ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਸਿਹਤ ਮੰਤਰੀ ਮਾਰਜੋਰੀ ਮਿਸ਼ੇਲ ਨੇ ਬੁੱਧਵਾਰ ਨੂੰ ਸੰਕੇਤ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਗਰਟਾਂ ਦੀ ਖਰੀਦ ’ਤੇ ਪੂਰਨ ਪਾਬੰਦੀ ਲਗਾਉਣ ਦੇ ਵਿਚਾਰ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਇਹ ਕਦਮ ਬ੍ਰਿਟੇਨ ਵਿੱਚ ਹਾਲ ਹੀ ਵਿੱਚ ਪਾਸ ਕੀਤੇ ਗਏ ‘ਤੰਬਾਕੂ ਐਂਡ ਵੇਪਸ ਬਿੱਲ’ ਦੀ ਤਰਜ਼ ’ਤੇ ਚੁੱਕਿਆ ਜਾ ਸਕਦਾ ਹੈ। ਬ੍ਰਿਟੇਨ ਦੇ ਨਵੇਂ ਕਾਨੂੰਨ ਅਨੁਸਾਰ 1 ਜਨਵਰੀ 2009 ਜਾਂ ਉਸ ਤੋਂ ਬਾਅਦ ਜਨਮੇ ਕਿਸੇ ਵੀ ਵਿਅਕਤੀ ਨੂੰ ਸਿਗਰਟ ਵੇਚਣ ’ਤੇ ਪੱਕੀ ਪਾਬੰਦੀ ਲਗਾ ਦਿੱਤੀ ਗਈ ਹੈ। ਮੰਤਰੀ ਮਿਸ਼ੇਲ ਨੇ ਓਟਾਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮੌਜੂਦਾ ਸਮੇਂ ਵਿੱਚ ਇਸ ਦੀ ਸੰਭਾਵਨਾ ਦਾ ਜਾਇਜ਼ਾ ਲੈ ਰਹੇ ਹਨ ਅਤੇ ਆਪਣੇ ਭਾਈਵਾਲਾਂ ਨਾਲ ਗੱਲਬਾਤ ਕਰ ਰਹੇ ਹਨ।
ਨਿਆਂ ਮੰਤਰੀ ਸੀਨ ਫਰੇਜ਼ਰ ਨੇ ਵੀ ਇਸ ਵਿਚਾਰ ਦਾ ਸਮਰਥਨ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਤੰਬਾਕੂ ਦੀ ਵਰਤੋਂ ਘਟਾਉਣ ਲਈ ਚੁੱਕਿਆ ਗਿਆ ਹਰ ਕਦਮ ਸਵਾਗਤਯੋਗ ਹੈ। ਉਹਨਾਂ ਅਨੁਸਾਰ ਘੱਟ ਉਮਰ ਵਿੱਚ ਸਿਗਰਟਨੋਸ਼ੀ ਨੂੰ ਰੋਕਣ ਨਾਲ ਕੈਨੇਡਾ ਵਿੱਚ ਤੰਬਾਕੂ ਕਾਰਨ ਹੋਣ ਵਾਲੇ ਸਮਾਜਿਕ ਨੁਕਸਾਨ ਨੂੰ ਘੱਟ ਕੀਤਾ ਜਾ ਸਕੇਗਾ। ਹੈਲਥ ਕੈਨੇਡਾ ਦੇ ਬੁਲਾਰੇ ਅਨੁਸਾਰ ਸਰਕਾਰ ਦਾ ਟੀਚਾ 2035 ਤੱਕ ਤੰਬਾਕੂ ਦੀ ਵਰਤੋਂ ਨੂੰ 5 ਫੀਸਦੀ ਤੋਂ ਘੱਟ ਕਰਨਾ ਹੈ, ਜਿਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸਿਗਰਟ ਮੁਕਤ ਭਵਿੱਖ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾਂਦਾ ਹੈ। ਕੈਨੇਡੀਅਨ ਲੰਗ ਐਸੋਸੀਏਸ਼ਨ ਦੀ ਸੀਈਓ ਸਾਰਾਹ ਬਟਸਨ ਨੇ ਵੀ ਅਜਿਹੇ ਸਖ਼ਤ ਕਦਮਾਂ ਦੀ ਸ਼ਲਾਘਾ ਕੀਤੀ ਹੈ।
ਬ੍ਰਿਟਿਸ਼ ਕਾਨੂੰਨ ਇਸ ਸਮੇਂ ਕਿੰਗ ਚਾਰਲਸ III ਦੀ ਅਧਿਕਾਰਤ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ। ਸਿਗਰਟਾਂ ਦੀ ਵਿਕਰੀ ’ਤੇ ਪਾਬੰਦੀ ਦੇ ਨਾਲ-ਨਾਲ, ਇਹ ਬਿੱਲ ਵੇਪਿੰਗ ਅਤੇ ਹੋਰ ਨਿਕੋਟੀਨ ਉਤਪਾਦਾਂ ਦੇ ਇਸ਼ਤਿਹਾਰਾਂ ਅਤੇ ਪ੍ਰਦਰਸ਼ਨ ’ਤੇ ਵੀ ਸਖ਼ਤ ਨਿਯਮ ਲਾਗੂ ਕਰਦਾ ਹੈ। ਇਸ ਵਿੱਚ ਖ਼ਾਸ ਤੌਰ ’ਤੇ ਬੱਚਿਆਂ ਦੇ ਨੇੜੇ ਵੇਪ ਦੀ ਵਰਤੋਂ ਕਰਨ ਵਾਲੀਆਂ ਥਾਵਾਂ ਨੂੰ ਸੀਮਤ ਕਰਨ ’ਤੇ ਵੀ ਜ਼ੋਰ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਹੁਣ ਸਾਰੇ ਅੰਕੜਿਆਂ ਅਤੇ ਸਬੂਤਾਂ ਦੇ ਆਧਾਰ ’ਤੇ ਇਹ ਫੈਸਲਾ ਲਵੇਗੀ ਕਿ ਕੀ ਅਜਿਹੀ ਪਾਬੰਦੀ ਕੈਨੇਡੀਅਨ ਸਮਾਜ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਨਵੀਂ ਨੀਤੀ ਨਾਲ ਜਿੱਥੇ ਸਿਹਤ ਪ੍ਰਣਾਲੀ ‘ਤੇ ਬੋਝ ਘਟੇਗਾ, ਉੱਥੇ ਹੀ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਬਚਾਇਆ ਜਾ ਸਕੇਗਾ। This report was written by Divroop Kaur as part of the Local Journalism Initiative.

