Sunday, May 10, 2026

ਮਿਸ਼ਨ ਵਿੱਚ ਜਾਅਲੀ ਕਰੰਸੀ ਨਾਲ ਠੱਗੀ, 50 ਡਾਲਰ ਦੇ ਨਕਲੀ ਨੋਟਾਂ ਬਾਰੇ ਪੁਲਿਸ ਦੀ ਚੇਤਾਵਨੀ ਜਾਰੀ

ਸਰੀ, (ਦਿਵਰੂਪ ਕੌਰ): ਮਿਸ਼ਨ ਆਰ.ਸੀ.ਐਮ.ਪੀ. ਨੇ ਫੇਸਬੁੱਕ ਮਾਰਕੀਟਪਲੇਸ ਰਾਹੀਂ ਸਾਮਾਨ ਵੇਚਣ ਵਾਲੇ ਲੋਕਾਂ ਨੂੰ ਇੱਕ ਅਜਿਹੇ ਸ਼ੱਕੀ ਵਿਅਕਤੀ ਬਾਰੇ ਸਾਵਧਾਨ ਕੀਤਾ ਹੈ ਜੋ 50 ਡਾਲਰ ਦੇ ਜਾਅਲੀ ਨੋਟਾਂ ਦੀ ਵਰਤੋਂ ਕਰਕੇ ਠੱਗੀ ਮਾਰ ਰਿਹਾ ਹੈ। ਇੱਕ ਤਾਜ਼ਾ ਘਟਨਾ ਵਿੱਚ ਇੱਕ ਔਰਤ ਨੇ ਮਿਸ਼ਨ ਦੇ ਇੱਕ ਕੌਫੀ ਸ਼ੌਪ ਵਿੱਚ ਆਪਣਾ ਲੈਪਟਾਪ ਅਤੇ ਟੈਬਲੇਟ ਵੇਚਣ ਦਾ ਸੌਦਾ ਕੀਤਾ ਜਿਸ ਬਦਲੇ ਖਰੀਦਦਾਰ ਨੇ ਉਸਨੂੰ 50 ਡਾਲਰ ਦੇ ਨੋਟਾਂ ਵਾਲਾ ਇੱਕ ਲਿਫ਼ਾਫ਼ਾ ਦਿੱਤਾ। ਸਾਮਾਨ ਲੈ ਕੇ ਜਾਣ ਤੋਂ ਬਾਅਦ ਜਦੋਂ ਔਰਤ ਨੇ ਨੋਟਾਂ ਦੀ ਦੁਬਾਰਾ ਜਾਂਚ ਕੀਤੀ ਤਾਂ ਦੇਖਿਆ ਕਿ ਨੋਟਾਂ ਉੱਪਰ ਲੱਗੀ ਚਮਕਦਾਰ ਪੱਟੀ ਠੀਕ ਤਰ੍ਹਾਂ ਨਹੀਂ ਲੱਗੀ ਸੀ ਅਤੇ ਸਾਰੇ ਨੋਟਾਂ ਦੇ ਸੀਰੀਅਲ ਨੰਬਰ ਵੀ ਬਿਲਕੁਲ ਇੱਕੋ ਜਿਹੇ ਸਨ।
ਪੁਲਿਸ ਵੱਲੋਂ ਹੁਣ ਇਸ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਗਈ ਹੈ ਤਾਂ ਜੋ ਉਸ ਦੀ ਪਛਾਣ ਕੀਤੀ ਜਾ ਸਕੇ ਅਤੇ ਹੋਰ ਲੋਕ ਅਜਿਹੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਪੁਲਿਸ ਮੁਤਾਬਕ ਖਰੀਦਦਾਰ ਵੱਲੋਂ ਵਰਤਿਆ ਗਿਆ ਫੇਸਬੁੱਕ ਪ੍ਰੋਫਾਈਲ ਵੀ ਜਾਅਲੀ ਹੋਣ ਦਾ ਸ਼ੱਕ ਹੈ ਜਿਸ ਦੀ ਜਾਂਚ ਜਾਰੀ ਹੈ। ਜੇਕਰ ਕੋਈ ਵੀ ਵਿਅਕਤੀ ਇਸ ਸ਼ੱਕੀ ਨੂੰ ਪਛਾਣਦਾ ਹੈ ਤਾਂ ਉਹ ਮਿਸ਼ਨ ਆਰ.ਸੀ.ਐਮ.ਪੀ. ਨਾਲ 604-826-7161 ‘ਤੇ ਫਾਈਲ ਨੰਬਰ 26-3219 ਤਹਿਤ ਸੰਪਰਕ ਕਰ ਸਕਦਾ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਪਲੇਟਫਾਰਮ ਰਾਹੀਂ ਸਾਮਾਨ ਵੇਚਣ ਸਮੇਂ ਭੁਗਤਾਨ ਵਜੋਂ ਮਿਲੀ ਨਕਦੀ ਦੀ ਅਸਲੀਅਤ ਦੀ ਜਾਂਚ ਜ਼ਰੂਰ ਕਰਨ। ਨਕਲੀ ਨੋਟਾਂ ਦੀ ਪਛਾਣ ਸਬੰਧੀ ਜਾਣਕਾਰੀ ਬੈਂਕ ਆਫ਼ ਕੈਨੇਡਾ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ। This report was written by Divroop Kaur as part of the Local Journalism Initiative.

Popular