ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਅੱਜ ਇੱਕ ਮਹੱਤਵਪੂਰਨ ਸੰਘੀ ਆਰਥਿਕ ਅਪਡੇਟ ਪੇਸ਼ ਕਰਨ ਜਾ ਰਹੇ ਹਨ। ਇਸ ਅਪਡੇਟ ਵਿੱਚ ਸਰਕਾਰ ਦੀ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਨਵੇਂ ਨਿਵੇਸ਼ਾਂ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਯੋਜਨਾ ਦਾ ਖੁਲਾਸਾ ਕੀਤਾ ਜਾਵੇਗਾ। ਮਾਹਿਰ ਇਸ ਨੂੰ ਇੱਕ ‘ਮਿੰਨੀ ਬਜਟ’ ਵਜੋਂ ਦੇਖ ਰਹੇ ਹਨ ਜਿਸਦਾ ਮੁੱਖ ਉਦੇਸ਼ ਲੰਬੇ ਸਮੇਂ ਦੀ ਆਰਥਿਕ ਸਥਿਰਤਾ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।
ਇਸ ਵਾਰ ਸਭ ਤੋਂ ਵੱਧ ਚਰਚਾ ਵਿੱਤੀ ਘਾਟੇ ‘ਤੇ ਹੋ ਰਹੀ ਹੈ। ਪਿਛਲੇ ਸਾਲ ਨਵੰਬਰ ਵਿੱਚ ਸਰਕਾਰ ਨੇ 78.3 ਅਰਬ ਡਾਲਰ ਦੇ ਰਿਕਾਰਡ ਘਾਟੇ ਦਾ ਅੰਦਾਜ਼ਾ ਲਗਾਇਆ ਸੀ ਪਰ ਤਾਜ਼ਾ ਅੰਕੜਿਆਂ ਅਨੁਸਾਰ ਅਪ੍ਰੈਲ ਤੋਂ ਫਰਵਰੀ ਤੱਕ ਇਹ ਘਾਟਾ ਸਿਰਫ 25.5 ਅਰਬ ਡਾਲਰ ਰਿਹਾ ਹੈ। ਹਾਲਾਂਕਿ ਮਾਰਚ ਮਹੀਨੇ ਵਿੱਚ ਖਰਚੇ ਵਧਣ ਦੀ ਉਮੀਦ ਹੈ ਪਰ ਫਿਰ ਵੀ ਅੰਤਿਮ ਅੰਕੜਾ ਪੁਰਾਣੇ ਅੰਦਾਜ਼ੇ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਜਾਵੇਗਾ ਕਿ ਉਹ ਆਪਣੇ ਆਰਥਿਕ ਏਜੰਡੇ ਨੂੰ ਅੱਗੇ ਵਧਾਉਂਦੇ ਹੋਏ ਖਰਚਿਆਂ ਨੂੰ ਕਿਵੇਂ ਕੰਟਰੋਲ ਕਰੇਗੀ।

