ਇਕਬਾਲ ਸਿੰਘ ਹਮਜ਼ਾਪੁਰ
ਸੰਪਰਕ: 94165-92149
ਸਕੁਲ ਦੀ ਛੁੱਟੀ ਹੋ ਗਈ ਸੀ। ਸਾਰੇ ਬੱਚੇ ਆਪੋ-ਆਪਣਾ ਬਸਤਾ ਲੈ ਕੇ ਘਰ ਨੂੰ ਤੁਰ ਪਏ ਸਨ, ਪਰ ਅੱਖਰ ਸਕੂਲ ਵਿੱਚ ਹੀ ਰੁਕ ਗਏ। ਅੱਖਰ, ਬੱਚਿਆਂ ਨਾਲ ਘਰ ਨਹੀਂ ਗਏ ਸਨ। ਸਾਰੇ ਅੱਖਰਾਂ ਨੂੰ ਉਨ੍ਹਾਂ ਦੇ ਵੱਡੇ ਭਰਾ ‘ੳ’ ਨੇ ਰੁਕਣ ਲਈ ਆਖਿਆ ਸੀ। ‘ੳ’ ਨੇ ਅੱਖਰਾਂ ਨੂੰ ਸਕੂਲ ਵਿੱਚ ਹੀ ਇੱਕ ਪਾਰਕ ਵਿੱਚ ਇਕੱਠੇ ਕਰ ਲਿਆ। ਸਾਰੇ ਅੱਖਰਾਂ ਦੇ ਮੱਥੇ ’ਤੇ ਡੂੰਘੀ ਚਿੰਤਾ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ।
ਅੱਖਰ ਸਵੇਰ ਦੇ ਬੱਚਿਆਂ ਦੇ ਬਸਤਿਆਂ ਵਿੱਚ ਬੰਦ ਸਨ। ਪੂਰਾ ਦਿਨ ਨਿਕਲ ਗਿਆ ਸੀ, ਕਿਸੇ ਵੀ ਅਧਿਆਪਕ ਨੇ ਅੱਖਰਾਂ ਨੂੰ ਨਾ ਪੜ੍ਹਾਇਆ ਸੀ ਤੇ ਨਾ ਹੀ ਲਿਖਾਇਆ ਸੀ। ‘ੳ’ ਤੋਂ ਲੈ ਕੇ ‘ੜ’ ਤੱਕ ਦੇ ਸਾਰੇ ਅੱਖਰ ਬਸਤਿਆਂ ਵਿੱਚ ਬੈਠੇ-ਬੈਠੇ ਬੋਰ ਹੋ ਗਏ ਸਨ। ਉਹ ਪਿਛਲੇ ਦਿਨ ਵੀ ਇੰਝ ਹੀ ਬਸਤਿਆਂ ਵਿੱਚ ਬੈਠੇ ਰਹੇ ਸਨ।
‘‘ਭਰਾਵੋ! ਲੱਗਦੈ ਕਿ ਅਸੀਂ ਕਿਤਾਬਾਂ ਜੋਗੇ ਹੀ ਰਹਿ ਗਏ ਹਾਂ। ਬੱਚੇ ਸਾਡੇ ਵਾਲੀ ਕਿਤਾਬ ਨੂੰ ਬਸਤੇ ਵਿੱਚ ਪਾ ਕੇ ਤਾਂ ਲਿਆਉਂਦੇ ਹਨ, ਪਰ ਕੋਈ ਵੀ ਅਧਿਆਪਕ ਨਾ ਸਾਨੂੰ ਪੜ੍ਹਾਉਂਦਾ ਹੈ ਤੇ ਨਾ ਹੀ ਲਿਖਾਉਂਦਾ ਹੈ। ਇੰਝ ਤਾਂ ਸਾਡੀ ਹੋਂਦ ਖ਼ਤਰੇ ਵਿੱਚ ਪੈ ਜਾਵੇਗੀ। ਬੱਚੇ ਸਾਰਾ ਦਿਨ ਅੰਗਰੇਜ਼ੀ ਅੱਖਰਾਂ ਨੂੰ ਪੜ੍ਹਦੇ-ਲਿਖਦੇ ਰਹਿੰਦੇ ਹਨ। ਹੌਲੀ-ਹੌਲੀ ਅਸੀਂ ਬੱਚਿਆਂ ਦੇ ਬਸਤਿਆਂ ਵਿੱਚੋਂ ਵੀ ਨਿਕਲ ਜਾਵਾਂਗੇ।’’ ‘ੳ’ ਨੇ ਬਾਕੀ ਦੇ ਅੱਖਰਾਂ ਨੂੰ ਸੰਬੋਧਨ ਕਰਦਿਆਂ ਆਖਿਆ।
‘‘ਭਰਾਵੋ! ਸਾਨੂੰ ਤੇ ਅਧਿਆਪਕਾਂ ਨੇ ਕਈ ਚਿਰ ਪਹਿਲਾਂ ਹੀ ਪੜ੍ਹਾਉਣਾ-ਲਿਖਾਉਣਾ ਬੰਦ ਕਰ ਦਿੱਤਾ ਸੀ। ਹੁਣ ਇਹ ਤੁਹਾਨੂੰ ਵੀ ਵਿਸਾਰਦੇ ਜਾ ਰਹੇ ਹਨ।’’ ‘ਙ’ ਤੇ ‘ਞ’ ਨੇ ਚਿੰਤਾ ਜ਼ਾਹਿਰ ਕਰਦਿਆਂ ਆਖਿਆ।
‘‘ਜੇੇ ਸਾਡੇ ਚੌਂਤੀ ਭਰਾ ਤੇ ਇੱਕ ਭੈਣ ਨਾ ਰਹੀ ਤਾਂ ਅਸੀਂ ਆਪੇ ਮਰ-ਮੁੱਕ ਜਾਣੈ। ਅਸੀਂ ਅੱਖਰਾਂ ਨਾਲ ਹੀ ਲੱਗਣਾ ਹੁੰਦੈ।’’ ਬਿੰਦੀ, ਟਿੱਪੀ ਤੇ ਅੱਧਕ ਆਖਣ ਲੱਗੀਆਂ।
‘‘ਇਹ ਕੋਈ ਡੂੰਘੀ ਸਾਜ਼ਿਸ਼ ਲੱਗਦੀ ਹੈ। ਅਧਿਆਪਕਾਂ ਨੇ ਸਾਨੂੰ ਪੜ੍ਹਾਉਣਾ ਤੇ ਲਿਖਾਉਣਾ ਬੰਦ ਕਰ ਦਿੱਤਾ ਹੈ।’’ ‘ਅ’ ਵੀ ਬੋਲ ਪਿਆ।
‘‘ਸਾਡਾ ਮੁੱਲ ਘੱਟ ਨਹੀਂ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹਾਂ। ਬਾਬਾ ਬੁੱਲੇ ਸ਼ਾਹ ਨੇ ਆਪਣੇ ਕਲਾਮ ਤੇ ਵਾਰਸ਼ ਸ਼ਾਹ ਨੇ ਹੀਰ ਲਿਖਣ ਵੇਲੇ ਵੀ ਸਾਨੂੰ ਵਰਤਿਆ ਹੈ। ਸਾਡੀ ਭਾਸ਼ਾ ਬੋਲਣ ਵਾਲੇ ਕਿੱਥੇ ਨਹੀਂ ਵਸਦੇ।’’ ‘ੲ’ ਦੱਸਣ ਲੱਗੀ।
‘‘ਇਹ ਚੰਗੀ ਗੱਲ ਹੈ ਕਿ ਅਸੀਂਂ ਮਹਾਨ ਗ੍ਰੰਥਾਂ ਦਾ ਸ਼ਿੰਗਾਰ ਬਣੇ ਹਾਂ ਤੇ ਦੁਨੀਆ ਦੇ ਬਹੁਤੇ ਦੇਸ਼ਾਂ ਵਿੱਚ ਸਾਡੇ ਨਾਲ ਜੁੜੀ ਭਾਸ਼ਾ ਬੋਲਣ ਤੇ ਸਮਝਣ ਵਾਲੇ ਵਸਦੇ ਹਨ, ਪਰ ਬੱਚੇ ਤੇ ਅਧਿਆਪਕ ਸਾਨੂੰ ਹਾਸ਼ੀਏ ’ਤੇ ਕਰਦੇ ਜਾ ਰਹੇ ਹਨ। ਮੈਂ ਵੇਖਿਆ, ਜਿਨ੍ਹਾਂ ਬੋਲੀਆਂ ਨੂੰ ਅਗਲੀ ਪੀੜ੍ਹੀ ਪੜ੍ਹਦੀ-ਲਿਖਦੀ ਨਹੀਂ, ਉਹ ਬਹੁਤਾ ਸਮਾਂ ਜਿਉਂਦੀਆਂ ਨਹੀਂਂ ਰਹਿੰਦੀਆਂ।’’ ‘ੳ’ ਨੇ ਚਿੰਤਾ ਜ਼ਾਹਿਰ ਕੀਤੀ।
‘‘ਭਾਊ! ਤੂੰ ਫ਼ਿਕਰ ਨਾ ਕਰਿਆ ਕਰ। ਅਸੀਂ ਨਹੀਂ ਮਰਦੇ। ਬੱਚੇ ਸਕੂਲਾਂ ਵਿੱਚ ਸਾਨੂੰ ਲਿਖਣਾ-ਪੜ੍ਹਨਾ ਛੱਡ ਗਏ ਹਨ। ਉਹ ਘਰਾਂ ਵਿੱਚ ਮੋਬਾਈਲਾਂ ਉੱਪਰ ਮੈਸਜੇ ਭੇਜਣ ਵੇਲੇ ਸਾਡੀ ਖ਼ੂਬ ਵਰਤੋਂ ਕਰਦੇ ਹਨ।’’ ‘ਕ’ ਦੱਸਣ ਲੱਗਾ।
‘‘ਲੋਕ ਮੈਸੇਜ ਭੇਜਣ ਵੇਲੇ ਸਾਡੀ ਨਹੀਂ, ਰੋਮਨ ਅੱਖਰਾਂ ਦੀ ਵਰਤੋਂ ਕਰਦੇ ਹਨ। ਉਹ ਪੰਜਾਬੀ ਵਿੱਚ ਮੈਸੇਜ ਟਾਈਪ ਕਰਨ ਵੇਲੇ ਵੀ ਰੋਮਨ ਅੱਖਰ ਵਰਤਦੇ ਹਨ। ਲੋਕ ਸਾਡੇ ਨਾਲ ਮਜ਼ਾਕ ਜਿਹਾ ਕਰਦੇ ਜਾਪਦੇ ਹਨ। ਇਹ ਤਾਂ ਸਾਡੀ ਹੋਰ ਵੀ ਬੇਇੱਜ਼ਤੀ ਹੈ।’’ ‘ਖ’ ਵੀ ਬੋਲ ਪਿਆ।
‘‘ਮੋਬਾਈਲ ਤੇ ਕੰਪਿਊਟਰ ਉੱਤੇ ਮਾਹਿਰਾਂ ਨੇ ਸਾਨੂੰ ਪਾ ਦਿੱਤਾ ਹੈ। ਹੁਣ ਮੋਬਾਈਲ ਉੱਪਰ ਪੰਜਾਬੀ ਲਿਖਣ ਲਈ ਰੋਮਨ ਅੱਖਰਾਂ ਨੂੰ ਵਰਤਣ ਦੀ ਜ਼ਰੂਰਤ ਨਹੀਂ ਹੈ। ਫਿਰ ਵੀ ਮੈਂ ਚਾਹੁੰਦਾ ਹਾਂ ਕਿ ਬੱਚੇ ਦੋ ਉਂਗਲਾਂ ਤੇ ਅੰਗੂਠੇ ਨਾਲ ਪੈੱਨ-ਪੈਂਸਿਲ ਫੜ ਕੇ ਸਾਡੀਆਂ ਵੰਨ-ਸੁੰਨੀਆਂ ਸ਼ਕਲਾਂ ਬਣਾਉਣ। ਬੱਚੇ ਸਾਡੇ ਨਾਲ ਕਲੋਲਾਂ ਕਰਨ, ਪਰ ਇੰਝ ਕੋਈ ਨਹੀਂ ਕਰਦਾ।’’ ‘ੳ’ ਨੇ ਆਪਣੀ ਰਾਇ ਦਿੱਤੀ।
‘‘ਆਪਾਂ ਵੀ ਪੰਜਾਬ ਛੱਡ ਕੇ ਕਿਸੇ ਹੋਰ ਦੇਸ਼ ਚਲੇ ਜਾਈਏ। ਇੱਥੇ ਹੁਣ ਆਪਣੀ ਕਦਰ ਨਹੀਂ ਰਹੀ।’’ ‘ਚ’ ਆਖਣ ਲੱਗਾ।
‘‘ਵਿਦੇਸ਼ਾਂ ਵਿੱਚ ਆਪਾਂ ਨੂੰ ਸੰਵਾਰਨ- ਸਜਾਉਣ ਲਈ ਕਿਸੇੇ ਕੋਲ ਸਮਾਂ ਨਹੀਂ ਹੈ। ਵਿਦੇਸ਼ਾਂ ਵਿੱਚ ਸਭ ਕੰਮਾਂ ਪਿੱਛੇ ਭੱਜੇ ਫਿਰਦੇ ਹਨ। ਉਂਜ ਵੀ ਆਪਾਂ ਰੰਗਲੇ ਪੰਜਾਬ ਦੀ ਮਿੱਟੀ ਵਿੱਚੋਂ ਜਨਮੇ ਹਾਂ। ਪੰਜਾਬ ਨੂੰ ਛੱਡ ਕੇ ਸਾਨੂੰ ਕਿਧਰੇ ਨਹੀਂ ਜਾਣਾ ਚਾਹੀਦਾ।’’ ‘ਛ’ ਬਾਕੀ ਦੇ ਅੱਖਰਾਂ ਨੂੰ ਸਮਝਾਉਣ ਲੱਗਾ।
‘‘ਮਿੱਤਰੋ! ਦਿਲ ਛੋਟਾ ਨਾ ਕਰੋ। ਅਜੇ ਸਾਡੇ ਕਦਰਦਾਨ ਬਾਕੀ ਹਨ। ਅਸੀਂ ਇਸ ਵੇਲੇ ਇੱਕ ਸ਼ਹਿਰ ਦੇ ਮਹਿੰਗੇ ਸਕੂਲ ਵਿੱਚ ਬੈਠੇ ਹਾਂ। ਪਿੰਡਾਂ ਦੇ ਸਕੂਲਾਂ ਵਿੱਚ ਸਾਰੇ ਬੱਚੇ ਸਾਨੂੰ ਅੱਜ ਵੀ ਪੜ੍ਹਦੇ-ਲਿਖਦੇ ਹਨ। ਉਹ ਸਾਇੰਸ-ਗਣਿਤ ਪੜ੍ਹਨ ਵੇਲੇ ਵੀ ਸਾਡੀ ਵਰਤੋਂ ਕਰਦੇ ਹਨ। ਮੈਂ ਸੁਣਿਆ, ਮੋਗੇ ਵਾਲੇ ਪਾਸੇ ਕੁਝ ਸਾਡੇ ਹਿਤੈਸ਼ੀ ਅੱਖਰਕਾਰੀ ਵੀ ਕਰਨ ਲੱਗ ਪਏ ਹਨ। ਉਹ ਸਾਡੀਆਂ ਸੋਹਣੀਆਂ-ਸੋਹਣੀਆਂ ਸ਼ਕਲਾਂ ਬਣਾਉਂਦੇ ਹਨ।’’ ‘ਟ’ ਨੇ ਆਖਿਆ।
‘‘ਪਰ ਮਿੱਤਰੋ! ਸ਼ਹਿਰਾਂ ਵਿੱਚ ਖੁੱਲ੍ਹੇ ਇਨ੍ਹਾਂ ਮਹਿੰਗੇ ਸਕੂਲਾਂ ਨੇ ਸਾਨੂੰ ਹਾਸ਼ੀਏ ’ਤੇ ਕਰ ਦਿੱਤਾ ਹੈ। ਇਹ ਮਹਿੰਗੇ ਸਕੂਲ ਸਾਨੂੰ ਪੜ੍ਹਾਉਣਾ-ਲਿਖਾਉਣਾ ਜ਼ਰੂਰੀ ਨਹੀਂ ਸਮਝਦੇ। ਇਹ ਸਾਡੀ ਭਾਸ਼ਾ ਬੋਲਣ ਵਾਲੇ ’ਤੇ ਜੁਰਮਾਨਾ ਵੀ ਲਾਉਂਦੇ ਹਨ। ਸਾਨੂੰ ਇਨ੍ਹਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।’’ ‘ਠ’ ਨੇ ਸੁਝਾਅ ਦਿੱਤਾ।
‘‘ਠੀਕ ਹੈ। ਅਸੀਂ ਆਪਣੇ ਹਿਤੈਸ਼ੀਆਂ ਤੇ ਅੱਖਰਕਾਰਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ। ਅਸੀਂ ਲੋਕਾਂ ਨੂੰ ਦੱਸਾਂਗੇ ਕਿ ਸਾਨੂੰ ਪੜ੍ਹਨ-ਲਿਖਣ ਵਾਲੇ ਵੀ ਵਿਦਵਾਨ ਬਣਦੇ ਹਨ। ਸਾਨੂੰ ਪੜ੍ਹਨ ਲਿਖਣ-ਵਾਲਿਆਂ ਨੂੰ ਵੀ ਵਧੀਆ ਰੁਜ਼ਗਾਰ ਮਿਲਦਾ ਹੈ। ਸਾਨੂੰ ਜ਼ਰੂਰ ਸਫਲਤਾ ਮਿਲੇਗੀ।’’ ‘ਤ’ ਨੇ ਆਖਿਆ ਤੇ ਸਾਰੇ ਅੱਖਰਾਂ ਨੇ ਹੱਥ ਖੜ੍ਹੇ ਕਰ ਕੇ ਹਾਮੀ ਭਰ ਦਿੱਤੀ। ਸਾਰੇ ਅੱਖਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਾਅਰੇ ਬਣਾਉਣ ਲੱਗ ਪਏ।

