Saturday, May 9, 2026

ਵੈਸਟਜੈੱਟ ਫਲਾਈਟ ਅਟੈਂਡੈਂਟਾਂ ਅਤੇ ਏਅਰਲਾਈਨ ਵਿਚਾਲੇ ਵਿਵਾਦ ਵਧਿਆ, ਹੜਤਾਲ ਦੀ ਚਿਤਾਵਨੀ

ਸਰੀ, (ਦਿਵਰੂਪ ਕੌਰ): ਵੈਸਟਜੈੱਟ ਦੇ ਫਲਾਈਟ ਅਟੈਂਡੈਂਟਾਂ ਨੇ ਏਅਰਲਾਈਨ ਨਾਲ ਸੱਤ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਦੇ ਅਸਫਲ ਰਹਿਣ ਤੋਂ ਬਾਅਦ ਵਿਵਾਦ ਦਾ ਰਸਮੀ ਨੋਟਿਸ ਦਾਇਰ ਕਰ ਦਿੱਤਾ ਹੈ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਐਂਪਲਾਈਜ਼ (CUPE) ਲੋਕਲ 8125 ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸਤੰਬਰ 2025 ਤੋਂ ਸ਼ੁਰੂ ਹੋਈ ਗੱਲਬਾਤ ਵਿੱਚ ਕੋਈ ਨਵਾਂ ਸਾਂਝਾ ਸਮਝੌਤਾ ਸਿਰੇ ਨਹੀਂ ਚੜ੍ਹ ਸਕਿਆ। ਜੇਕਰ ਇਹ ਵਿਵਾਦ ਜਲਦੀ ਹੱਲ ਨਹੀਂ ਹੁੰਦਾ, ਤਾਂ ਆਉਣ ਵਾਲੇ ਸਮੇਂ ਵਿੱਚ ਹੜਤਾਲ ਜਾਂ ਤਾਲਾਬੰਦੀ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਨਾਲ ਹਵਾਈ ਮੁਸਾਫਰਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਕਦਮ ਵੈਸਟਜੈੱਟ ਦੇ ਮਕੈਨਿਕਾਂ ਦੀ ਹਾਲ ਹੀ ਵਿੱਚ ਹੋਈ ਹੜਤਾਲ ਤੋਂ ਬਾਅਦ ਚੁੱਕਿਆ ਗਿਆ ਹੈ, ਜਿਸ ਕਾਰਨ ਉਸ ਸਮੇਂ ਸੈਂਕੜੇ ਉਡਾਣਾਂ ਰੱਦ ਹੋਈਆਂ ਸਨ। ਯੂਨੀਅਨ ਦੀ ਪ੍ਰਧਾਨ ਆਲੀਆ ਹੁਸੈਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਫਲਾਈਟ ਅਟੈਂਡੈਂਟ ਸੁਰੱਖਿਆ ਪੱਖੋਂ ਬਹੁਤ ਹੀ ਸੰਵੇਦਨਸ਼ੀਲ ਮਾਹੌਲ ਵਿੱਚ ਕੰਮ ਕਰ ਰਹੇ ਹਨ, ਪਰ ਉਹਨਾਂ ਦੀਆਂ ਤਨਖਾਹਾਂ ਕੈਨੇਡਾ ਵਿੱਚ ਸਭ ਤੋਂ ਘੱਟ ਹਨ। ਉਹਨਾਂ ਅਨੁਸਾਰ ਮੌਜੂਦਾ ਮੁਆਵਜ਼ਾ ਪ੍ਰਣਾਲੀ ਪੁਰਾਣੀ ਹੋ ਚੁੱਕੀ ਹੈ ਅਤੇ ਅੱਜ ਦੇ ਕੰਮ ਦੀ ਮਹੱਤਤਾ ਨੂੰ ਨਹੀਂ ਦਰਸਾਉਂਦੀ। ਯੂਨੀਅਨ ਅਨੁਸਾਰ ਫਲਾਈਟ ਅਟੈਂਡੈਂਟ ਡਿਊਟੀ ‘ਤੇ ਰਿਪੋਰਟ ਕਰਨ ਦੇ ਸਮੇਂ ਤੋਂ ਹੀ ਯਾਤਰੀਆਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਹੁੰਦੇ ਹਨ, ਪਰ ਇਸ ਸਮੇਂ ਦੇ ਵੱਡੇ ਹਿੱਸੇ ਲਈ ਉਹਨਾਂ ਨੂੰ ਪੂਰੀ ਤਨਖਾਹ ਨਹੀਂ ਮਿਲਦੀ। ਅੰਕੜਿਆਂ ਅਨੁਸਾਰ ਇੱਕ ਫਲਾਈਟ ਅਟੈਂਡੈਂਟ ਹਰ ਮਹੀਨੇ ਔਸਤਨ 35 ਘੰਟੇ ਬਿਨਾਂ ਕਿਸੇ ਤਨਖਾਹ ਤੋਂ ਕੰਮ ਕਰਦਾ ਹੈ। ਯੂਨੀਅਨ ਹੁਣ ਕੰਮ ਦੇ ਹਾਲਾਤ ਅਤੇ ਸ਼ਡਿਊਲ ਵਿੱਚ ਵੱਡੇ ਸੁਧਾਰਾਂ ਦੀ ਮੰਗ ਕਰ ਰਹੀ ਹੈ। ਵੈਸਟਜੈੱਟ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਦੱਸਿਆ ਕਿ ਉਹ ਸਤੰਬਰ 2025 ਤੋਂ ਯੂਨੀਅਨ ਨਾਲ ਗੱਲਬਾਤ ਵਿੱਚ ਸਰਗਰਮੀ ਨਾਲ ਸ਼ਾਮਲ ਹਨ। ਏਅਰਲਾਈਨ ਨੇ ਨੋਟਿਸ ਦੇ ਸਮੇਂ ‘ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਗੱਲਬਾਤ ਅਜੇ ਜਾਰੀ ਸੀ, ਪਰ ਸੁਲ੍ਹਾ-ਸਫਾਈ ਦੀ ਪ੍ਰਕਿਰਿਆ ਲੇਬਰ ਗੱਲਬਾਤ ਦਾ ਇੱਕ ਆਮ ਹਿੱਸਾ ਹੈ। ਕੰਪਨੀ ਨੇ ਭਰੋਸਾ ਦਿੱਤਾ ਕਿ ਉਹ ਕੈਬਿਨ ਕਰੂ ਦੀ ਭੂਮਿਕਾ ਦੀ ਕਦਰ ਕਰਦੇ ਹਨ ਅਤੇ ਇੱਕ ਅਜਿਹਾ ਸਮਝੌਤਾ ਕਰਨਾ ਚਾਹੁੰਦੇ ਹਨ ਜੋ ਮੁਲਾਜ਼ਮਾਂ ਲਈ ਲਾਹੇਵੰਦ ਅਤੇ ਕੰਪਨੀ ਦੇ ਭਵਿੱਖ ਲਈ ਟਿਕਾਊ ਹੋਵੇ। ਕੈਨੇਡੀਅਨ ਟ੍ਰਾਂਸਪੋਰਟੇਸ਼ਨ ਏਜੰਸੀ ਵੀ ਇਸ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੀ ਹੈ ਤਾਂ ਜੋ ਲੋੜ ਪੈਣ ‘ਤੇ ਸਲਾਹ ਦਿੱਤੀ ਜਾ ਸਕੇ। ਹਵਾਈ ਸੈਕਟਰ ਪਹਿਲਾਂ ਹੀ ਈਰਾਨ ਵਿੱਚ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਦੀ ਮਾਰ ਝੱਲ ਰਿਹਾ ਹੈ। ਪਿਛਲੇ ਹਫ਼ਤੇ ਹੀ ਵੈਸਟਜੈੱਟ ਨੇ ਆਪਣੀ ਉਡਾਣ ਸਮਰੱਥਾ ਵਿੱਚ 6 ਫੀਸਦੀ ਦੀ ਕਟੌਤੀ ਕੀਤੀ ਹੈ ਤਾਂ ਜੋ ਬਾਲਣ ਦੇ ਵਧੇ ਹੋਏ ਖਰਚਿਆਂ ਦਾ ਪ੍ਰਬੰਧ ਕੀਤਾ ਜਾ ਸਕੇ।
ਏਅਰਲਾਈਨ ਨੇ ਸੰਕੇਤ ਦਿੱਤਾ ਹੈ ਕਿ ਉਹ ਆਪਣੀਆਂ ਗਰਮੀਆਂ ਦੀਆਂ ਉਡਾਣਾਂ ਦੇ ਸ਼ਡਿਊਲ ਦੀ ਬਾਰੀਕੀ ਨਾਲ ਸਮੀਖਿਆ ਕਰ ਰਹੀ ਹੈ ਅਤੇ ਲੋੜ ਪੈਣ ‘ਤੇ ਹੋਰ ਕਟੌਤੀਆਂ ਵੀ ਕੀਤੀਆਂ ਜਾ ਸਕਦੀਆਂ ਹਨ। ਇਸ ਸਿਆਸੀ ਅਤੇ ਆਰਥਿਕ ਅਨਿਸ਼ਚਿਤਤਾ ਦੇ ਦੌਰ ਵਿੱਚ ਫਲਾਈਟ ਅਟੈਂਡੈਂਟਾਂ ਦਾ ਇਹ ਵਿਵਾਦ ਵੈਸਟਜੈੱਟ ਦੇ ਪ੍ਰਬੰਧਨ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

Popular