Saturday, May 9, 2026

ਸੈਨੇਟ ਵਿੱਚ ਮਨਾਇਆ ਿਗਆ ਸਿੱਖ ਵਿਰਾਸਤੀ ਮਹੀਨਾ, 1984 ਦੀ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਸੈਨੇਟ ਵਿੱਚ ਸਿੱਖ ਹੈਰੀਟੇਜ ਮੰਥ (ਸਿੱਖ ਵਿਰਾਸਤੀ ਮਹੀਨਾ) ਬੜੇ ਉਤਸ਼ਾਹ ਅਤੇ ਗੰਭੀਰਤਾ ਨਾਲ ਮਨਾਇਆ ਗਿਆ। ਇਹ ਇਤਿਹਾਸਕ ਮੌਕਾ ਪੁਰਾਣੀਆਂ ਪੀੜ੍ਹੀਆਂ ਦੇ ਸੰਘਰਸ਼ ਅਤੇ ਅੱਜ ਦੀਆਂ ਪ੍ਰਾਪਤੀਆਂ ਦਾ ਇੱਕ ਅਹਿਮ ਸੁਮੇਲ ਹੋ ਨਿਬੜਿਆ। ਸੈਨੇਟ ਦੇ ਵੱਕਾਰੀ ਹਾਲ ਵਿੱਚ ਸਿੱਖ ਕੌਮ ਦੀਆਂ ਕਹਾਣੀਆਂਅਤੇ ਇਤਿਹਾਸ ਨੂੰ ਨਾ ਸਿਰਫ਼ ਪਛਾਣ ਮਿਲੀ, ਸਗੋਂ ਪੂਰਾ ਸਨਮਾਨ ਵੀ ਦਿੱਤਾ ਗਿਆ। ਇਹ ਸਮਾਗਮ ਜਿੱਥੇ ਸਿੱਖ ਵਿਰਾਸਤ ਦਾ ਜਸ਼ਨ ਸੀ, ਉੱਥੇ ਹੀ ਇਹ ਇੱਕ ਯਾਦਗਾਰੀ ਪਲ ਵੀ ਸਾਬਤ ਹੋਇਆ।
ਸਮਾਗਮ ਦੌਰਾਨ 1984 ਦੀ ਸਿੱਖ ਨਸਲਕੁਸ਼ੀ ਦੇ 42 ਸਾਲ ਪੂਰੇ ਹੋਣ ’ਤੇ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਬੁਲਾਰਿਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੁਖਾਂਤ ਨੂੰ ‘ਨਸਲਕੁਸ਼ੀ’ ਦਾ ਨਾਮ ਦੇਣਾ ਬੇਹੱਦ ਜ਼ਰੂਰੀ ਹੈ। ਇਹ ਸਿਰਫ਼ ਦਰਦ ਨੂੰ ਯਾਦ ਕਰਨਾ ਨਹੀਂ ਹੈ, ਸਗੋਂ ਸੱਚਾਈ, ਯਾਦ ਅਤੇ ਮਾਰੇ ਗਏ ਲੋਕਾਂ ਦੀ ਮਰਿਆਦਾ ਨੂੰ ਸਨਮਾਨ ਦੇਣਾ ਹੈ। ਇਹ ਉਹਨਾਂ ਪਰਿਵਾਰਾਂ ਦੀ ਗੌਰਵਮਈ ਹੋਂਦ ਨੂੰ ਸਵੀਕਾਰ ਕਰਨਾ ਹੈ ਜੋ ਅੱਜ ਵੀ ਉਸ ਅਸਹਿ ਪੀੜ ਨੂੰ ਆਪਣੇ ਸੀਨੇ ਵਿੱਚ ਲੈ ਕੇ ਜੀਅ ਰਹੇ ਹਨ।
ਸਿੱਖ ਪਾਇਨੀਅਰਾਂ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਅੱਜ ਦੇ ਮੁਕਾਮ ਤੱਕ ਦਾ ਸਫ਼ਰ ਬਹੁਤ ਹੀ ਚੁਣੌਤੀਪੂਰਨ ਰਿਹਾ ਹੈ। ਪੁਰਾਣੀਆਂ ਪੀੜ੍ਹੀਆਂ ਵੱਲੋਂ ਝੱਲੇ ਗਏ ਵਿਤਕਰੇ ਅਤੇ ਅੱਜ ਸੈਨੇਟ ਵਿੱਚ ਮਿਲੇ ਇਸ ਉੱਚੇ ਸਥਾਨ ਦੀ ਗਾਥਾ ਸਿੱਖ ਕੌਮ ਦੀ ਲਚਕਤਾ, ਸੇਵਾ ਭਾਵਨਾ ਅਤੇ ਭਾਈਚਾਰੇ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਕਈ ਦਿੱਗਜ ਆਗੂਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਐਮਪੀ ਸੁੱਖ ਧਾਲੀਵਾਲ, ਦਲਵਿੰਦਰ ਗਿੱਲ, ਹੀਥਰ ਮੈਕਫਰਸਨ, ਐਲਿਜ਼ਾਬੈਥ ਮੇਅ ਅਤੇ ਸੈਕਟਰੀ ਆਫ਼ ਸਟੇਟ ਰੂਬੀ ਸਹੋਤਾ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ।
ਸਮਾਗਮ ਵਿੱਚ ਹਾਜ਼ਰ ਸੈਨੇਟਰਾਂ, ਮੰਤਰੀ ਰੇਬੇਕਾ ਐਲਟੀ ਅਤੇ ਮੈਂਬਰ ਪਾਰਲੀਮੈਂਟਾਂ ਨੇ ਸਿੱਖ ਕਦਰਾਂ-ਕੀਮਤਾਂ ਦੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਸਾਂਝੇ ਤੌਰ ’ਤੇ ਕਿਹਾ ਕਿ ਨਿਸ਼ਕਾਮ ਸੇਵਾ, ਬਰਾਬਰੀ ਅਤੇ ਸਰਬੱਤ ਦਾ ਭਲਾ ਵਰਗੇ ਸਿਧਾਂਤ ਸਿਰਫ਼ ਸਿੱਖਾਂ ਦੇ ਹੀ ਨਹੀਂ, ਸਗੋਂ ਕੈਨੇਡੀਅਨ ਕਦਰਾਂ-ਕੀਮਤਾਂ ਦਾ ਵੀ ਅਨਿੱਖੜਵਾਂ ਅੰਗ ਹਨ। ਇਹ ਮਾਨਵੀ ਮੁੱਲ ਹੀ ਕੈਨੇਡਾ ਦੇ ਲੋਕਤੰਤਰ ਅਤੇ ਸਮਾਜਿਕ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਦੇ ਹਨ। ਸੈਨੇਟ ਵਿੱਚ ਹੋਈ ਇਸ ਚਰਚਾ ਨੇ ਸਿੱਖ ਇਤਿਹਾਸ ਦੀਆਂ ਡੂੰਘੀਆਂ ਜੜ੍ਹਾਂ ਅਤੇ ਕੈਨੇਡਾ ਦੇ ਨਿਰਮਾਣ ਵਿੱਚ ਉਹਨਾਂ ਦੇ ਯੋਗਦਾਨ ਨੂੰ ਮੁੜ ਉਜਾਗਰ ਕੀਤਾ ਹੈ। This report was written by Divroop Kaur as part of the Local Journalism Initiative.

Popular