Saturday, May 9, 2026

ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਕਿਵੇਂ ਜੋੜੀਏ?

ਪ੍ਰਕਾਸ਼ ਸਿੰਘ ਗਿੱਲ
ਸੰਪਰਕ: 92126-32234
ਪੰਜਾਬੀ ਭਾਸ਼ਾ ਸਾਡੀ ਪਛਾਣ, ਵਿਰਾਸਤ ਅਤੇ ਸੱਭਿਆਚਾਰ ਦਾ ਮੂਲ ਆਧਾਰ ਹੈ। ਇਹ ਭਾਸ਼ਾ ਸਾਨੂੰ ਆਪਣੇ ਗੌਰਵਸ਼ਾਲੀ ਇਤਿਹਾਸ, ਰਸਮਾਂ-ਰਿਵਾਜਾਂ ਅਤੇ ਮਹਾਨ ਵਿਅਕਤੀਆਂ ਨਾਲ ਜੋੜਦੀ ਹੈ, ਪਰ ਆਧੁਨਿਕ ਯੁੱਗ ਵਿੱਚ ਅੰਗਰੇਜ਼ੀ ਅਤੇ ਹੋਰ ਵਿਦੇਸ਼ੀ ਭਾਸ਼ਾਵਾਂ ਦਾ ਪ੍ਰਭਾਵ ਵਧ ਰਿਹਾ ਹੈ ਅਤੇ ਸਾਡੇ ਭਾਰਤੀ ਪਰਿਵਾਰ ਤੇ ਬੱਚੇ ਇਸੇ ਅੰਨ੍ਹੀ ਦੌੜ ਵਿੱਚ ਲੱਗੇ ਹੋਏ ਹਨ। ਇਸ ਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਸਾਡੇ ਆਪਣੇ ਬੱਚੇ ਤੇ ਪਰਿਵਾਰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲੋਂ ਟੁੱਟ ਰਹੇ ਹਨ। ਹੁਣ ਸਾਡੇ ਸਾਹਮਣੇ ਸਵਾਲ ਪੈਦਾ ਹੁੰਦਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਕਿਵੇਂ ਜੋੜੀਏ ਕਿਉਂਕਿ ਅੱਜ ਦੇ ਸਮੇਂ ਵਿੱਚ ਇਸ ਦੀ ਵੱਡੀ ਲੋੜ ਹੈ। ਸਿੱਖਿਆ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੱਚੇ ਦਾ ਮੁੱਢਲਾ ਸਕੂਲ ਉਸ ਦਾ ਆਪਣਾ ਘਰ ਹੈ। ਇਸ ਲਈ ਘਰ ਦਾ ਮਾਹੌਲ ਬੱਚੇ ਦੀ ਸ਼ਖ਼ਸੀਅਤ ਦੇ ਨਿਖਾਰ ਵਿੱਚ ਵੱਡਾ ਰੋਲ ਨਿਭਾਉਂਦਾ ਹੈ। ਜੇਕਰ ਮਾਪੇ ਆਪਣੇ ਬੱਚਿਆਂ ਨਾਲ ਰੋਜ਼ਾਨਾ ਗੱਲਬਾਤ ਵਿੱਚ ਪੰਜਾਬੀ ਬੋਲੀ ਨੂੰ ਸ਼ਾਮਲ ਕਰਨ, ਨਿੱਕੇ-ਨਿੱਕੇ ਕੰਮ ਉਨ੍ਹਾਂ ਤੋਂ ਆਪਣੀ ਮਾਂ ਬੋਲੀ ਵਿੱਚ ਕਰਵਾਉਣ ਤੇ ਨਾਲ-ਨਾਲ ਘਰ ਦੇ ਬਜ਼ੁਰਗ ਬੱਚਿਆਂ ਨੂੰ ਪੰਜਾਬੀ ਵਿੱਚ ਪ੍ਰੇਰਣਾਦਾਇਕ ਕਹਾਣੀਆਂ ਸੁਣਾਉਣ ਤਾਂ ਉਹ ਸਹਿਜੇ ਪੰਜਾਬੀ ਬੋਲੀ ਨਾਲ ਜੁੜ ਜਾਣਗੇ।
ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਅੱਜ ਸਾਡੇ ਘਰ ਮਹਿੰਗੀਆਂ ਤੋਂ ਮਹਿੰਗੀਆਂ ਸਜਾਵਟੀ ਵਸਤਾਂ ਨਾਲ ਭਰੇ ਪਏ ਹਨ। ਦੂਜੇ ਪਾਸੇ ਘਰਾਂ ਵਿੱਚ ਪੁਸਤਕਾਂ ਦੇਖਣ ਨੂੰ ਨਹੀਂ ਮਿਲਦੀਆਂ। ਜੇਕਰ ਪੁਸਤਕਾਂ ਮੌਜੂਦ ਵੀ ਹਨ ਤਾਂ ਉਹ ਸਕੂਲ ਦੇ ਵਿਸ਼ਿਆਂ ਜਾਂ ਪਾਠਕ੍ਰਮ ਨਾਲ ਸਬੰਧਿਤ ਹੁੰਦੀਆਂ ਹਨ। ਜਿਹੜੇ ਮਾਪੇ ਬੱਚਿਆਂ ਨੂੰ ਆਪਣੀ ਬੋਲੀ ਤੇ ਵਿਰਸੇ ਨਾਲ ਜੋੜਨਾ ਚਾਹੁੰਦੇ ਹਨ ਤਾਂ ਉਹ ਘਰਾਂ ਵਿੱਚ ਪੰਜਾਬੀ ਦੀ ਪੁਸਤਕਾਂ, ਰਸਾਲੇ ਅਤੇ ਅਖ਼ਬਾਰ ਰੱਖਣ। ਇਹ ਜ਼ਰੂਰੀ ਨਹੀਂ ਕਿ ਇਹ ਪੁਸਤਕਾਂ ਮਹਿੰਗੀਆਂ ਹੀ ਹੋਣ। ਇਸ ਦਾ ਨਤੀਜਾ ਇਹ ਨਿਕਲੇਗਾ ਕਿ ਬੱਚਿਆਂ ਵਿੱਚ ਆਪਣੀ ਭਾਸ਼ਾ ਲਈ ਰੁਚੀ ਆਪਣੇ ਆਪ ਪੈਦਾ ਹੋਵੇਗੀ। ਸਿਆਣੇ ਕਹਿੰਦੇ ਹਨ ਕਿ ਬੱਚੇ ਅਕਸਰ ਉਹੀ ਸਿੱਖਦੇ ਹਨ ਜੋ ਉਹ ਆਪਣੇ ਘਰਾਂ ਵਿੱਚ ਦੇਖਦੇ ਅਤੇ ਸੁਣਦੇ ਹਨ। ਬੱਚੇ ਦੀ ਸਕੂਲੀ ਸਿੱਖਿਆ ਬਾਰੇ ਗੱਲ ਆਉਂਦੀ ਹੈ ਤਾਂ ਮਾਪਿਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਮਹਿੰਗੇ ਤੋਂ ਮਹਿੰਗੇ ਸਕੂਲ ਵਿੱਚ ਦਾਖ਼ਲ ਕਰਵਾਇਆ ਜਾਵੇ। ਪਹਿਲ ਉਸ ਸਿੱਖਿਆ ਅਦਾਰੇ ਨੂੰ ਦੇਈਏ ਜਿੱਥੇ ਉਸ ਦੀ ਮਾਤ-ਭਾਸ਼ਾ ਦੀ ਥਾਂ ਵਿਦੇਸ਼ੀ ਭਾਸ਼ਾ ਤੇ ਸੱਭਿਆਚਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੋਵੇ। ਇੱਥੋਂ ਹੀ ਬੱਚੇ ਦੀ ਆਪਣੀ ਭਾਸ਼ਾ ਤੇ ਸੱਭਿਆਚਾਰ ਨਾਲ ਦੂਰੀ ਵਧ ਜਾਂਦੀ ਹੈ। ਮੈਂ ਖ਼ੁਦ ਵਿਦਿਅਕ ਅਦਾਰੇ ਨਾਲ ਜੁੜਿਆ ਹੋਇਆ ਹਾਂ। ਅਕਸਰ ਦੇਖਦਾ ਹਾਂ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਮਾਪੇ ਆਪਣੀ ਮਾਂ ਬੋਲੀ ਤੇ ਸੱਭਿਆਚਾਰ ਪ੍ਰਤੀ ਹੁੰਗਾਰਾ ਢਿੱਲਾ ਹੀ ਦਿੰਦੇ ਹਨ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਬਾਰੇ ਰੌਚਕ ਢੰਗ ਨਾਲ ਪੜ੍ਹਾਇਆ ਜਾਵੇ। ਵੱਡੀ ਜਮਾਤਾਂ ਦੇ ਬੱਚਿਆਂ ਨੂੰ ਸਿਰਫ਼ ਪੁਸਤਕਾਂ ਤੱਕ ਸੀਮਤ ਨਾ ਰੱਖ ਕੇ, ਉਨ੍ਹਾਂ ਨੂੰ ਨਾਟਕ, ਕਵੀ ਦਰਬਾਰ, ਕਹਾਣੀ ਮੁਕਾਬਲੇ ਅਤੇ ਲੇਖ ਮੁਕਾਬਲਿਆਂ ਰਾਹੀਂ ਵੀ ਭਾਸ਼ਾ ਤੇ ਸੱਭਿਆਚਾਰ ਨਾਲ ਜੋੜਿਆ ਜਾ ਸਕਦਾ ਹੈ। ਸ਼ਿਵ ਕੁਮਾਰ ਬਟਾਲਵੀ, ਅੰਮ੍ਰਿਤਾ ਪ੍ਰੀਤਮ, ਵਾਰਿਸ ਸ਼ਾਹ, ਬੁੱਲ੍ਹੇ ਸ਼ਾਹ ਜਿਹੇ ਪੰਜਾਬੀ ਦੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਨਾਲ ਬੱਚਿਆਂ ਦੀ ਪਛਾਣ ਕਰਵਾਉਣਾ ਵੀ ਲਾਭਕਾਰੀ ਹੈ।
ਭਾਸ਼ਾ ਨਾਲ ਜੋੜਨ ਵਿੱਚ ਸੱਭਿਆਚਾਰਕ ਗਤੀਵਿਧੀਆਂ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖ਼ਾਸ ਤੌਰ ’ਤੇ ਭੰਗੜਾ, ਗਿੱਧਾ, ਲੋਕ ਗੀਤ ਅਤੇ ਤਿਉਹਾਰਾਂ ਦੇ ਵੱਖ-ਵੱਖ ਸਮਾਗਮਾਂ ਰਾਹੀਂ ਬੱਚਿਆਂ ਨੂੰ ਆਪਣੇ ਵਿਰਸੇ ਤੇ ਆਪਣੀ ਮਿੱਟੀ ਨਾਲ ਜੋੜਿਆ ਜਾ ਸਕਦਾ ਹੈ। ਜਦੋਂ ਬੱਚੇ ਮਿੱਟੀ ਦੀ ਖੁਸ਼ਬੂ ਵਰਗੇ ਰੰਗਲੇ ਸੱਭਿਆਚਾਰ ਦੇ ਗੀਤ ਸੁਣਦੇ ਹਨ ਜਾਂ ਪੰਜਾਬੀ ਕਵਿਤਾਵਾਂ ਪੜ੍ਹਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਆਪਣੀ ਭਾਸ਼ਾ ਲਈ ਮਾਣ ਪੈਦਾ ਹੁੰਦਾ ਹੈ। ਅੱਜ ਦੇ ਸਮੇਂ ਹਰ ਕੋਈ ਆਧੁਨਿਕ ਤਕਨਾਲੋਜੀ ਦਾ ਦੀਵਾਨਾ ਹੈ। ਫਿਰ ਸਾਡੇ ਬੱਚੇ ਇਸ ਤੋਂ ਵੱਖਰੇ ਕਿਵੇਂ ਰਹਿ ਸਕਦੇ ਹਨ। ਲੇਕਿਨ ਆਧੁਨਿਕ ਤਕਨਾਲੋਜੀ ਦਾ ਸਹੀ ਇਸਤੇਮਾਲ ਵੀ ਜ਼ਰੂਰੀ ਹੈ। ਬੱਚਿਆਂ ਨੂੰ ਮੋਬਾਈਲ ਐਪ, ਯੂਟਿਊਬ ਚੈਨਲ ਅਤੇ ਸੋਸ਼ਲ ਮੀਡੀਆ ਰਾਹੀਂ ਪੰਜਾਬੀ ਸਿਖਾਉਣ ਦੇ ਤਰੀਕੇ ਨੂੰ ਰੌਚਕ ਬਣਾਇਆ ਜਾ ਸਕਦਾ ਹੈ। ਜੇ ਬੱਚਿਆਂ ਨੂੰ ਕਾਰਟੂਨ, ਕਹਾਣੀਆਂ ਅਤੇ ਸਿੱਖਿਆਤਮਕ ਵੀਡੀਓ ਪੰਜਾਬੀ ਵਿੱਚ ਪ੍ਰਾਪਤ ਹੋਣ ਤਾਂ ਉਹ ਖ਼ੁਸ਼ੀ-ਖ਼ੁਸ਼ੀ ਇਸ ਨੂੰ ਅਪਣਾਉਣਗੇ।
ਅਖੀਰ ਵਿੱਚ ਇਹ ਹੀ ਕਿਹਾ ਸਕਦਾ ਹੈ ਕਿ ਬੱਚਿਆਂ ਵਿੱਚ ਭਾਸ਼ਾ ਲਈ ਮਾਣ ਅਤੇ ਗਰੂਰ ਦੀ ਭਾਵਨਾ ਜਗਾਉਣੀ ਅੱਜ ਦੇ ਸਮੇਂ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਗੁਰੂਆਂ, ਪੀਰਾਂ-ਫ਼ਕੀਰਾਂ ਅਤੇ ਮਹਾਨ ਕਵੀਆਂ ਦੀ ਭਾਸ਼ਾ ਹੈ। ਇਹ ਸਾਡੀ ਸਾਂਝੀ ਪਛਾਣ ਹੈ। ਜੇਕਰ ਅਸੀਂ ਆਪ ਆਪਣੀ ਭਾਸ਼ਾ ਨਾਲ ਪਿਆਰ ਕਰਾਂਗੇ ਤਾਂ ਸਾਡੇ ਬੱਚੇ ਵੀ ਇਸ ਨੂੰ ਆਪਣੇ ਦਿਲ ਨਾਲ ਅਪਣਾਉਣਗੇ। ਇਉਂ ਘਰ, ਸਕੂਲ, ਸਮਾਜ ਅਤੇ ਤਕਨਾਲੋਜੀ ਦੇ ਸਹਿਯੋਗ ਨਾਲ ਅਸੀਂ ਭਾਰਤੀ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਮਜ਼ਬੂਤੀ ਨਾਲ ਜੋੜ ਸਕਦੇ ਹਾਂ ਅਤੇ ਆਪਣੀ ਅਮੀਰ ਵਿਰਾਸਤ ਨੂੰ ਸੰਭਾਲ ਸਕਦੇ ਹਾਂ।

Popular