7.2 C
Vancouver
Monday, November 25, 2024

ਸਿੱਖ ਪਰੰਪਰਾਵਾਂ ਦੀ ਰਾਖੀ ਲਈ ਅਗੇ ਆਓ!

 

ਲੇਖਕ : ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਸੰਪਰਕ : 9815700916
ਕੈਨੇਡਾ ਵਿਚ ਕਾਮਰੇਡਾਂ, ਮਾਡਰਨ ਸਿੱਖਾਂ ਤੇ ਕੱਟੜ ਹਿੰਦੂਆਂ ਨੇ, ਹੁਣੇ ਜਿਹੇ ਸੈਮੀਨਾਰ ਕੀਤਾ ਤੇ ਖਾਲਿਸਤਾਨ ਦੇ ਨਾਮ ਉਪਰ ਉਨ੍ਹਾਂ ਸਿੱਖ ਪਰੰਪਰਾਵਾਂ ਨੂੰ ਨਿਸ਼ਾਨਾ ਬਣਾਇਆ। ਸਰੀ ਦੇ ਆਰੀਆ ਬੈਂਕੁਟ ਹਾਲ ‘ਚ ਹੋਏ ਇਸ ਇਕੱਠ ਵਿੱਚ ਕਾਮਰੇਡ ਆਗੂ ਕੁਲਵੰਤ ਢੇਸੀ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਰਿਹਾ ਕਿ ਖਾਲਿਸਤਾਨੀਆਂ ਨੂੰ ਕਿਵੇਂ ਗੁਰਦੁਆਰਿਆਂ ‘ਚੋਂ ਕੱਢਣਾ ਹੈ ਅਤੇ ‘ਉਹਨਾਂ ਦੀ ਪੂਛ ‘ਤੇ ਪੈਰ ਧਰਨਾ’ ਹੈ। ਰੌਸ ਸਟਰੀਟ ਗੁਰਦੁਆਰੇ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ ਦਾ ਇਸੇ ਗੱਲ ‘ਤੇ ਹੀ ਜ਼ੋਰ ਰਿਹਾ ਕਿ ਉਹਨਾਂ ਦਾ ਜੀ ਕਰਦਾ ਸੀ ਇੰਡੀਅਨ ਕੌਂਸਲਟ ਸਟਾਫ ਅਤੇ ਉਹਨਾਂ ਦੇ ਵਿਰੁੱਧ ‘ਮੁਜ਼ਾਹਰਾ ਕਰਨ ਵਾਲੇ ਗੁੰਡਿਆਂ’ ਨੂੰ ਜਾਂ ਗੱਡੀ ਹੇਠ ਕੁਚਲ ਦਿਆਂ ਜਾਂ ਫਿਰ ਮੈਂ ਨਾਈਟ ਬ੍ਰਿਜ ਤੋਂ ਛਾਲ ਮਾਰ ਦਿਆਂ। ਅੱਗੇ ਤੋਂ ਉਹਨਾਂ ਨੂੰ ‘ਗੁੰਡੇ ਬਣ’ ਕੇ ਹੀ ਟੱਕਰਾਂਗੇ। ਇਹ ਆਖਦਿਆਂ ‘ਗਦਰੀ ਬਾਬਿਆਂ ਦੇ ਗੁਰਦੁਆਰੇ ਦੇ ਕਲੀਨ ਸ਼ੇਵ ਮਾਡਰਨ ਪ੍ਰਧਾਨ’ ਨੇ ਆਪਣੀ ਅਕਲ ਦਾ ਵੀ ਜਲੂਸ ਕੱਢਿਆ।
ਇਸੇ ਦੌਰਾਨ ਇੱਕ ਹੋਰ ਹਿੰਦੂ ਮੰਦਿਰ ਸਰੀ ਦੇ ਪ੍ਰਤੀਨਿਧ ਵਿਨੈ ਸ਼ਰਮਾ ਨੇ ਨਵੀਂ ਸ਼ੁਰਲੀ ਛੱਡਦਿਆਂ ਕਿਹਾ ਕਿ ਇੱਥੇ ਇਕੱਠ ਵਿੱਚ 70- 80 ਫੀਸਦੀ ਲੋਕ ਉਹ ਹਨ, ਜਿਹੜੇ ਹਿੰਦੂ ਸਿੱਖ ਆਪਣੇ ਅੰਤਰ ਧਰਮ ਵਿਆਹ ਕਰਦੇ ਹਨ। ਅੱਗੇ ਹੋਰ ਉਸ ਨੇ ਕਿਹਾ ਕਿ ਹੁਣ ਹਿੰਦੂ ਤੇ ਸਿੱਖ ਵਿੱਚ ਕੋਈ ਫਰਕ ਰਹਿ ਨਹੀਂ ਗਿਆ। ਹਿੰਦੂ ਸਿੱਖ ਹੋ ਚੁੱਕੇ ਨੇ ਅਤੇ ਸਿੱਖ ਹਿੰਦੂ ਹੋ ਚੁੱਕੇ ਨੇ। ਉਸ ਨੇ ਖਾਲਸਤਾਨੀਆਂ ਦੀ ਆੜ ਵਿੱਚ ਇਹ ਕਹਿ ਦਿੱਤਾ ਕਿ ਵੱਖ ਵੱਖ ਹਿੰਦੂਆਂ ਅਤੇ ਸਿੱਖਾਂ ਵਿੱਚ ਅੰਤਰ ਧਰਮ ਵਿਆਹਾਂ ਤੇ ਬਰਖਿਲਾਫ ਇਹ ਲੋਕ ਨਫਰਤ ਫੈਲਾ ਰਹੇ ਹਨ। ਕਿੰਨੀ ਹਾਸੋਹੀਣੀ ਹੈ ਕਿਹਾ ਕੀ ਹਿੰਦੂ-ਸਿੱਖ ਇਕ ਹਨ? ਕੀ ਸਿੱਖ ਦੇਵੀ ਦੇਵਤਿਆਂ ਵਾਂਗ, ਸਿੱਖ ਗੁਰੂ ਸਾਹਿਬਾਨ ਦੀ ਪੂਜਾ ਕਰਦਾ ਹੈ? ਕੀ ਧਾਰਮਿਕ ਸਥਾਨਾਂ ਉਪਰ ਅੰਤਰਜਾਤੀ ਵਿਆਹਾਂ ਰੋਕਣ ਵਾਲੇ ਨਫਰਤ ਲਾ ਰਹੇ ਹਨ? ਸੱਚ ਤਾਂ ਇਹ ਹੈ ਕਿ ‘ਸਿੱਖ ਵੱਖਰੀ ਕੌਮ’ ਹੈ। ਸਿੱਖ ਦੇਵੀ ਦੇਵਤਿਆਂ ਨੂੰ ਨਹੀਂ ਪੂਜਦਾ। ਸਿੱਖ ਮੂਰਤੀ ਪੂਜਾ ਨਹੀਂ ਕਰਦਾ। ਸਿੱਖ ਆਪਣੇ ਪੁੱਤ ਧੀ ਦਾ ਆਨੰਦ ਕਾਰਜ ਸਿੱਖ ਧਰਮ ਵਿੱਚ ਹੀ ਕਰਨਾ ਲੋਚਦਾ ਹੈ, ਨਾ ਕਿ ਇਸ ਤੇ ਉਲਟ ਸਿੱਖੀ ਨੂੰ ਪਿੱਠ ਦੇਣ ਦੀ ਗੱਲ ਕਰਦਾ ਹੈ। ਅਖੌਤੀ ਮਾਡਰਨ ਸਿੱਖ ਅਜਿਹਾ ਕਰਦੇ ਹਨ, ਉਹ ਸਿੱਖੀ ਪਰੰਪਰਾ ਨੂੰ ਢਾਹ ਲਾ ਰਹੇ ਹਨ।
ਆਰੀਆ ਬੈਂਕੁਟ ਹਾਲ ‘ਚ ਹੋਏ ਇਸ ਇਕੱਠ ਵਿੱਚ ਕਾਮਰੇਡਾਂ, ਮਾਡਰਨ ਸਿੱਖਾਂ, ਕੱਟੜ ਹਿੰਦੂ ਤੇ ਕੁਝ ਆਰ ਐਸ ਐਸ ਦੇ ਆਗੂਆਂ ਨੇ ਸ਼ਰੇਆਮ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉੜਾਈਆਂ। ਇਹਨਾਂ ਵਿੱਚ ਸਿੱਖੀ ਦਾ ਗਿਆਨ ਵੰਡਣ ਵਾਲੇ, ਗੁਰਦੁਆਰਿਆਂ ਦੇ ਸਿੱਖ ਆਗੂਆਂ ਦੀਆਂ ਦਾੜੀਆਂ ਮੁੰਨੀਆਂ ਸਨ ਤੇ ਸਿੱਖਾਂ ਨੂੰ ਗੁਰਮਤਿ ਪਰੰਪਰਾਵਾਂ ਸਮਝਾ ਰਹੇ ਸਨ ਕਿ : ਇਹ ਕੱਟੜਵਾਦ ਹੈ ਜੇ ਸਿੱਖ ਹਿੰਦੂਆਂ ਵਿਚ ਵਿਆਹ ਨਾ ਕਰਨ। ਹਿੰਦੂ ਮੰਦਿਰ ਦੇ ਆਗੂ ਵਿਨੇ ਸ਼ਰਮਾ ਤਾਂ ਇਹ ਵੀ ਕਹਿ ਰਹੇ ਸਨ ਕਿ ਸਿੱਖਾਂ ਹਿੰਦੂਆਂ ਵਿਚ ਵਿਆਹ ਕਰਨ ਦਾ ਵਿਰੋਧ, ਕੱਟੜ ਸਿੱਖ ਕਰਦੇ ਹਨ। ਮਤਲਬ ਹੁਣ ‘ਮਨੋਵਿਗਿਆਨਕ ਹਮਲੇ’ ਸਿੱਖ ਪਰੰਪਰਾਵਾਂ ਉਪਰ ਹੋਣੇ ਸ਼ੁਰੂ ਹੋ ਗਏ। ਕੀ ਮਾਡਰਨ ਬਣੇ ਸਿੱਖ ਜਾਂ ਕਟੜ ਹਿੰਦੂ ਆਪਣੀਆਂ ਧੀਆਂ ਦੇ ਵਿਆਹ ਕਾਲਿਆਂ, ਚੀਨਿਆਂ, ਮੁਸਲਮਾਨਾਂ ਵਿਚ ਕਰ ਲੈਣਗੇ?
ਬਹੁਤ ਸਮੇਂ ਤੋਂ ਦੇਖ ਰਿਹਾ ਹਾਂ ਕਿ ਸਿੱਖ ਧਰਮ ਵਿਚ ਕਾਮਰੇਡਾਂ ਤੇ ਮਾਡਰਨ ਸਿੱਖਾਂ ਦੀ ‘ਮਿਕਸ ਬਰੀਡ’ ਕਰੋਨਾ ਵਾਇਰਸ ਦੇ ਰੂਪ ਵਿਚ ਪੈਦਾ ਹੋ ਚੁਕੀ ਹੈ, ਜੋ ਸਿਖ ਪਰੰਪਰਾਵਾਂ ਦਾ ਮਖੌਲ ਉਡਾਉਦੀ ਹੈ। ਉਨ੍ਹਾਂ ਨਾ ਸਿੱਖ ਇਤਿਹਾਸ ਪੜ੍ਹਿਆ, ਨਾ ਗੁਰੂ ਗ੍ਰੰਥ ਸਾਹਿਬ। ਸਾਡੀਆਂ ਮਾਵਾਂ ਨੇ ਸਿੱਖੀ ਸਿਦਕ ਦੀ ਰਾਖੀ ਲਈ ਮੁਗਲ ਕਾਲ ਦੌਰਾਨ ਆਪਣੇ ਮਸੂਮ ਬਚਿਆਂ ਨੂੰ ਬਰਛੇ ਉਪਰ ਟੰਗਦੇ ਦੇਖਿਆ। ਕਤਲ ਕੀਤੇ ਬਚਿਆਂ ਦੇ ਹਾਰ ਆਪਣੇ ਗਲੇ ਵਿਚ ਪੁਆਏ।
ਅਸੀਂ ਮਾਡਰਨਿਜ਼ਮ ਵਿਚ ਅਸੀਂ ਆਪਣਾ ਧਰਮ, ਆਪਣੀਆਂ ਔਰਤਾਂ ,ਧੀਆਂ ਸਭ ਗਾਲ ਬੈਠੇ ਹਾਂ। ਜਿਸ ਘਰ ਦੀ ਔਰਤ ਧਰਮ ਤੋਂ ਸਖਣੀ ਹੋਵੇ, ਉਥੇ ਧਰਮ ਤੇ ਪਰੰਪਰਾਵਾਂ ਦਾ ਵਾਸਾ ਨਹੀਂ ਹੋ ਸਕਦਾ। ਉਹ ਘਰ ਗੁਰਮਤਿ ਦੀ ਟਕਸਾਲ ਨਹੀਂ ਹੋ ਸਕਦੀ ਜਿਥੋਂ ਗੁਰੂ ਦੀ ਸਿੱਖੀ ਖਰੇ ਸਿਕੇ ਵਾਂਗ ਘੜੀ ਜਾ ਸਕੇ। ਜੇ ਘਰ ਵਿਚ ਗੁਰਮਤਿ ਦਾ ਮਾਹੌਲ ਨਹੀਂ, ਤਾਂ ਉਸ ਘਰ ਦੀਆਂ ਬੱਚੀਆਂ ਭਾਵਨਾਤਮਕ ਤੇ ਸਿਧਾਂਤਕ ਤੌਰ ‘ਤੇ ਕਮਜ਼ੋਰ ਹੁੰਦੀਆਂ ਹਨ, ਤੇ ਅਜਿਹੇ ਧਰਮ ਪਰਿਵਰਤਨ ਦਾ ਸ਼ਿਕਾਰ ਹੁੰਦੀਆਂ ਹਨ।
ਅੱਜ ਤੋਂ 15 ਸਾਲ ਪਹਿਲਾਂ ਜੰਮੂ ਦੀਆਂ ਸੰਗਤਾਂ ਨੇ ਮੈਨੂੰ ਸਾਲਾਨਾ ਸਮਾਗਮ ਉਪਰ ਬੁਲਾਇਆ ਸੀ। ਉਸ ਵਿਚ ਦੋ ਗੁਰਮਤਿ ਸਮਾਗਮ ਸਨ,ਇਕ ਸੈਮੀਨਾਰ ਸੀ।ਸਮਾਗਮ ਤੇ ਸੈਮੀਨਾਰ ਗੁਰਮਤਿ ਪਰੰਪਰਾਵਾਂ ਤੇ ਸਿਖ ਜਵਾਨੀ ਨੂੰ ਸੇਧ ਦੇਣ ਦਾ ਸੀ। ਜਦੋਂ ਮੈਂ ਪੰਜਾਬ ਦੇ ਸਿੱਖ ਯੂਥ ਬਾਰੇ ਹਾਲਾਤ ਬਿਆਨ ਕੀਤੇ ਤਾਂ ਉਸ ਤੋਂ ਬਾਅਦ ਸਟੇਜ ਸੈਕਟਰੀ ਨੇ ਭਾਵੁਕ ਲਹਿਜੇ ਵਿਚ ਕਿਹਾ,
“ਸਾਡੇ ਬਚਿਆਂ ਵਿਚ ਕੋਈ ਪਤਿਤ ਨਹੀਂ ਹੈ।ਸਾਡੇ ਘਰਾਂ ਵਿਚ ਵਿਆਹ ਵੀ ਗੁਰਸਿੱਖਾਂ ਘਰ ਹੁੰਦੇ ਹਨ। ਭਾਵੇਂ ਅਸੀਂ ਇਥੇ ਘੱਟਗਿਣਤੀ ਵਿਚ ਹਾਂ, ਪਰ ਸਿਖ ਰਹਿਤ ਮਰਿਆਦਾ ਤੇ ਪਰੰਪਰਾ ਉਪਰ ਪਹਿਰਾ ਦਿੰਦੇ ਹਾਂ, ਪਰ ਸਾਨੂੰ ਦੁਖ ਹੈ ਕਿ ਸਾਡਾ ਪੇਕਾ ਘਰ ਪੰਜਾਬ ਸਿਖੀ ਤੋਂ ਪਛੜ ਰਿਹਾ ਹੈ। ਕਮਜ਼ੋਰ ਪੈ ਰਿਹਾ ਹੈ। ਫਿਰ ਅਸੀਂ ਕਿਵੇਂ ਸੁਰਖਿਅਤ ਹਾਂ ਜੇ ਸਾਡਾ ਪੇਕਾ ਘਰ ਕਮਜ਼ੋਰ ਹੈ।ਸਾਡੇ ਨੌਜਵਾਨ ਨਸ਼ਿਆਂ ਤੇ ਪਤਿਤਪੁਣੇ ਦੇ ਸ਼ਿਕਾਰ ਹਾਂ।ਅਸੀਂ ਤਾਂ ਪੰਜਾਬ ਵਿਚ ਸਿੱਖੀ ਦੀ ਚੜ੍ਹਦੀ ਕਲਾ ਲਈ ਗੁਰੂ ਅਗੇ ਅਰਦਾਸ ਕਰ ਸਕਦੇ ਹਾਂ। ਸਚਮੁਚ ਅਸੀਂ ਗੁਰੂ ਦੀ ਸਿੱਖੀ ਤੋਂ ਬਹੁਤ ਪਛੜ ਚੁਕੇ ਹਾਂ।”
ਜੇਕਰ ਸਾਡੀਆ ਰੂਹਾਂ ਵਿਚ ਗੁਰੂ ਦੇ ਸਿਧਾਂਤ ਤੇ ਜੋਤਿ ਦਾ ਵਾਸਾ ਹੁੰਦਾ, ਤਾਂ ਅਸੀਂ ਨਾ ਨਸ਼ਿਆਂ ਦੇ ਸ਼ਿਕਾਰ ਹੁੰਦੇ, ਨਾ ਸਾਡੀਆ ਧਰਮ ਬਦਲੀਆਂ ਹੁੰਦੀਆਂ। ਨਾ ਸਾਡੀਆਂ ਕੁੜੀਆਂ ‘ਕਲੀਨ ਸ਼ੇਵ ਤੇ ਹਿੰਦੂ ਵਰ’ ਲਭਦੀਆਂ। ਹੁਣੇ ਜਿਹੇ ਇਕ ਮਸ਼ਹੂਰ ਵੈਬਸਾਈਟ ਪਿ੿ੰਟ ਵਿਚ ਸਟੋਰੀ ਛਪੀ ਹੈ ਕਿ ਕਸ਼ਮੀਰੀ ਸਿਖ ਬਹੁਤ ਬੇਚੈਨ ਹਨ।ਸਿਖ ਬਚੀਆਂ ਮੁਸਲਮਾਨਾਂ ਨਾਲ ਵਿਆਹ ਕਰਵਾ ਰਹੀਆਂ ਹਨ। ਕਸ਼ਮੀਰ ਵਿਚ ਪਿਆਰ ਦੇ ਨਾਮ ਉਪਰ ਸਿਖ ਧੀਆਂ ਦਾ ਇਸਲਾਮ ਧਰਮ ਗ੍ਰਹਿਣ ਕਰਨ ਵਲ ਪ੍ਰੇਰਿਤ ਹੋਣਾ ਕਸ਼ਮੀਰੀ ਸਿੱਖਾਂ ਲਈ ਵੱਡਾ ਮੱਸਲਾ ਬਣਿਆ ਹੋਇਆ ਹੈ। ਦੀ ਪਿ੿ੰਟ ਅਨੁਸਾਰ 52 ਸਾਲਾ ਸਿੱਖ ਪ੍ਰਚਾਰਕ ਬੀਬੀ ਗੁਰਦੀਪ ਕੌਰ ਸ੍ਰੀਨਗਰ ਦੇ ਇਕ ਗੁਰਦੁਆਰੇ ਦੀ ਬੇਸਮੈਂਟ ਵਿਚ ਇਕ ਅਹਿਮ ਮੀਟਿੰਗ ਦੀ ਅਗਵਾਈ ਕਰ ਰਹੀ ਸੀ। ਗੁਰਦੀਪ ਕੌਰ, ਜੋ ਹਫ਼ਤਾਵਾਰੀ ਸੰਗਤਾਂ ਵਿਚ ਧਾਰਮਿਕ ਲੈਕਚਰ ਦਿੰਦੀ ਹੈ ਅਤੇ ਪੰਜਾਬੀ ਪੜ੍ਹਾਉਂਦੀ ਹੈ, ਉਸਨੇ ਹੁਣੇ ਜਿਹੇ ਲੈਕਚਰ ਦਿੱਤਾ ਕਿ ਆਪਣੀਆਂ ਸਿੱਖ ਧੀਆਂ ਨੂੰ ਇਸਲਾਮ ਵਿਚ ਜਾਣ ਤੋਂ ਕਿਵੇਂ ਰੋਕਿਆ ਜਾਵੇ?
ਉਸਨੇ ਕਿਹਾ ਕਿ ਸਾਨੂੰ ਆਪਣੀਆਂ ਧੀਆਂ ਨੂੰ ਧਰਮ ਦਾ ਗਿਆਨ ਦੇਣ ਦੀ ਲੋੜ ਹੈ। ਸਾਨੂੰ ਉਨ੍ਹਾਂ ਨੂੰ ਗੁਰਬਾਣੀ ਸਿਖਾਉਣੀ,ਪੜ੍ਹਾਉਣੀ ਚਾਹੀਦੀ ਹੈ ਕਿ ਉਸ ਵਿਚ ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਹੈ। ਜੇਕਰ ਤੁਹਾਡੀ ਧੀ ਸਿਖ ਧਰਮ ਤੇ ਇਤਿਹਾਸ ਦਾ ਗਿਆਨ ਨਹੀਂ ਲੈਂਦੀ ਤੇ ਨਹੀਂ ਪੜ੍ਹਦੀ ਤਾਂ ਤੁਸੀਂ ਮਾਂ ਦੇ ਤੌਰ ‘ਤੇ ਫੇਲ੍ਹ ਹੋ। ਉੱਥੇ ਬੈਠੀਆਂ ਤਿੰਨ ਦਰਜਨ ਦੇ ਕਰੀਬ ਸਿਖ ਬੀਬੀਆਂ ਨੇ ਸਹਿਮਤੀ ਪ੍ਰਗਟਾਈ। ਉਨ੍ਹਾਂ ਦੀ ਗੱਲਬਾਤ ਹਾਲ ਹੀ ਵਿੱਚ ਇੱਕ ਕਸ਼ਮੀਰੀ ਸਿੱਖ ਔਰਤ ਦੇ ਇਸਲਾਮ ਕਬੂਲ ਕਰਨ ਤੋਂ ਪ੍ਰੇਰਿਤ ਸੀ, ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕਸ਼ਮੀਰੀ ਸਿੱਖ ਧਰਮ ਲਈ ਪੈਦਾ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸ੍ਰੋਮਣੀ ਕਮੇਟੀ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ। ਉਨ੍ਹਾਂ ਨੂੰ ਬਾਦਲ ਪਰਿਵਾਰ ਦੀ ਸਿਆਸਤ ਤੋਂ ਵਿਹਲ ਮਿਲੇ, ਤਾਂ ਉਹ ਸਿਖ ਧਰਮ ਦੀਆਂ ਸਮਸਿਆਵਾਂ ਬਾਰੇ ਸੋਚਣ।ਉਥੇ ਉਨ੍ਹਾਂ ਦੀ ਸਾਰ ਲੈਣ ਲਈ ਅਜੇ ਤਕ ਨਾ ਅਕਾਲੀ ਦਲ ਦਾ ਨਾ ਸ੍ਰੋਮਣੀ ਕਮੇਟੀ ਦਾ ਵਫਦ ਸਾਰ ਲੈਣ ਲਈ ਗਿਆ ਹੈ। ਨਾ ਅਕਾਲ ਤਖਤ ਵਲੋਂ ਦਿਸ਼ਾ ਨਿਰਦੇਸ਼ ਆਏ ਹਨ ਸਿਖ ਹੁਣ ਕੀ ਕਰਨ? ਸਿੱਖ ਮੈਦਾਨ ਪੰਜਾਬ ਦੀ ਧਰਤਿ ਸਿੱਖੀ ਤੋਂ ਖਾਲੀ ਹੈ,ਕੋਈ ਗੁਰਮਤਿ ਚਾਨਣਾ ਨਹੀਂ ਹੈ। ਕੋਈ ਕਿਵੇਂ ਸਿਖ ਘਰ ਵਿਚ ਜਨਮ ਲੈਕੇ ਸਿਖ ਬਣਿਆ ਰਹਿ ਸਕਦਾ ਹੈ।
25 ਸਾਲ ਹੋ ਗਏ ਹਨ ਸਿੱਖਾਂ ਦਾ ਈਸਾਈਕਰਨ ਹੋ ਰਿਹਾ ਹੈ। ਡੰਡੇ ਦੇ ਜੋਰ ਨਾਲ ਈਸਾਈ ਪ੍ਰਚਾਰਕਾਂ ਨੂੰ ਡਰਾ ਕੇ ਕਿੰਨਾ ਚਿਰ ਸਿਖੀ ਕਾਇਮ ਰਖ ਸਕਦੇ ਹੋ। ਗਲ ਤਾਂ ਸਿੱਖੀ ਦੇ ਪ੍ਰਚਾਰ ਦੀ ਹੈ ਸ੍ਰੋਮਣੀ ਕਮੇਟੀ ਭੂਮਿਕਾ ਨਹੀਂ ਨਿਭਾ ਰਹੀ। ਅਸਲ ਮਸਲਾ ਇਹੀ ਹੈ ਜੋ ਸਾਡੀ ਸਿਖ ਸਿਆਸਤ ਹੈ ਉਹ ਟਬਰਾਂ ਤੇ ਮਾਇਆਧਾਰੀਆਂ ਦੀ ਸਿਆਸਤ ਹੈ ਜੋ ਸਤਾ ਨੂੰ ਕਾਇਮ ਰਖਣਾ ਗੁਰੂ ਦਾ ਧਰਮ ਸਮਝ ਰਹੇ ਹਨ।ਅਸੀਂ ਇਨ੍ਹਾਂ ਚੰਦਰੀਆਂ ਆਤਮਾਵਾਂ, ਛਲੇਡਿਆਂ ਦੇ ਸ਼ਿਕਾਰ ਹਾਂ।ਸਤਿਗੁਰੂ ਤਾਂ ਆਖਦੇ ਹਨ ਸਾਡੇ ਭਰਮ ਦਾ ਆਂਡਾ ਟੁਟਣਾ ਚਾਹੀਦਾ।ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋਣਾ ਚਾਹੀਦਾ ਹੈ।ਹੇ ਭਾਈ ਗੁਰਸਿੱਖਾਂ ਗੁਲਾਮੀ ਦੀ ਬੇੜੀ ਉਖਾੜ ਕੇ ਬੰਦ ਖਲਾਸ ਹੋ ਜਾ।
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥
ਪੰਥਕ ਪਰੰਪਰਾਵਾਂ,ਸਤਿਗੁਰੂ ਦੇ ਘੜੇ ਅਸੂਲਾਂ ਦੀ ਪਾਲਣਾ ਕਰਕੇ ਸਿਖੀ ਨਿਭਾਈ ਜਾ ਸਕਦੀ ਹੈ। ਸਾਡੀ ਸਿਆਸਤ ਤੇ ਧਰਮ ਦੀ ਅਗਵਾਈ ਕਰਨ ਵਾਲੇ ਲੋਕ ਬੇਦਾਵੀਏ ਸਿਖ ਨਹੀਂ ਹੋਣੇ ਚਾਹੀਦੇ ਜੋ ਸਾਡੀ ਤਬਾਹੀ ਦਾ ਇਤਿਹਾਸ ਰਚਣ।ਅਸੀਂ ਕਦੇ ਮੁਗਲਾਂ, ਅਬਦਾਲੀਆਂ ,ਅੰਗਰੇਜ਼ਾਂ ਕੋਲੋਂ ਨਹੀਂ ਹਾਰੇ ਅਸੀਂ ਹਾਰੇ ਹਾਂ ਆਪਣੀਆਂ ਸ਼ਕਲਾ ਵਰਗੇ ਗਦਾਰਾਂ ਕਾਰਣ। ਜੇ ਬਿਨੋਦ ਸਿੰਘ ਦਾ ਧੜਾ ਮੁਗਲਾਂ ਨਾਲ ਨਾ ਖੜਾ ਹੁੰਦਾ ਲਾਹੌਰ ਤੇ ਦਿਲੀ ਮੁਗਲਾਂ ਦਾ ਨਹੀਂ ਸਾਡਾ ਹੋਣਾ ਸੀ। ਜੇ ਸੰਧੇਵਾਲੀਏ ਗਦਾਰੀ ਨਾ ਕਰਦੇ ਅੰਗਰੇਜ਼ਾਂ ਨਾਲ ਨਾ ਮਿਲਦੇ, ਤਾਂ ਖਾਲਸਾ ਰਾਜ ਉਪਰ ਗੋਰਿਆਂ ਦਾ ਕਬਜਾ ਨਹੀਂ ਹੋਣਾ ਸੀ। ਸੋ ਸਾਨੂੰ ਸਾਡੇ ਆਪਣਿਆ ਨੇ ਖਤਮ ਕੀਤਾ ਸਤਾ ਦੀ ਲਾਲਸਾ ਕਾਰਣ। ਅੱਜ ਵੀ ਉਹੀ ਦੌਰ ਹੈ।

Related Articles

Latest Articles