ਵੈਨਕੂਵਰ ਪੁਲਿਸ ਵਿਭਾਗ ਇੱਕ ਲਾਪਤਾ ਵਿਅਕਤੀ ਗੁਰਮਿੰਦਰ ਧਾਲੀਵਾਲ ਦੀ ਭਾਲ ਲਈ ਜਨਤਾ ਤੋਂ ਸਹਿਯੋਗ ਮੰਗ ਰਿਹਾ ਹੈ। 46 ਸਾਲਾ ਗੁਰਮਿੰਦਰ ਨੂੰ ਆਖਰੀ ਵਾਰ 25 ਅਪ੍ਰੈਲ ਦੀ ਸਵੇਰ ਨੂੰ 29ਵੇਂ ਐਵੇਨਿਊ ਸਕਾਈ-ਟਰੇਨ ਸਟੇਸ਼ਨ ਦੇ ਨੇੜੇ ਦੇਖਿਆ ਗਿਆ ਸੀ। ਉਹ ਜਿਗਰ ਦੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਅਤੇ ਇਸ ਕਾਰਨ ਉਸਨੂੰ ਚੱਲਣ-ਫਿਰਨ ਵਿੱਚ ਕਾਫੀ ਮੁਸ਼ਕਿਲ ਆਉਂਦੀ ਹੈ। ਪੁਲਿਸ ਅਤੇ ਪਰਿਵਾਰ ਉਸਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹਨ।
ਗੁਰਮਿੰਦਰ ਧਾਲੀਵਾਲ ਦਾ ਕੱਦ 6 ਫੁੱਟ 2 ਇੰਚ ਅਤੇ ਭਾਰ ਲਗਭਗ 196 ਪੌਂਡ ਹੈ। ਉਸਨੇ ਲਾਪਤਾ ਹੋਣ ਸਮੇਂ ‘ਟੀਮ ਕੈਨੇਡਾ’ ਲਿਖਿਆ ਹੋਇਆ ਨੀਲੇ ਜਾਂ ਸਲੇਟੀ ਰੰਗ ਦਾ ਹੂਡੀ ਪਾਇਆ ਹੋਇਆ ਸੀ। ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਗੁਰਮਿੰਦਰ ਤੋਂ ਜਨਤਾ ਨੂੰ ਕੋਈ ਖਤਰਾ ਨਹੀਂ ਹੈ ਅਤੇ ਉਹ ਸਿਰਫ ਉਸਦੀ ਸੁਰੱਖਿਆ ਚਾਹੁੰਦੇ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਗੁਰਮਿੰਦਰ ਨੂੰ ਦੇਖਦੇ ਹਨ ਤਾਂ ਤੁਰੰਤ 911 ‘ਤੇ ਕਾਲ ਕਰਨ ਅਤੇ ਪੁਲਿਸ ਦੇ ਆਉਣ ਤੱਕ ਉਸਦੇ ਨਾਲ ਰਹਿਣ ਦੀ ਕੋਸ਼ਿਸ਼ ਕਰਨ।

