Sunday, May 10, 2026

ਓਕਲਾਹੋਮਾ ਸਕੂਲ ਵਿੱਚ ਪ੍ਰਿੰਸੀਪਲ ਨੇ ਸ਼ੂਟਰ ਨੂੰ ਕੀਤਾ ਕਾਬੂ, ਵੱਡਾ ਹਮਲਾ ਟਲਿਆ

ਸਰੀ, (ਦਿਵਰੂਪ ਕੌਰ): ਅਮਰੀਕਾ ਦੇ ਓਕਲਾਹੋਮਾ ਸੂਬੇ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇੱਕ ਹਾਈ ਸਕੂਲ ਦੇ ਪ੍ਰਿੰਸੀਪਲ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਇੱਕ ਹਥਿਆਰਬੰਦ ਹਮਲਾਵਰ ਨੂੰ ਕਾਬੂ ਕਰਕੇ ਸਕੂਲ ਵਿੱਚ ਹੋਣ ਵਾਲੇ ਇੱਕ ਵੱਡੇ ਕਤਲੇਆਮ ਨੂੰ ਰੋਕ ਲਿਆ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪ੍ਰਿੰਸੀਪਲ ਨੇ ਬਿਨਾਂ ਕਿਸੇ ਡਰ ਦੇ ਹਮਲਾਵਰ ਉੱਤੇ ਹਮਲਾ ਕੀਤਾ ਅਤੇ ਉਸ ਨੂੰ ਬੈਂਚ ਉੱਤੇ ਪਟਕ ਦਿੱਤਾ। ਇਸ ਬਹਾਦਰੀ ਦੇ ਕਾਰਨ ਸੈਂਕੜੇ ਬੱਚਿਆਂ ਦੀ ਜਾਨ ਬਚ ਗਈ ਹੈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਹੀ ਗੋਲੀਬਾਰੀ ਸ਼ੁਰੂ ਕਰ ਚੁੱਕਾ ਸੀ ਅਤੇ ਉਸ ਦਾ ਇਰਾਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਮਾਰਨ ਦਾ ਸੀ। ਪ੍ਰਿੰਸੀਪਲ ਦੀ ਇਸ ਦਲੇਰੀ ਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਮੌਤ ਦੇ ਸਾਹਮਣੇ ਖੜ੍ਹੇ ਹੋ ਕੇ ਆਪਣਾ ਫਰਜ਼ ਨਿਭਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ, 20 ਸਾਲਾ ਵਿਕਟਰ ਲੀ ਹਾਕਿਨਸ, ਜੋ ਇਸੇ ਸਕੂਲ ਦਾ ਸਾਬਕਾ ਵਿਦਿਆਰਥੀ ਰਿਹਾ ਹੈ, 7 ਅਪ੍ਰੈਲ ਨੂੰ ਦੁਪਹਿਰ 2 ਵਜੇ ਦੇ ਕਰੀਬ ਪੌਲਸ ਵੈਲੀ ਹਾਈ ਸਕੂਲ ਦੀ ਲਾਬੀ ਵਿੱਚ ਦਾਖਲ ਹੋਇਆ। ਉਸ ਦੇ ਹੱਥ ਵਿੱਚ ਦੋ ਲੋਡਿਡ ਸੈਮੀ-ਆਟੋਮੈਟਿਕ ਪਿਸਤੌਲ ਸਨ। ਦਾਖਲ ਹੁੰਦੇ ਹੀ ਉਸ ਨੇ ਉੱਥੇ ਮੌਜੂਦ ਸਾਰਿਆਂ ਨੂੰ ਜ਼ਮੀਨ ਉੱਤੇ ਲੇਟਣ ਲਈ ਕਿਹਾ। ਉਸ ਨੇ ਇੱਕ ਵਿਦਿਆਰਥੀ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਖੁਸ਼ਕਿਸਮਤੀ ਨਾਲ ਪਿਸਤੌਲ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ। ਇਸ ਤੋਂ ਬਾਅਦ ਹਮਲਾਵਰ ਨੇ ਆਪਣਾ ਹਥਿਆਰ ਠੀਕ ਕੀਤਾ ਅਤੇ ਦੂਜੇ ਵਿਅਕਤੀ ਉੱਤੇ ਨਿਸ਼ਾਨਾ ਸਾਧਿਆ ਪਰ ਉਹ ਨਿਸ਼ਾਨਾ ਖੁੰਝ ਗਿਆ। ਇਸ ਦੌਰਾਨ ਸਕੂਲ ਵਿੱਚ ਹੜਕੰਪ ਮਚ ਗਿਆ ਅਤੇ ਹਰ ਕੋਈ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗਾ ਜਿਸ ਨਾਲ ਸਥਿਤੀ ਬਹੁਤ ਹੀ ਖੌਫਨਾਕ ਬਣ ਗਈ ਸੀ।
ਜਿਵੇਂ ਹੀ ਹਮਲਾਵਰ ਨੇ ਦੂਜੀ ਗੋਲੀ ਚਲਾਈ, ਪ੍ਰਿੰਸੀਪਲ ਕਿਰਕ ਮੂਰ ਨੇ ਬਿਨਾਂ ਕਿਸੇ ਦੇਰੀ ਦੇ ਹਾਲਵੇਅ ਵਿੱਚ ਦੌੜ ਕੇ ਹਮਲਾਵਰ ਨੂੰ ਦਬੋਚ ਲਿਆ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮੂਰ ਨੇ ਤੇਜ਼ੀ ਨਾਲ ਹਮਲਾਵਰ ਨੂੰ ਇੱਕ ਬੈਂਚ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਹੱਥ ਮਰੋੜ ਕੇ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਸਕੂਲ ਦੇ ਇੱਕ ਹੋਰ ਸਟਾਫ ਮੈਂਬਰ ਨੇ ਹਮਲਾਵਰ ਦੇ ਹੱਥੋਂ ਡਿੱਗੇ ਪਿਸਤੌਲ ਨੂੰ ਲੱਤ ਮਾਰ ਕੇ ਦੂਰ ਕਰ ਦਿੱਤਾ ਅਤੇ ਬਾਅਦ ਵਿੱਚ ਉਸ ਨੂੰ ਚੁੱਕ ਕੇ ਸੁਰੱਖਿਅਤ ਥਾਂ ‘ਤੇ ਲੈ ਗਏ। ਇਸ ਸੰਘਰਸ਼ ਦੌਰਾਨ ਪ੍ਰਿੰਸੀਪਲ ਮੂਰ ਦੀ ਲੱਤ ਵਿੱਚ ਗੋਲੀ ਲੱਗ ਗਈ, ਪਰ ਉਹਨਾਂ ਨੇ ਹਮਲਾਵਰ ਨੂੰ ਉਦੋਂ ਤੱਕ ਨੱਪੀ ਰੱਖਿਆ ਜਦੋਂ ਤੱਕ ਹਥਿਆਰ ਪੂਰੀ ਤਰ੍ਹਾਂ ਦੂਰ ਨਹੀਂ ਕਰ ਦਿੱਤਾ ਗਿਆ ਅਤੇ ਪੁਲਿਸ ਮੌਕੇ ਉੱਤੇ ਨਹੀਂ ਪਹੁੰਚ ਗਈ।
ਪੁਲਿਸ ਚੀਫ਼ ਡੌਨ ਮੇਅ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਸ਼ਹਿਰ ਦੀ ਆਬਾਦੀ ਲਗਭਗ 6,200 ਹੈ ਅਤੇ ਇਹ ਇੱਕ ਬਹੁਤ ਹੀ ਸ਼ਾਂਤ ਤੇ ਚੰਗਾ ਭਾਈਚਾਰਾ ਹੈ। ਉਹਨਾਂ ਨੇ ਪ੍ਰਿੰਸੀਪਲ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਜੇਕਰ ਮੂਰ ਨੇ ਸਹੀ ਸਮੇਂ ਉੱਤੇ ਸਹੀ ਕਦਮ ਨਾ ਚੁੱਕਿਆ ਹੁੰਦਾ ਤਾਂ ਅੱਜ ਕਈ ਘਰਾਂ ਦੇ ਚਿਰਾਗ ਬੁਝ ਸਕਦੇ ਸਨ। ਪ੍ਰਿੰਸੀਪਲ ਮੂਰ, ਜੋ ਪਿਛਲੇ 35 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਸੇਵਾ ਨਿਭਾ ਰਹੇ ਹਨ, ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਉਹਨਾਂ ਨੇ ਇੱਕ ਬਿਆਨ ਜਾਰੀ ਕਰਦਿਆਂ ਸਮੁਦਾਏ ਵੱਲੋਂ ਮਿਲੇ ਪਿਆਰ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੀ ਸਿਖਲਾਈ ਉੱਤੇ ਮਾਣ ਹੈ ਅਤੇ ਉਹ ਜਲਦ ਹੀ ਠੀਕ ਹੋ ਕੇ ਸਕੂਲ ਵਾਪਸ ਆਉਣ ਲਈ ਉਤਸੁਕ ਹਨ।
ਦੋਸ਼ੀ ਵਿਕਟਰ ਲੀ ਹਾਕਿਨਸ ਫਿਲਹਾਲ ਗਾਰਵਿਨ ਕਾਉਂਟੀ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਦੀ ਜ਼ਮਾਨਤ 1 ਮਿਲੀਅਨ ਡਾਲਰ ਤੈਅ ਕੀਤੀ ਗਈ ਹੈ। ਉਸ ਉੱਤੇ ਕਤਲ ਦੀ ਨੀਅਤ ਨਾਲ ਗੋਲੀ ਚਲਾਉਣ ਅਤੇ ਜਨਤਕ ਥਾਂ ਉੱਤੇ ਹਥਿਆਰ ਰੱਖਣ ਵਰਗੇ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਪੁੱਛਗਿੱਛ ਦੌਰਾਨ ਹਾਕਿਨਸ ਨੇ ਮੰਨਿਆ ਕਿ ਉਹ ਪ੍ਰਿੰਸੀਪਲ ਮੂਰ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਉਹ ਕੋਲੰਬਾਈਨ ਸਕੂਲ ਸ਼ੂਟਿੰਗ ਵਰਗੀ ਘਟਨਾ ਨੂੰ ਅੰਜਾਮ ਦੇ ਕੇ ਆਪਣਾ ਨਾਮ ਬਣਾਉਣਾ ਚਾਹੁੰਦਾ ਸੀ। ਉਸ ਨੇ ਇਹ ਵੀ ਕਬੂਲ ਕੀਤਾ ਕਿ ਉਸ ਨੇ ਆਪਣੇ ਪਿਤਾ ਦੀਆਂ ਦੋ ਪਿਸਤੌਲਾਂ ਬਿਨਾਂ ਇਜਾਜ਼ਤ ਤੋਂ ਚੋਰੀ ਕੀਤੀਆਂ ਸਨ। ਹਾਕਿਨਸ ਨੂੰ 8 ਮਈ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਉਸ ਨੂੰ ਮਿਲਣ ਵਾਲੀ ਸਜ਼ਾ ਬਾਰੇ ਫੈਸਲਾ ਹੋਵੇਗਾ। ਇਸ ਘਟਨਾ ਨੇ ਅਮਰੀਕਾ ਵਿੱਚ ਸਕੂਲ ਸੁਰੱਖਿਆ ਅਤੇ ਬੰਦੂਕ ਸੱਭਿਆਚਾਰ ਉੱਤੇ ਇੱਕ ਵਾਰ ਫਿਰ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। This report was written by Divroop Kaur as part of the Local Journalism Initiative.

Popular