ਸਰੀ, (ਦਿਵਰੂਪ ਕੌਰ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ‘ਟੀਮ ਕੈਨੇਡਾ ਸਟ੍ਰੋਂਗ’ ਨਾਮ ਹੇਠ ਇੱਕ ਨਵੀਂ ਦੇਸ਼ ਵਿਆਪੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਅਗਲੇ 5 ਸਾਲਾਂ ਵਿੱਚ 80,000 ਤੋਂ 100,000 ਨਵੇਂ ਰੈੱਡ ਸੀਲ ਟ੍ਰੇਡ ਕਾਮਿਆਂ ਦੀ ਭਰਤੀ ਅਤੇ ਸਿਖਲਾਈ ਲਈ 6 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਸਰਕਾਰ ਦਾ ਮੰਨਣਾ ਹੈ ਕਿ ਤੇਜ਼ੀ ਨਾਲ ਬਦਲਦੇ ਵਿਸ਼ਵ ਵਪਾਰਕ ਹਾਲਾਤਾਂ ਵਿੱਚ ਕੈਨੇਡਾ ਨੂੰ ਇੱਕ ਮਜ਼ਬੂਤ, ਲਚਕੀਲਾ ਅਤੇ ਸੁਤੰਤਰ ਅਰਥਚਾਰਾ ਬਣਾਉਣ ਲਈ ਇਹ ਕਦਮ ਬੇਹੱਦ ਜ਼ਰੂਰੀ ਹੈ। ਇਸ ਰਣਨੀਤੀ ਦਾ ਮੁੱਖ ਉਦੇਸ਼ ਦੇਸ਼ ਦੇ ਬੁਨਿਆਦੀ ਢਾਂਚੇ, ਕਿਫਾਇਤੀ ਘਰਾਂ ਅਤੇ ਰੱਖਿਆ ਉਦਯੋਗਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਾ ਹੈ।
ਭਰਤੀ ਪ੍ਰਕਿਰਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ 2 ਬਿਲੀਅਨ ਡਾਲਰ ਦੀ ਰਾਸ਼ੀ ਖਰਚ ਕੀਤੀ ਜਾਵੇਗੀ, ਜੋ ਨੌਜਵਾਨਾਂ ਨੂੰ ਸਿੱਧੇ ਤੌਰ ‘ਤੇ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕਰੇਗੀ। ਇਸ ਨਿਵੇਸ਼ ਰਾਹੀਂ ‘ਬਿਲਡ ਕੈਨੇਡਾ ਅਪ੍ਰੈਂਟਿਸਸ਼ਿਪ ਸਰਵਿਸ’ ਦੀ ਸ਼ੁਰੂਆਤ ਕੀਤੀ ਜਾਵੇਗੀ, ਜੋ ਅਪ੍ਰੈਂਟਿਸ ਦੀ ਪਹਿਲੇ ਸਾਲ ਦੀ ਤਨਖਾਹ ਲਈ 10,000 ਡਾਲਰ ਤੱਕ ਦੀ ਸਹਾਇਤਾ ਪ੍ਰਦਾਨ ਕਰੇਗੀ। ਇਹ ਸੇਵਾ ਮਾਲਕਾਂ ਨੂੰ ਹੁਨਰਮੰਦ ਕਾਮਿਆਂ ਨੂੰ ਰੱਖਣ ਅਤੇ ਸਿਖਲਾਈ ਦੇਣ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ। ਇਸ ਤੋਂ ਇਲਾਵਾ, ਰੈੱਡ ਸੀਲ ਸਰਟੀਫਿਕੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਲਈ 331 ਮਿਲੀਅਨ ਡਾਲਰ ਦਾ ਵਾਧੂ ਫੰਡ ਦਿੱਤਾ ਜਾਵੇਗਾ, ਜਿਸ ਨਾਲ ਪ੍ਰੀਖਿਆਵਾਂ ਅਤੇ ਸਰਟੀਫਿਕੇਸ਼ਨ ਦੇ ਸਮੇਂ ਨੂੰ 50 ਫੀਸਦੀ ਤੱਕ ਘਟਾਉਣ ਦਾ ਟੀਚਾ ਮਿਥਿਆ ਗਿਆ ਹੈ।
ਸਰਕਾਰ ਨੇ ਅਪ੍ਰੈਂਟਿਸਾਂ ਨੂੰ ਆਪਣੀ ਸਿਖਲਾਈ ਪੂਰੀ ਕਰਨ ਅਤੇ ਸਥਾਈ ਨੌਕਰੀਆਂ ਪ੍ਰਾਪਤ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ 3.4 ਬਿਲੀਅਨ ਡਾਲਰ ਦਾ ਬਜਟ ਰੱਖਿਆ ਹੈ। ਰੈੱਡ ਸੀਲ ਟ੍ਰੇਡ ਵਿੱਚ ਸਰਟੀਫਿਕੇਸ਼ਨ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ 5,000 ਡਾਲਰ ਦਾ ਇੱਕਮੁਸ਼ਤ ਬੋਨਸ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਲਾਜ਼ਮੀ ਤਕਨੀਕੀ ਸਿਖਲਾਈ ਦੌਰਾਨ ਅਪ੍ਰੈਂਟਿਸਾਂ ਨੂੰ 400 ਡਾਲਰ ਪ੍ਰਤੀ ਹਫ਼ਤੇ ਦਾ ਵਾਧੂ ਭੱਤਾ ਮਿਲੇਗਾ। ਇਹ ਸਾਰੀਆਂ ਸਹੂਲਤਾਂ ਮਿਲਾ ਕੇ ਇੱਕ ਅਪ੍ਰੈਂਟਿਸ ਨੂੰ ਰੁਜ਼ਗਾਰ ਬੀਮੇ ਤੋਂ ਇਲਾਵਾ ਕੁੱਲ 16,000 ਡਾਲਰ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਹੋ ਸਕਦੀ ਹੈ। ਸਰਕਾਰ ਵੱਲੋਂ ਟ੍ਰੇਨਿੰਗ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਡਿਜੀਟਲਾਈਜ਼ ਕਰਨ ਦੀ ਯੋਜਨਾ ਵੀ ਤਿਆਰ ਕੀਤੀ ਗਈ ਹੈ।
ਇਸ ਮੁਹਿੰਮ ਵਿੱਚ ਕੈਨੇਡੀਅਨ ਆਰਮਡ ਫੋਰਸਿਜ਼ ਦੀ ਭੂਮਿਕਾ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ, ਜਿਸ ਲਈ 250 ਮਿਲੀਅਨ ਡਾਲਰ ਦਾ ਫੰਡ ਜਾਰੀ ਕੀਤਾ ਗਿਆ ਹੈ। ਕੈਡਿਟਾਂ ਅਤੇ ਜੂਨੀਅਰ ਰੇਂਜਰਾਂ ਨੂੰ ਹੁਨਰਮੰਦ ਸਿਖਲਾਈ ਦੇ ਨਾਲ-ਨਾਲ ਰਿਜ਼ਰਵ ਟ੍ਰੇਡ ਐਕਸਪੀਰੀਅੰਸ ਪਾਇਲਟ ਪ੍ਰੋਗਰਾਮ ਰਾਹੀਂ ਫੌਜ ਵਿੱਚ ਸੇਵਾ ਕਰਨ ਵਾਲਿਆਂ ਨੂੰ ਮੁਫ਼ਤ ਟ੍ਰੇਨਿੰਗ ਦਿੱਤੀ ਜਾਵੇਗੀ। ਮਾਰਕ ਕਾਰਨੀ ਨੇ ਵਿਸ਼ਵਾਸ ਪ੍ਰਗਟਾਇਆ ਕਿ ‘ਟੀਮ ਕੈਨੇਡਾ ਸਟ੍ਰੋਂਗ’ ਰਾਹੀਂ ਨੌਜਵਾਨ ਕੈਨੇਡੀਅਨਾਂ ਲਈ ਸ਼ਾਨਦਾਰ ਕਰੀਅਰ ਦੇ ਰਾਹ ਖੁੱਲ੍ਹਣਗੇ। ਉਹਨਾਂ ਕਿਹਾ ਕਿ ਇਹ ਨਿਵੇਸ਼ ਨਾ ਸਿਰਫ਼ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰੇਗਾ, ਸਗੋਂ ਦੇਸ਼ ਦੀਆਂ ਬੰਦਰਗਾਹਾਂ, ਊਰਜਾ ਪ੍ਰੋਜੈਕਟਾਂ ਅਤੇ ਰੱਖਿਆ ਉਦਯੋਗਾਂ ਦੇ ਨਿਰਮਾਣ ਵਿੱਚ ਵੀ ਅਹਿਮ ਯੋਗਦਾਨ ਪਾਵੇਗਾ। This report was written by Divroop Kaur as part of the Local Journalism Initiative.

