ਸਰੀ, (ਦਿਵਰੂਪ ਕੌਰ): ਲੰਡਨ ਦੇ ਉੱਤਰੀ ਇਲਾਕੇ ਗੋਲਡਰਸ ਗ੍ਰੀਨ ਵਿੱਚ ਬੁੱਧਵਾਰ ਸਵੇਰੇ ਦੋ ਯਹੂਦੀ ਵਿਅਕਤੀਆਂ ’ਤੇ ਹੋਏ ਚਾਕੂ ਹਮਲੇ ਨੂੰ ਬ੍ਰਿਟਿਸ਼ ਅਧਿਕਾਰੀਆਂ ਨੇ ਇੱਕ ਦਹਿਸ਼ਤਗਰਦ ਘਟਨਾ ਵਜੋਂ ਲਿਆ ਹੈ। ਸਕਾਟਲੈਂਡ ਯਾਰਡ ਦੇ ਅਸਿਸਟੈਂਟ ਕਮਿਸ਼ਨਰ ਲਾਰੈਂਸ ਟੇਲਰ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਕੀ ਯਹੂਦੀ ਭਾਈਚਾਰੇ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਸੀ। ਇਸ ਹਮਲੇ ਵਿੱਚ 34 ਅਤੇ 76 ਸਾਲ ਦੀ ਉਮਰ ਦੇ ਦੋ ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੈਟਰੋਪੋਲੀਟਨ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਇੱਕ 45 ਸਾਲਾ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਮਾਰਕ ਰੌਲੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਪਿਛੋਕੜ ਗੰਭੀਰ ਹਿੰਸਾ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਨਾਲ ਜੁੜਿਆ ਹੋਇਆ ਹੈ। ਪੁਲਿਸ ਇਸ ਘਟਨਾ ਦੇ ਸਬੰਧ ਪਿਛਲੇ ਦਿਨੀਂ ‘ਹੈਟਜ਼ੋਲਾ’ ਚੈਰਿਟੀ ਦੀਆਂ ਐਂਬੂਲੈਂਸਾਂ ਨੂੰ ਲਗਾਈ ਗਈ ਅੱਗ ਅਤੇ ਸਿਨਾਗੋਗਾਂ ’ਤੇ ਹੋਏ ਹਮਲਿਆਂ ਨਾਲ ਜੋੜ ਕੇ ਦੇਖ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਵੇਂ ਇਹ ਭਾਈਚਾਰਾ ਮਜ਼ਬੂਤ ਹੈ, ਪਰ ਹਾਲੀਆ ਘਟਨਾਵਾਂ ਕਾਰਨ ਪੂਰੇ ਦੇਸ਼ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਵਿਸ਼ੇਸ਼ ਜਾਂਚ ਟੀਮਾਂ ਤੱਥਾਂ ਨੂੰ ਇਕੱਠਾ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ ਤਾਂ ਜੋ ਹਮਲੇ ਦੇ ਅਸਲ ਮਨੋਰਥ ਦਾ ਪਤਾ ਲਗਾਇਆ ਜਾ ਸਕੇ। ਇਸ ਹਿੰਸਕ ਘਟਨਾ ਦੀ ਬ੍ਰਿਟਿਸ਼ ਸਿਆਸਤਦਾਨਾਂ ਅਤੇ ਯਹੂਦੀ ਆਗੂਆਂ ਨੇ ਸਖ਼ਤ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਯਹੂਦੀ ਭਾਈਚਾਰੇ ’ਤੇ ਹਮਲਾ ਪੂਰੇ ਬ੍ਰਿਟੇਨ ’ਤੇ ਹਮਲਾ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਨੇ ਵੀ ਇਸ ਘਟਨਾ ਨੂੰ ਬੇਹੱਦ ਮੰਦਭਾਗਾ ਦੱਸਦਿਆਂ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ‘ਸ਼ੋਮਰਿਮ’ ਅਤੇ ‘ਹੈਟਜ਼ੋਲਾ’ ਵਰਗੀਆਂ ਸੰਸਥਾਵਾਂ ਦੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ, ਜੋ ਘਟਨਾ ਤੋਂ ਤੁਰੰਤ ਬਾਅਦ ਮਦਦ ਲਈ ਪਹੁੰਚ ਗਏ ਸਨ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਦੇ ਹਰ ਨਾਗਰਿਕ ਨੂੰ ਆਪਣੇ ਇਲਾਕੇ ਵਿੱਚ ਸੁਰੱਖਿਅਤ ਅਤੇ ਖੁੱਲ੍ਹ ਕੇ ਰਹਿਣ ਦਾ ਪੂਰਾ ਅਧਿਕਾਰ ਹੈ। This report was written by Divroop Kaur as part of the Local Journalism Initiative.

