Saturday, May 9, 2026

ਸਰੀ ਲਾਇਬ੍ਰੇਰੀਆਂ ਅਤੇ ਸਰੀ ਮੈਮੋਰੀਅਲ ਹਸਪਤਾਲ ਵਿਚਾਲੇ ਅਹਿਮ ਸਾਂਝ, NICU ਪਰਿਵਾਰਾਂ ਲਈ ‘ਜੈਂਟਲ ਸਟਾਰਟ ਲਾਇਬ੍ਰੇਰੀ’ ਸ਼ੁਰੂ

ਸਰੀ, (ਦਿਵਰੂਪ ਕੌਰ): ਸਰੀ ਲਾਇਬ੍ਰੇਰੀਆਂ ਨੇ ਸਰੀ ਮੈਮੋਰੀਅਲ ਹਸਪਤਾਲ (SMH) ਦੇ ਨਿਓਨੇਟਲ ਇੰਟੈਂਸਿਵ ਕੇਅਰ ਯੂਨਿਟ (NICU) ਵਿੱਚ ਇਲਾਜ ਅਧੀਨ ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਨਵੀਂ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ‘ਜੈਂਟਲ ਸਟਾਰਟ ਲਾਇਬ੍ਰੇਰੀ’ ਨਾਮਕ ਇਸ ਪ੍ਰੋਜੈਕਟ ਦੇ ਤਹਿਤ ਹਸਪਤਾਲ ਦੇ ਹਰ NICU ਯੂਨਿਟ ਨੂੰ ਬੋਰਡ ਬੁੱਕਸ (ਬੱਚਿਆਂ ਦੀਆਂ ਕਿਤਾਬਾਂ) ਦਾ ਸੰਗ੍ਰਹਿ ਮੁਹੱਈਆ ਕਰਵਾਇਆ ਜਾਵੇਗਾ। ਇਸ ਪਹਿਲਕਦਮੀ ਦਾ ਮੁੱਖ ਉਦੇਸ਼ ਹਸਪਤਾਲ ਵਿੱਚ ਰਹਿਣ ਦੌਰਾਨ ਪਰਿਵਾਰਾਂ ਨੂੰ ਸਾਖਰਤਾ ਗਤੀਵਿਧੀਆਂ ਨਾਲ ਜੋੜਨਾ ਅਤੇ ਮੁਢਲੀ ਸਾਖਰਤਾ ਦੇ ਜ਼ਰੀਏ ਉਹਨਾਂ ਵਿੱਚ ਅਪਣੱਤ ਦੀ ਭਾਵਨਾ ਪੈਦਾ ਕਰਨਾ ਹੈ ਤਾਂ ਜੋ ਉਹ NICU ਤੋਂ ਬਾਅਦ ਦੇ ਜੀਵਨ ਲਈ ਤਿਆਰ ਹੋ ਸਕਣ।
ਸਰੀ ਲਾਇਬ੍ਰੇਰੀਆਂ ਦੇ ਬੋਰਡ ਆਫ਼ ਟਰੱਸਟੀਜ਼ ਦੀ ਚੇਅਰ ਲੀਜ਼ਾ ਵੇਰਿੰਗ ਨੇ ਇਸ ਮੌਕੇ ਕਿਹਾ ਕਿ ਲਾਇਬ੍ਰੇਰੀ ਆਪਣੇ ਸਭ ਤੋਂ ਛੋਟੇ ਵਸਨੀਕਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਵਚਨਬੱਧ ਹੈ। ਉਹਨਾਂ ਅਨੁਸਾਰ ਕਿਤਾਬਾਂ ਅਤੇ ਲਾਇਬ੍ਰੇਰੀ ਸੇਵਾਵਾਂ ਨੂੰ ਸਿੱਧਾ NICU ਵਿੱਚ ਲਿਆ ਕੇ ਮਾਪਿਆਂ ਨੂੰ ਪਹਿਲੇ ਦਿਨ ਤੋਂ ਹੀ ਆਪਣੇ ਬੱਚਿਆਂ ਦੇ ਵਿਕਾਸ ਵਿੱਚ ਮਦਦ ਮਿਲੇਗੀ। ਉਹਨਾਂ ਨੇ ਇਸ ਪ੍ਰੋਜੈਕਟ ਨੂੰ ਕਮਿਊਨਿਟੀ ਸਹਿਯੋਗ ਦੀ ਇੱਕ ਵੱਡੀ ਮਿਸਾਲ ਦੱਸਿਆ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਉਦਾਰ ਸਹਾਇਤਾ ਨਾਲ ਇਹ ਪ੍ਰੋਜੈਕਟ ਸੰਭਵ ਹੋ ਸਕਿਆ ਹੈ।
ਇਸ ਪ੍ਰੋਜੈਕਟ ਵਿੱਚ ਹਰ ਕਮਰੇ ਲਈ ਕਿਤਾਬਾਂ ਦੇ ਨਾਲ-ਨਾਲ ਇੱਕ ਘੁੰਮਣ ਵਾਲੀ ਰੇੜ੍ਹੀ (ਰੋਮਿੰਗ ਕਾਰਟ) ਦੀ ਸਹੂਲਤ ਵੀ ਦਿੱਤੀ ਗਈ ਹੈ। ਇਹ ਰੇੜ੍ਹੀ ਵੱਡੇ ਭੈਣ-ਭਰਾਵਾਂ ਲਈ ਵਾਧੂ ਕਿਤਾਬਾਂ ਅਤੇ ਹੋਰ ਭਾਸ਼ਾਵਾਂ ਵਿੱਚ ਵੀ ਸਮੱਗਰੀ ਮੁਹੱਈਆ ਕਰਵਾਏਗੀ, ਤਾਂ ਜੋ ਪਰਿਵਾਰ ਆਪਣੀ ਖ਼ਾਸ ਲੋੜ ਅਨੁਸਾਰ ਕਮਰੇ ਦੇ ਕਿਤਾਬ ਸੰਗ੍ਰਹਿ ਨੂੰ ਬਦਲ ਸਕਣ। ਲਾਇਬ੍ਰੇਰੀ ਸਟਾਫ਼ ਵੱਲੋਂ ਹਸਪਤਾਲ ਵਿੱਚ ਆਊਟਰੀਚ ਸੇਵਾਵਾਂ ਦਿੱਤੀਆਂ ਜਾਣਗੀਆਂ, ਦੇਖਭਾਲ ਕਰਨ ਵਾਲਿਆਂ ਲਈ ਸਾਖਰਤਾ ਕਲਾਸਾਂ ਲਗਾਈਆਂ ਜਾਣਗੀਆਂ ਅਤੇ ਨਵਜੰਮੇ ਬੱਚਿਆਂ ਦੇ ਪਹਿਲੇ ਲਾਇਬ੍ਰੇਰੀ ਕਾਰਡ ਵੀ ਬਣਾਏ ਜਾਣਗੇ।
ਸਰੀ ਵਿੱਚ ਜਨਮ ਦਰ ਪੂਰੇ ਬ੍ਰਿਟਿਸ਼ ਕੋਲੰਬੀਆ ਵਿੱਚ ਸਭ ਤੋਂ ਵੱਧ ਹੈ, ਜਿੱਥੇ ਸਾਲਾਨਾ ਔਸਤਨ 6,000 ਬੱਚੇ ਜਨਮ ਲੈਂਦੇ ਹਨ। ਇਹ ਪ੍ਰੋਗਰਾਮ ਸਾਖਰਤਾ ਸਹਾਇਤਾ ਦੀ ਵਧ ਰਹੀ ਲੋੜ ਨੂੰ ਮੁੱਖ ਰੱਖਦਿਆਂ ਤਿਆਰ ਕੀਤਾ ਗਿਆ ਹੈ। NICU ਵਿੱਚ ਰਹਿਣ ਦੌਰਾਨ ਪਰਿਵਾਰ ਅਕਸਰ ਮਾਨਸਿਕ ਦਬਾਅ ਅਤੇ ਚਿੰਤਾ ਦੇ ਦੌਰ ਵਿੱਚੋਂ ਗੁਜ਼ਰਦੇ ਹਨ ਅਤੇ ਇਹ ਲਾਇਬ੍ਰੇਰੀ ਉਹਨਾਂ ਨੂੰ ਇੱਕ ਸੁਖਦ, ਵੇਲਕਮਿੰਗ ਅਤੇ ਦੇਖਭਾਲ ਵਾਲਾ ਮਾਹੌਲ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਪ੍ਰੋਜੈਕਟ ਲਈ ਸਾਰਾ ਫੰਡ ਸਰੀ ਲਾਇਬ੍ਰੇਰੀਆਂ ਦੇ ਦਾਨੀਆਂ ਦੁਆਰਾ ਇਕੱਠਾ ਕੀਤਾ ਗਿਆ ਹੈ।

Popular