ਮੈਨੂੰ ਤਾਂ ਇਉਂ ਹਰਾਨੀ ਐ ਬਈ ਅੱਜ ਇਹੇ ਕਿਮੇਂ ਇਉਂ ਬੁੜ੍ਹਕਦਾ ਜਿਮੇਂ ਕੱਟਾ ਦੁੱਧ ਪੀ ਕੇ ਛਾਲਾਂ ਮਾਰਦਾ ਹੁੰਦਾ। ਪਤਾ ਨ੍ਹੀ ਕੀ ਖਾ ਕੇ ਆਇਆ?”
ਸੀਤਾ ਮਰਾਸੀ ਕੱਟੇ ਵਾਲੀ ਗੱਲ ਸੁਣ ਕੇ ਪ੍ਰੀਤੇ ਨੂੰ ਕਹਿੰਦਾ, “ਪ੍ਰੀਤਮ ਸਿਆਂ ਹੁਣ ਇਉਂ ਵੀ ਦੱਸਦੇ ਬਈ ਜਦੋਂ ਕੱਟੇ ਦੇ ਮਲ੍ਹੱਪ ਪੈ ਜਾਂਦੇ ਐ ਫੇਰ ਕੀ ਬੀਤਦੀ ਐ ਕੱਟੇ ਨਾਲ?” ਪ੍ਰੀਤਾ ਕਹਿੰਦਾ, “ਫੇਰ ਤਾਂ ਕੱਟਾ ਇਉਂ ਸਿਰ ਸਿੱਟ ਕੇ ਬਹਿ ਜਾਂਦਾ ਜਿਮੇਂ ਬਹੁਤੇ ਭਾਰ ਥੱਲੇ ਆਇਆ ਗਧਾ ਚਿੱਕੜ ‘ਚ ਡਿੱਗਿਆ ਪਿਆ ਹੁੰਦਾ।”
ਬੁੱਘਰ ਦਖਾਣ ਵੱਟ ਡੌਲ ਦੀ ਗੱਲ ਸੁਣ ਕੇ ਕਹਿੰਦਾ, “ਵੱਟ ਡੌਲ਼ ਨੂੰ ਕੀ ਗਾਹਾਂ ਮੌਘੇ ਨਾਲ ਲੱਗਦੀ ਐ ਇਨ੍ਹਾਂ ਦੀ। ਅਮਲੀ ਦਾ ਵਾਹਣ ਚੜ੍ਹਦੇ ਪਾਸੇ ਐ। ਪ੍ਰੀਤੇ ਕਾ ਛਿਪਦੇ ਪਾਸੇ ਟਿੱਬਿਆਂ ‘ਚ। ਹੋਰ ਗੱਲ ਹੋਊ ਕੋਈ। ਐਮੇਂ ਤਾਂ ਨ੍ਹੀ ਚੁੰਝੋ ਚੁੰਝੀ ਹੁੰਦੇ ਇਹੇ।”
ਸੀਤੇ ਮਰਾਸੀ ਨੇ ਬੁੱਘਰ ਦਖਾਣ ਤੋਂ ਅਮਲੀ ਦੇ ਵਾਹਣ ਬਾਰੇ ਗੱਲ ਸੁਣ ਕੇ ਟਿੱਚਰ ‘ਚ ਪੁੱਛਿਆ, “ਅਮਲੀ ਕੋਲੇ ਹੈਗ੍ਹਾ ਹਜੇ ਵਾਹਣ ਬਈ?”
ਮਰਾਸੀ ਦੀ ਗੱਲ ਸੁਣ ਕੇ ਨਾਥਾ ਅਮਲੀ ਮਰਾਸੀ ਨੂੰ ਪੁੱਠ ਕੰਡੇ ਵਾਂਗੂੰ ਚਿੰਬੜ ਗਿਆ, “ਹੋਰ ਤਾਂ ਗਾਹਾਂ ਤੇਰਾ ਈ ਮਰੱਬਾ ਫਰੋਜਪੁਰ ਛਾਉਣੀ ਨਾਲ ਲੱਗਦਾ ਜਾ ਕੇ। ਕਦੇ ਆਵਦੇ ਘਰੇ ਵੀ ਪਕਾਅ ਕੇ ਖਾਧੀ ਐ। ਨਿੱਤ ਲੋਕਾਂ ਦੇ ਘਰੋਂ ਈਂ ਮੰਗ ਕੇ ਖਾਨੇ ਐ ਸਾਰਾ ਟੱਬਰ। ਖਾਣਾ ਲੋਕਾਂ ਦੇ ਪੱਲਿਉਂ, ਗੱਲ ਕਰਨੀ ਸਰਦਾਰ ਨਾਥਾ ਸਿਉਂ ਨਾਲ ਹੈਂਅ।”
ਸੁਰਜਨ ਬੁੜ੍ਹੇ ਕਾ ਲੱਛਾ ਕਹਿੰਦਾ, “ਤੁਸੀਂ ਤਾਂ ਯਾਰ ਹੋਰ ਈ ਪਾਸੇ ਨੂੰ ਤੁਰ ਪੇ। ਗੱਲ ਤਾਂ ਨਾਥਾ ਸਿਉਂ ਤੋਂ ਡਾਕਦਾਰ ਦੀ ਪੁੱਛਣੀ ਐਂ ਬਈ ਕਮਲਾ ਡਾਕਦਾਰ ਕਿਹੜਾ ਜੀਹਨੇ ਪ੍ਰੀਤੇ ਨੂੰ ਧੁੱਪੇ ਬੈਠਣ ਨੂੰ ਕਿਹਾ।”
ਨਾਥਾ ਅਮਲੀ ਲੱਛੇ ਨੂੰ ਵੀ ਹੱਲੇ ਨਾਲ ਬੋਲਿਆ, “ਤੂੰ ਕਮਲੇ ਡਾਕਦਾਰ ਨੂੰ ‘ਨਾਮ ਦੇਣਾ। ਢਕੀ ਢਕਾਈ ਗੱਲ ਦੇ ਖਰੀਂਢ ‘ਚੇੜਣ ਲੱਗਿਐਂ। ਗੱਲ ਗਈ ਆਈ ਨੂੰ ਤੂੰ ਫੇਰ ਮੋੜ ਕੇ ਕਮਲ਼ਾ ਡਾਕਦਾਰ, ਕਮਲ਼ਾ ਡਾਕਦਾਰ ਕਹੀ ਜਾਨੈ। ਏਸੇ ਨੂੰ ਈਂ ਪੁੱਛ ਲਾ ਖਾਂ ਪ੍ਰੀਤੇ ਨੂੰ ਬਈ ਕਿਹੜਾ ਡਾਕਦਾਰ ਕਮਲੈ?” ਬਾਬਾ ਬੋਹੜ ਸਿਉਂ ਅਮਲੀ ਨੂੰ ਕਹਿੰਦਾ, “ਅਮਲੀਆ ਪਤਾ ਤਾਂ ਤੈਨੂੰ ਵੀ ਐ। ਤੂੰ ਜਾਣ ਬੁੱਝ ਕੇ ਨ੍ਹੀ ਦੱਸਦਾ।” ਮਾਹਲਾ ਨੰਬਰਦਾਰ ਕਹਿੰਦਾ, “ਚੱਲ ਅਮਲੀਆ ਤੂੰ ਇਉਂ ਕਰ ਹੁਣ, ਐਤਕੀਂ ਦਾ ਤੇਰਾ ਸਾਰਾ ਮਾਮਲਾ ਮਾਫ। ਤੇਰਾ ਮਾਮਲਾ ਮੈਂ ਆਵਦੇ ਕੋਲੋਂ ਭਰ ਦੂੰ, ਪਰ ਤੂੰ ਇਹ ਗੱਲ ਸਿਰੇ ਲਾ ਦੇ ਹੁਣ ਬਈ ਕਮਲਾ ਡਾਕਦਾਰ ਕਿਹੜਾ?”
ਅਮਲੀ ਕਹਿੰਦਾ, “ਮੈਂ ਤਾਂ ਨੰਬਰਦਾਰਾ ਕਪਲਾ ਡਾਕਦਾਰ ਕਹਿਣਾ ਸੀ, ਮੋਹਨ ਲਾਲ ਕਪਲਾ। ਮੇਰੇ ਮੂੰਹ ‘ਚੋਂ ਨਿੱਕਲ ਗਿਆ ਕਮਲਾ। ਇਨ੍ਹਾਂ ਨੇ ਗੱਲ ‘ਸਮਾਨ ‘ਚ ਚੱਕ ‘ਤੀ। ਮੈਂ ਤਾਂ ਸੋਚਿਆ ਬਈ ਚੱਲ ਗੱਲ ਆਈ ਚਲਾਈ ਹੋ ਜੂ, ਪਰ ਤੁਸੀਂ ਗੱਲ ਦਾ ਪਤੰਗੜ ਬਣਾ ‘ਤਾ। ਵਾਲ ਤੋਂ ਖੱਲ ਲਾਹੁਣ ਆਲੀ ਗੱਲ ਕਰ ‘ਤੀ ਤੁਸੀਂ ਤਾਂ। ਆਹ ਲੱਛੇ ਨੂੰ ਬਾਹਲ਼ੇ ਫੰਘ ਲੱਗੇ ਵੇ ਐ। ਗੱਲ ਤਾਂ ਘਪਲ਼ ਚੌਂਦੇ ‘ਚ ਰਲ ਗੀ ਸੀ, ਪਰ ਇਹਨੇ ਲੱਛੇ ਗੱਲ ਦਾ ਬਹੁਤਾ ਘੂਰ ਕੱਢ ‘ਤਾ। ਚੱਲੋ ਛੱਡੋ ਯਾਰ ਹੁਣ ਇਹ ਗੱਲ ਨੂੰ। ਹੁਣ ਹੋਰ ਕੋਈ ਗੱਲ ਕਰੋ।” ਬਾਬਾ ਬੋਹੜ ਸਿਉਂ ਕਹਿੰਦਾ, “ਹੋਰ ਕੀ ਕਰੀਏ। ਚੱਲ ਇਉਂ ਦੱਸਦੇ ਫਿਰ, ਕੱਲ੍ਹ ਪ੍ਰਤਾਪੇ ਭਾਊ ਨਾਲ ਤੂੰ ਕੀ ਕਰਨ ਗਿਆ ਸੀ ਮੰਡੀ। ਤੂੰ ਕੀ ਖਰੀਦ ਕੇ ਲਿਆਂਦਾ?”
ਅਮਲੀ ਕਹਿੰਦਾ, “ਖਰੀਦਣਾ ਖਰੂਦਣਾ ਤਾਂ ਮੈਂ ਕੀ ਸੀ। ਮੈਂ ਤਾਂ ਵਣਜਾਰੇ ਕਿਆਂ ਨਾਲ ਕਿਤੇ ਊਈਂ ਉਠ ਗਿਆ। ਉਨ੍ਹਾਂ ਨੇ ਕ੍ਰਿਸ਼ਨ ਬਾਣੀਏਂ ਕੇ ਆਰੇ ਤੋਂ ਸਤੀਰੀਆਂ ਲੈ ਕੇ ਉਨ੍ਹਾਂ ਦੀਆਂ ਫੱਟੀਆਂ ਚਰਾਉਣੀਆਂ ਸੀ ਕੁੜੀ ਦੇ ਵਿਆਹ ਵਾਸਤੇ ਕੋਈ ਪੇਟੀ ‘ਲਮਾਰੀ ਜਾਂ ਕੋਈ ਹੋਰ ਮੇਚ ਕੁਰਸੀਆਂ ਬਣਾਉਣ ਨੂੰ। ਜਦੋਂ ਉਨ੍ਹਾਂ ਦੇ ਆਰੇ ‘ਤੇ ਜਾ ਕੇ ਲੱਕੜ ਦਾ ਭਾਅ ਪੁੱਛਿਆ ਤਾਂ ਵਣਜਾਰੇ ਕਾ ਮੋਖਾ ਬਾਣੀਏਂ ਨੂੰ ਕਹਿੰਦਾ ‘ਬਾਹਲ਼ਾ ਮਹਿੰਗਾ ਕਰੀ ਜਾਨੇ ਐਂ ਯਾਰ ਸੌਦਾ। ਐਨੀ ਮਹਿੰਗੀ ਤਾਂ ਨ੍ਹੀ ਹੋਈ ਲੱਕੜ ਜਿੰਨੀ ਤੂੰ ਦੱਸੀ ਜਾਨੈਂ’। ਅਕੇ ਬਾਣੀਆਂ ਮੋਖੇ ਨੂੰ ਕਹਿੰਦਾ ‘ਸਾਡੇ ਕੀ ਵੱਸ ਦੀ ਗੱਲ ਐ ਮੋਖਾ ਸਿਆਂ, ਲੱਕੜ ਨੂੰ ਤਾਂ ਅੱਗ ਲੱਗੀ ਪਈ ਐ ਅੱਗ। ਅਸੀਂ ਵੀ ਕੀ ਕਰ ਸਕਦੇ ਆਂ’। ਆਹ ਵੇਖ ਲਾ ਬਾਬਾ ਫਿਰ। ਅੱਜ ਤੜਕੇ ਅੱਠ ਵਜੇ ਸੱਚੀਉਂ ਈ ਅੱਗ ਲੱਗ ਗੀ। ਸਾਰੀ ਲੱਕੜ ਮੱਚ ਕੇ ਸੁਆਹ ਈ ਬਣ ਗੀ।”
ਸੀਤਾ ਮਰਾਸੀ ਕਹਿੰਦਾ, “ਨਾਲੇ ਕਹਿੰਦੇ ਅੱਗ ਬਝਾਊ ਗੱਡੀ ਵੀ ਆ ਗੀ ਮੰਡੀਉਂ ਹੈਂਅ। ਓਹਤੋਂ ਨ੍ਹੀ ਬੁਝੀ ਅੱਗ?”
ਨਾਥਾ ਅਮਲੀ ਹੱਸ ਕੇ ਕਹਿੰਦਾ, “ਉਹ ਅੱਗ ਬਝਾਉਣ ਤਾਂ ਨ੍ਹੀ ਆਈ ਸੀ।”
ਬਾਬੇ ਬੋਹੜ ਸਿਉਂ ਨੇ ਪੁੱਛਿਆ, “ਹੋਰ ਕੀ ਕਰਨ ਆਈ ਸੀ ਓਹੋ?” ਨਾਥਾ ਅਮਲੀ ਕਹਿੰਦਾ, “ਉਹ ਤਾਂ ਸੁਆਹ ‘ਤੇ ਪਾਣੀ ਛਿੜਣ ਆਈ ਸੀ ਬਈ ਸੁਆਹ ਕਿਤੇ ਉੱਡ ਉੱਡ ਕੇ ਲੋਕਾਂ ਦੇ ਸਿਰ ‘ਚ ਨਾ ਪੈ ਜੇ। ਗੱਡੀ ਦੇ ਆਉਣ ਤੋਂ ਪਹਿਲਾਂ ਤਾਂ ਅੱਗ ਆਪ ਈ ਬੁਝ ਗੀ ਸੀ।”
ਬਾਬੇ ਬੋਹੜ ਸਿਉਂ ਨੇ ਅਮਲੀ ਨੂੰ ਪੁੱਛਿਆ, “ਅਮਲੀਆ ਬਾਣੀਏ ਰੋਏ ਨ੍ਹੀ ਫਿਰ ਜਦੋਂ ਸਾਰਾ ਕੁਸ ਮੱਚ ਗਿਆ?” ਅਮਲੀ ਕਹਿੰਦਾ, “ਧੂੰਏ ਨੇ ਰੋਣ ਈਂ ਨ੍ਹੀ ਦਿੱਤੇ ਕਰਾੜ। ਅੱਖਾਂ ‘ਚ ਈ ਪਈ ਗਿਆ ਉੱਡ ਉੱਡ ਕੇ। ਜਦੋਂ ਅੱਗ ਬੁਝੀ ਤਾਂ ਬਾਣੀਏਂ ਸੁਆਹ ਵੱਲ ਇਉਂ ਝਾਕਣ ਜਿਮੇਂ ਧੁੰਦ ‘ਚ ਭੁੱਖਾ ਗਧਾ ਝਾਕਦਾ ਹੁੰਦਾ।”
ਗੱਲਾਂ ਕਰੀ ਜਾਂਦਿਆਂ ਤੋਂ ਏਨੇ ਚਿਰ ਨੂੰ ਜਿਉਂ ਹੀ ਪੁਲਿਸ ਨੇ ਸੱਥ ਦੇ ਸਾਹਮਣੇ ਬਿੱਕਰ ਬਲੈਕੀਏ ਦੇ ਘਰ ‘ਤੇ ਆ ਛਾਪਾ ਮਾਰਿਆ ਤਾਂ ਪੁਲਿਸ ਦੇ ਡਰੋਂ ਸੱਥ ਵਾਲੇ ਸਾਰੇ ਜਣੇ ਉੱਠ ਕੇ ਆਪੋ ਆਪਣੇ ਘਰਾਂ ਨੂੰ ਤੁਰ ਗਏ ਬਈ ਕਿਤੇ ਪੁਲਿਸ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕਰਨ ਲੱਗ ਜਾਵੇ। ਵੇਂਹਦਿਆਂ ਵੇਂਹਦਿਆਂ ਹੀ ਸੱਥ ਇਉਂ ਖਾਲੀ ਹੋ ਗਈ ਜਿਵੇਂ ਸਾਰੀ ਛੁੱਟੀ ਹੋਣ ਵੇਲੇ ਪ੍ਰਾਇਮਰੀ ਸਕੂਲ ਖਾਲੀ ਹੋ ਜਾਂਦੈ।

