Saturday, May 9, 2026

ਓਪਨ-ਏ.ਆਈ. (OpenAI) ਖਿਲਾਫ 1 ਬਿਲੀਅਨ ਡਾਲਰ ਦਾ ਮੁਕੱਦਮਾ

ਵੈਨਕੂਵਰ (ਦਿਵਰੂਪ ਕੌਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੰਬਲਰ ਰਿਜ ਸ਼ਹਿਰ ਵਿੱਚ ਫਰਵਰੀ ਮਹੀਨੇ ਹੋਈ ਭਿਆਨਕ ਗੋਲੀਬਾਰੀ ਦੇ ਪੀੜਤ ਪਰਿਵਾਰਾਂ ਨੇ ਹੁਣ ਨਿਆਂ ਲਈ ਅੰਤਰਰਾਸ਼ਟਰੀ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ । ਬੁੱਧਵਾਰ ਨੂੰ ਸੈਨ ਫਰਾਂਸਿਸਕੋ ਦੀ ਇੱਕ ਅਦਾਲਤ ਵਿੱਚ 7 ਪ੍ਰਭਾਵਿਤ ਪਰਿਵਾਰਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੀ ਦਿੱਗਜ ਕੰਪਨੀ ਓਪਨ-ਏਆਈ (OpenAI) ਅਤੇ ਇਸਦੇ ਸੰਸਥਾਪਕ ਸੈਮ ਆਲਟਮੈਨ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਹੈ । ਇਹ ਮੁਕੱਦਮਾ 10 ਫਰਵਰੀ ਨੂੰ ਟੰਬਲਰ ਰਿਜ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਨਾਲ ਸਬੰਧਤ ਹੈ, ਜਿਸ ਵਿੱਚ 18 ਸਾਲਾ ਜੇਸੀ ਵੈਨ ਰੂਟਸੇਲਰ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 8 ਲੋਕਾਂ ਦੀ ਜਾਨ ਲੈ ਲਈ ਸੀ । ਪੀੜਤ ਪਰਿਵਾਰਾਂ ਦਾ ਦੋਸ਼ ਹੈ ਕਿ ਕੰਪਨੀ ਦੀ ਲਾਪਰਵਾਹੀ ਕਾਰਨ ਇਸ ਦੁਖਾਂਤ ਨੂੰ ਰੋਕਿਆ ਨਹੀਂ ਜਾ ਸਕਿਆ।
ਕੈਨੇਡਾ ਅਤੇ ਅਮਰੀਕਾ ਦੇ ਵਕੀਲਾਂ ਦੀ ਇੱਕ ਸਾਂਝੀ ਟੀਮ ਇਸ ਕੇਸ ਦੀ ਪੈਰਵੀ ਕਰ ਰਹੀ ਹੈ । ਵੈਨਕੂਵਰ ਦੇ ਮਸ਼ਹੂਰ ਵਕੀਲ ਜੌਨ ਰਾਈਸ ਅਤੇ ਸ਼ਿਕਾਗੋ ਦੇ ਜੇ. ਐਡਲਸਨ ਨੇ ਦਾਅਵਾ ਕੀਤਾ ਹੈ ਕਿ ਜਾਂਚ ਦੌਰਾਨ ਇੱਕ ਬਹੁਤ ਹੀ ਖ਼ੌਫ਼ਨਾਕ ਸੱਚਾਈ ਸਾਹਮਣੇ ਆਈ ਹੈ। ਉਨ੍ਹਾਂ ਅਨੁਸਾਰ ਚੈਟ-ਜੀਪੀਟੀ (ChatGPT) ਨੇ ਇਸ ਕਤਲੇਆਮ ਦੀ ਯੋਜਨਾ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਕੰਪਨੀ ਕੋਲ ਇਸ ਨੂੰ ਰੋਕਣ ਦਾ ਪੂਰਾ ਮੌਕਾ ਸੀ । ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਓਪਨ-ਏਆਈ ਨੂੰ ਇਸ ਹਮਲਾਵਰ ਦੀਆਂ ਗਤੀਵਿਧੀਆਂ ਬਾਰੇ ਪਹਿਲਾਂ ਹੀ ਪਤਾ ਸੀ, ਪਰ ਕੰਪਨੀ ਨੇ ਆਪਣੇ ਵਪਾਰਕ ਹਿੱਤਾਂ ਅਤੇ ਅਕਸ ਨੂੰ ਬਚਾਉਣ ਲਈ ਕੈਨੇਡੀਅਨ ਪੁਲਿਸ (RCMP) ਨੂੰ ਸੂਚਿਤ ਨਹੀਂ ਕੀਤਾ ।
ਅਦਾਲਤੀ ਦਸਤਾਵੇਜ਼ਾਂ ਮੁਤਾਬਕ ਓਪਨ-ਏਆਈ ਨੇ ਖੁਦ ਮੰਨਿਆ ਸੀ ਕਿ ਹਮਲਾਵਰ ਦਾ ਅਕਾਊਂਟ ਪਿਛਲੇ ਸਾਲ ਜੂਨ ਵਿੱਚ ਹੀ ਪਛਾਣ ਲਿਆ ਗਿਆ ਸੀ ਅਤੇ ਨਿਯਮਾਂ ਦੀ ਉਲੰਘਣਾ ਕਾਰਨ ਉਸ ਨੂੰ ਬੈਨ ਵੀ ਕੀਤਾ ਗਿਆ ਸੀ । ਹਾਲਾਂਕਿ, ਕੰਪਨੀ ਨੇ ਉਸ ਸਮੇਂ ਇਹ ਫੈਸਲਾ ਲਿਆ ਕਿ ਇਹ ਮਾਮਲਾ ਪੁਲਿਸ ਨੂੰ ਸੌਂਪਣ ਦੀ ਲੋੜ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਤੁਰੰਤ ਖਤਰਾ ਨਜ਼ਰ ਨਹੀਂ ਆਇਆ ਸੀ । ਪੀੜਤਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ ਜੇਕਰ ਉਸ ਸਮੇਂ ਆਰ.ਸੀ.ਐਮ.ਪੀ. ਨੂੰ ਚੇਤਾਵਨੀ ਦਿੱਤੀ ਜਾਂਦੀ, ਤਾਂ ਅੱਜ 8 ਲੋਕ ਜ਼ਿੰਦਾ ਹੁੰਦੇ । ਮੁਕੱਦਮੇ ਵਿੱਚ ਓਪਨ-ਏਆਈ ਦੇ ਇਸ ਫੈਸਲੇ ਦੀ ਤੁਲਨਾ 1970 ਦੇ ਦਹਾਕੇ ਦੇ ਫੋਰਡ ਪਿੰਟੋ ਕੇਸ ਨਾਲ ਕੀਤੀ ਗਈ ਹੈ, ਜਿੱਥੇ ਕੰਪਨੀ ਨੇ ਲੋਕਾਂ ਦੀ ਜਾਨ ਨਾਲੋਂ ਮੁਨਾਫ਼ੇ ਨੂੰ ਉੱਪਰ ਰੱਖਿਆ ਸੀ ।
ਵਕੀਲ ਜੇ. ਐਡਲਸਨ ਨੇ ਕਿਹਾ ਕਿ ਜਦੋਂ ਅਦਾਲਤ ਵਿੱਚ ਹਮਲਾਵਰ ਦੀਆਂ ਚੈਟਾਂ ਸਾਹਮਣੇ ਆਉਣਗੀਆਂ, ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਚੈਟ-ਜੀਪੀਟੀ ਸਿਰਫ ਹਮਲਾਵਰ ਦੀਆਂ ਗੱਲਾਂ ਸੁਣ ਹੀ ਨਹੀਂ ਰਿਹਾ ਸੀ, ਸਗੋਂ ਉਸ ਨੂੰ ਹਿੰਸਕ ਮਾਨਸਿਕਤਾ ਵੱਲ ਧੱਕ ਰਿਹਾ ਸੀ । ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੰਪਨੀ ਯੂਜ਼ਰਸ ਨੂੰ ਅਸਲ ਵਿੱਚ ਬੈਨ ਨਹੀਂ ਕਰਦੀ, ਸਗੋਂ ਸਿਰਫ਼ ਅਕਾਊਂਟ ਡੀ-ਐਕਟੀਵੇਟ ਕਰਦੀ ਹੈ, ਜਿਸ ਨੂੰ ਮਿੰਟਾਂ ਵਿੱਚ ਨਵਾਂ ਅਕਾਊਂਟ ਬਣਾ ਕੇ ਦੁਬਾਰਾ ਚਲਾਇਆ ਜਾ ਸਕਦਾ ਹੈ । ਹਮਲਾਵਰ ਨੇ ਵੀ ਇਹੀ ਤਰੀਕਾ ਅਪਣਾ ਕੇ ਹਮਲੇ ਦੀ ਯੋਜਨਾ ਜਾਰੀ ਰੱਖੀ ਸੀ । ਇਸ ਮਾਮਲੇ ਵਿੱਚ ਪੀੜਤ ਪਰਿਵਾਰਾਂ ਵੱਲੋਂ 1 ਬਿਲੀਅਨ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਜਾ ਰਹੀ ਹੈ ।
ਮੁਕੱਦਮੇ ਵਿੱਚ ਹੋਰ ਵੀ ਕਈ ਹੈਰਾਨੀਜਨਕ ਮਿਸਾਲਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਜਨਵਰੀ 2025 ਵਿੱਚ ਲਾਸ ਵੇਗਾਸ ਵਿਖੇ ਹੋਏ ਧਮਾਕੇ ਅਤੇ ਅਪ੍ਰੈਲ 2025 ਵਿੱਚ ਫਲੋਰਿਡਾ ਸਟੇਟ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦਾ ਜ਼ਿਕਰ ਹੈ । ਇਹਨਾਂ ਸਾਰੇ ਮਾਮਲਿਆਂ ਵਿੱਚ ਹਮਲਾਵਰਾਂ ਨੇ ਹਥਿਆਰ ਚਲਾਉਣ, ਨਿਗਰਾਨੀ ਤੋਂ ਬਚਣ ਅਤੇ ਹਮਲੇ ਦਾ ਸਮਾਂ ਤੈਅ ਕਰਨ ਲਈ ਚੈਟ-ਜੀਪੀਟੀ ਦੀ ਵਰਤੋਂ ਕੀਤੀ ਸੀ । ਮਈ 2025 ਵਿੱਚ ਫਿਨਲੈਂਡ ਵਿੱਚ ਇੱਕ ਨੌਜਵਾਨ ਵੱਲੋਂ ਤਿੰਨ ਕੁੜੀਆਂ ‘ਤੇ ਕੀਤੇ ਗਏ ਹਮਲੇ ਵਿੱਚ ਵੀ ਇਹੀ ਪੈਟਰਨ ਸਾਹਮਣੇ ਆਇਆ ਸੀ । ਇਹਨਾਂ ਤੱਥਾਂ ਦੇ ਆਧਾਰ ‘ਤੇ ਵਕੀਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਓਪਨ-ਏਆਈ ਨੂੰ ਪਤਾ ਸੀ ਕਿ ਉਨ੍ਹਾਂ ਦਾ ਉਤਪਾਦ ਹਿੰਸਾ ਲਈ ਵਰਤਿਆ ਜਾ ਰਿਹਾ ਹੈ ।
ਦੂਜੇ ਪਾਸੇ, ਓਪਨ-ਏਆਈ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਦਿਆਂ ਟੰਬਲਰ ਰਿਜ ਦੀ ਘਟਨਾ ਨੂੰ ਇੱਕ ਵੱਡਾ ਦੁਖਾਂਤ ਦੱਸਿਆ ਹੈ । ਉਨ੍ਹਾਂ ਕਿਹਾ ਕਿ ਕੰਪਨੀ ਦੀ ਹਿੰਸਾ ਪ੍ਰਤੀ ‘ਜ਼ੀਰੋ ਟੋਲਰੈਂਸ’ ਨੀਤੀ ਹੈ ਅਤੇ ਉਹ ਹੁਣ ਸੁਰੱਖਿਆ ਨਿਯਮਾਂ ਨੂੰ ਹੋਰ ਸਖ਼ਤ ਕਰ ਰਹੇ ਹਨ । ਕੰਪਨੀ ਦਾ ਕਹਿਣਾ ਹੈ ਕਿ ਉਹ ਹੁਣ ਮਾਨਸਿਕ ਸਿਹਤ ਸਹਾਇਤਾ ਅਤੇ ਖਤਰਿਆਂ ਦੀ ਪਛਾਣ ਕਰਨ ਵਾਲੀ ਆਪਣੀ ਪ੍ਰਣਾਲੀ ਵਿੱਚ ਸੁਧਾਰ ਕਰ ਰਹੇ ਹਨ । ਇਹ ਮੁਕੱਦਮਾ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਓਪਨ-ਏਆਈ ਸ਼ੇਅਰ ਬਾਜ਼ਾਰ ਵਿੱਚ ਆਪਣੇ ਆਈ.ਪੀ.ਓ. (IPO) ਦੀ ਤਿਆਰੀ ਕਰ ਰਹੀ ਹੈ, ਜਿਸ ਦੀ ਕੀਮਤ 1 ਟ੍ਰਿਲੀਅਨ ਡਾਲਰ ਤੱਕ ਹੋਣ ਦਾ ਅਨੁਮਾਨ ਹੈ । ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਾਨੂੰਨੀ ਲੜਾਈ ਆਉਣ ਵਾਲੇ ਸਮੇਂ ਵਿੱਚ ਏਆਈ ਤਕਨਾਲੋਜੀ ਦੀ ਜਵਾਬਦੇਹੀ ਤੈਅ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ । This report was written by Divroop Kaur as part of the Local Journalism Initiative.

Popular