ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਨਿਊਟਨ ਇਲਾਕੇ ਵਿੱਚ ਮੰਗਲਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਮਾਮੂਲੀ ਜ਼ਖਮੀ ਹੋ ਗਿਆ। ਸਰੀ ਪੁਲਿਸ ਸਰਵਿਸ ਦੇ ਸਟਾਫ ਸਾਰਜੈਂਟ ਲਿੰਡਸੇ ਹਾਊਟਨ ਅਨੁਸਾਰ ਇਹ ਘਟਨਾ ਸ਼ਾਮ 7 ਵਜੇ 148 ਸਟਰੀਟ ਦੇ 6800 ਬਲਾਕ ਵਿੱਚ ਵਾਪਰੀ। ਪੁਲਿਸ ਨੂੰ ਮੌਕੇ ‘ਤੇ ਇੱਕ ਰਿਹਾਇਸ਼ੀ ਡਰਾਈਵ-ਵੇਅ ਵਿੱਚ ਖੜ੍ਹੀ ਗੱਡੀ ਦੇ ਅੰਦਰ ਦੋ ਪੀੜਤ ਮਿਲੇ। ਇੱਕ ਵਿਅਕਤੀ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੂਜੇ ਨੂੰ ਹਸਪਤਾਲ ਲਿਜਾਇਆ ਗਿਆ।
ਸੀਸੀਟੀਵੀ ਫੁਟੇਜ ਅਨੁਸਾਰ ਜਦੋਂ ਇੱਕ ਚਾਂਦੀ ਰੰਗ ਦੀ ਕਾਰ ਡਰਾਈਵ-ਵੇਅ ਤੋਂ ਪਿੱਛੇ ਮੁੜਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਇੱਕ ਕਾਲੇ ਰੰਗ ਦੀ ਸੇਡਾਨ ਕਾਰ ਨੇ ਉਸਦਾ ਰਸਤਾ ਰੋਕ ਲਿਆ। ਦੋ ਨਕਾਬਪੋਸ਼ ਹਮਲਾਵਰ ਗੱਡੀ ਵਿੱਚੋਂ ਬਾਹਰ ਨਿਕਲੇ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਤੋਂ ਬਾਅਦ ਫਰਾਰ ਹੋ ਗਏ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਪੀੜਤਾਂ ਦਾ ਉਸ ਰਿਹਾਇਸ਼ ਨਾਲ ਕੋਈ ਸਬੰਧ ਨਹੀਂ ਸੀ ਜਿੱਥੇ ਇਹ ਵਾਰਦਾਤ ਹੋਈ। ਪੁਲਿਸ ਨੂੰ ਨੇੜੇ ਹੀ ਇੱਕ ਸੜੀ ਹੋਈ ਗੱਡੀ ਵੀ ਮਿਲੀ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਹੁਣ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪ ਦਿੱਤੀ ਗਈ ਹੈ।

