ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਵੱਲੋਂ ਅਮਰੀਕੀ ਸਿਹਤ ਕਾਮਿਆਂ ਨੂੰ ਸੂਬੇ ਵਿੱਚ ਕੰਮ ਕਰਨ ਲਈ ਆਕਰਸ਼ਿਤ ਕਰਨ ਵਾਸਤੇ ਚਲਾਈ ਗਈ ਇੱਕ ਖਾਸ ਮੁਹਿੰਮ ਕਾਫੀ ਮਹਿੰਗੀ ਸਾਬਤ ਹੋਈ ਹੈ। ਸਰਕਾਰ ਵੱਲੋਂ ਗੁਆਂਢੀ ਦੇਸ਼ ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਲੋਕਾਂ ਨੂੰ ਮੁਫਤ ਕੌਫੀ ਅਤੇ ਚਾਹ ਵੰਡਣ ਲਈ ਇੱਕ ਵੱਡੀ ਰਕਮ ਖਰਚ ਕੀਤੀ ਗਈ ਹੈ। ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਵੱਲੋਂ ਦਾਇਰ ਕੀਤੀ ਗਈ ਇੱਕ ਫਰੀਡਮ ਆਫ ਇਨਫੋਰਮੇਸ਼ਨ ਬੇਨਤੀ ਤੋਂ ਇਹ ਵੱਡਾ ਖੁਲਾਸਾ ਹੋਇਆ ਹੈ। ਇਸ ਰਿਪੋਰਟ ਮੁਤਾਬਕ ਜੂਨ 2025 ਵਿੱਚ ਦੋ ਦਿਨ ਚੱਲੀ ਇਸ ਮੁਹਿੰਮ ਉੱਤੇ ਬੀ.ਸੀ. ਦੇ ਟੈਕਸ ਅਦਾ ਕਰਨ ਵਾਲੇ ਆਮ ਲੋਕਾਂ ਦੇ 165,000 ਡਾਲਰ ਖਰਚ ਕੀਤੇ ਗਏ ਹਨ।
ਕੈਨੇਡੀਅਨ ਟੈਕਸਪੇਅਰਜ਼ ਫੈਡਰੇਸ਼ਨ ਦੇ ਨੁਮਾਇੰਦੇ ਕਾਰਸਨ ਬਿੰਦਾ ਨੇ ਦੱਸਿਆ ਕਿ ਇਸ ਅਹਿਮ ਜਾਣਕਾਰੀ ਨੂੰ ਸਾਹਮਣੇ ਲਿਆਉਣ ਵਿੱਚ ਕਾਫੀ ਸਮਾਂ ਲੱਗਿਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸਰਕਾਰ ਅਤੇ ਤੀਜੀ ਧਿਰ ਟੈਕਸਦਾਤਾਵਾਂ ਤੋਂ ਇਹ ਦਸਤਾਵੇਜ਼ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਉੱਤੇ ਇਸ ਕੌਫੀ ਵਾਲੇ ਟਰੱਕ ਦੀ ਫੋਟੋ ਸਾਂਝੀ ਕੀਤੀ ਤਾਂ ਫੈਡਰੇਸ਼ਨ ਨੇ ਇਹ ਜਾਣਕਾਰੀ ਸਰਕਾਰ ਤੋਂ ਮੰਗਣ ਦਾ ਫੈਸਲਾ ਕੀਤਾ। ਸਾਹਮਣੇ ਆਏ ਬਿੱਲਾਂ ਅਤੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਸੂਬਾ ਸਰਕਾਰ ਨੇ ਅਮਰੀਕਾ ਵਿੱਚ ਸਿਹਤ ਕਾਮਿਆਂ ਨੂੰ 1,000 ਕੱਪ ਕੌਫੀ ਪਿਲਾਉਣ ਲਈ 165,000 ਡਾਲਰ ਖਰਚ ਕੀਤੇ। ਇਸ ਹਿਸਾਬ ਨਾਲ ਇੱਕ ਕੱਪ ਕੌਫੀ ਦੀ ਕੀਮਤ ਟੈਕਸਦਾਤਾਵਾਂ ਨੂੰ ਲਗਭਗ 165 ਡਾਲਰ ਪਈ ਹੈ। ਇਸ ਭਾਰੀ ਖਰਚੇ ਵਿੱਚ ਇੱਕ ਖਾਸ ਬ੍ਰਾਂਡ ਵਾਲਾ ਟਰੱਕ, 1,000 ਕੱਪ ਕੌਫੀ, ਬ੍ਰਾਂਡ ਵਾਲੇ ਕੱਪ ਅਤੇ ਨੈਪਕਿਨ, ਜਗ੍ਹਾ ਦਾ ਪ੍ਰਬੰਧ ਅਤੇ ਕੌਫੀ ਵੰਡਣ ਲਈ ਲਗਾਏ ਗਏ 10 ਸਲਾਹਕਾਰਾਂ ਦੀ ਫੀਸ ਸ਼ਾਮਲ ਹੈ।
ਇਸ ਵੱਡੇ ਖਰਚੇ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਵੱਲੋਂ ਸਰਕਾਰ ਦੀ ਮੁਹਿੰਮ ਦੇ ਨਤੀਜਿਆਂ ਉੱਤੇ ਕਈ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ। ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਅੰਤਰਿਮ ਨੇਤਾ ਟ੍ਰੇਵਰ ਹਾਲਫੋਰਡ ਨੇ ਸਵਾਲ ਕੀਤਾ ਕਿ ਇਸ ਖਾਸ ਟਰੱਕ ਅਤੇ ਕੌਫੀ ਦੇ ਇੰਨੇ ਵੱਡੇ ਆਰਡਰ ਨਾਲ ਸਰਕਾਰ ਕੋਲ ਕਿੰਨੀਆਂ ਅਰਜ਼ੀਆਂ ਆਈਆਂ। ਉਨ੍ਹਾਂ ਇਹ ਵੀ ਪੁੱਛਿਆ ਕਿ ਇਸ ਖਰਚੇ ਕਾਰਨ ਅਸਲ ਵਿੱਚ ਕਿੰਨੀਆਂ ਨੌਕਰੀਆਂ ਪੱਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੂਬੇ ਵਿੱਚ ਸਿਹਤ ਕਾਮਿਆਂ ਦੀ ਭਾਰੀ ਘਾਟ ਹੈ ਪਰ ਸਰਕਾਰ ਨੂੰ ਟੈਕਸ ਦੇ ਪੈਸੇ ਦੀ ਵਰਤੋਂ ਪ੍ਰਤੀ ਪੂਰੀ ਤਰ੍ਹਾਂ ਜਵਾਬਦੇਹ ਹੋਣਾ ਚਾਹੀਦਾ ਹੈ।
ਦੂਜੇ ਪਾਸੇ ਬੀ.ਸੀ. ਦੇ ਸਿਹਤ ਮੰਤਰਾਲੇ ਨੇ ਮੰਨਿਆ ਹੈ ਕਿ ਇਹ ਰੰਗ-ਬਿਰੰਗਾ ਕੌਫੀ ਟਰੱਕ ਉਨ੍ਹਾਂ ਦੀ ਭਰਤੀ ਅਤੇ ਮਾਰਕੀਟਿੰਗ ਮੁਹਿੰਮ ਦਾ ਇੱਕ ਅਹਿਮ ਹਿੱਸਾ ਸੀ। ਮੰਤਰਾਲੇ ਨੇ ਇਸ ਖਰਚੇ ਨੂੰ ਬਿਲਕੁਲ ਸਹੀ ਠਹਿਰਾਉਂਦਿਆਂ ਕਿਹਾ ਹੈ ਕਿ ਪੈਸਾ ਸਹੀ ਥਾਂ ਉੱਤੇ ਖਰਚਿਆ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਮੁਹਿੰਮ ਅਤੇ ਹੋਰ ਯਤਨਾਂ ਤਹਿਤ ਅਮਰੀਕਾ ਤੋਂ 500 ਤੋਂ ਵੱਧ ਸਿਹਤ ਪੇਸ਼ੇਵਰਾਂ ਨੂੰ ਨੌਕਰੀ ਉੱਤੇ ਰੱਖਿਆ ਗਿਆ ਹੈ। ਹਾਲਾਂਕਿ ਕਾਰਸਨ ਬਿੰਦਾ ਦਾ ਕਹਿਣਾ ਹੈ ਕਿ ਉਹ ਸਮਝਦੇ ਹਨ ਕਿ ਸੂਬਾ ਅਮਰੀਕਾ ਤੋਂ ਸਿਹਤ ਕਾਮਿਆਂ ਦੀ ਸਰਗਰਮੀ ਨਾਲ ਭਰਤੀ ਕਰ ਰਿਹਾ ਹੈ। ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਕੋਈ ਵੀ ਸਮਝਦਾਰ ਵਿਅਕਤੀ ਸਿਰਫ ਇੱਕ ਮੁਫਤ ਕੌਫੀ ਦੇ ਕੱਪ ਬਦਲੇ ਆਪਣੀ ਨੌਕਰੀ ਛੱਡ ਕੇ ਅਤੇ ਆਪਣੇ ਪਰਿਵਾਰ ਨੂੰ ਲੈ ਕੇ ਦੂਜੇ ਦੇਸ਼ ਰਹਿਣ ਲਈ ਚਲਾ ਜਾਵੇਗਾ। This report was written by Divroop Kaur as part of the Local Journalism Initiative.

