Saturday, May 9, 2026

ਨਿਊਟਨ ਵਿਖੇ ਅਨਵਿਨ ਪਾਰਕ ਦੇ ਵਿਕਾਸ ਲਈ ਮੇਅਰ ਬਰੈਂਡਾ ਲੌਕ ਵੱਲੋਂ ਨਵੀਂ ਯੋਜਨਾ ਪੇਸ਼

ਸਰੀ, (ਦਿਵਰੂਪ ਕੌਰ): ਸਰੀ ਸਿਟੀ ਵੱਲੋਂ ਅਨਵਿਨ ਪਾਰਕ ਦੇ ਵਿਕਾਸ ਲਈ ਤਿਆਰ ਕੀਤੇ ਗਏ ਇੱਕ ਨਵੇਂ ਡਰਾਫਟ ਕੰਸੈਪਟ ਪਲਾਨ ‘ਤੇ ਨਿਵਾਸੀਆਂ ਤੋਂ ਫੀਡਬੈਕ ਮੰਗੀ ਜਾ ਰਹੀ ਹੈ। ਇਹ ਨਵੀਂ ਯੋਜਨਾ ਨਵੰਬਰ ਵਿੱਚ ਹੋਏ ਪਹਿਲੇ ਗੇੜ ਦੇ ਜਨਤਕ ਸਲਾਹ-ਮਸ਼ਵਰੇ ਦੌਰਾਨ ਪ੍ਰਾਪਤ ਹੋਏ ਸੁਝਾਵਾਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ। ਸਰੀ ਦੇ ਮੇਅਰ ਬਰੈਂਡਾ ਲੌਕ ਨੇ ਸੋਮਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਫੋਕਸ ਨਿਊਟਨ’ ਪਹਿਲਕਦਮੀ ਦੇ ਹਿੱਸੇ ਵਜੋਂ ਕੌਂਸਲ ਲਗਾਤਾਰ ਸਥਾਨਕ ਲੋਕਾਂ ਦੀਆਂ ਲੋੜਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਅਨਵਿਨ ਪਾਰਕ ਲਈ ਇਹ ਨਵਾਂ ਖਾਕਾ ਤਿਆਰ ਹੈ ਜਿਸ ਵਿੱਚ ਖੇਡ ਮੈਦਾਨਾਂ, ਕ੍ਰਿਕਟ, ਵਾਲੀਬਾਲ ਅਤੇ ਪਿਕਲਬਾਲ ਵਰਗੀਆਂ ਖੇਡਾਂ ਲਈ ਨਵੀਆਂ ਸਹੂਲਤਾਂ ਸ਼ਾਮਲ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪਾਰਕ ਵਿੱਚ ਪਖਾਨੇ, ਪਾਰਕਿੰਗ ਅਤੇ ਸੈਰ ਕਰਨ ਲਈ ਰਸਤੇ ਬਣਾਉਣ ਦਾ ਪ੍ਰਸਤਾਵ ਹੈ ਤਾਂ ਜੋ ਇਹ ਪਾਰਕ ਭਾਈਚਾਰੇ ਦੀਆਂ ਤਰਜੀਹਾਂ ਦਾ ਪ੍ਰਤੀਬਿੰਬ ਬਣ ਸਕੇ।
ਨਿਊਟਨ ਦੇ ਕੇਂਦਰ ਵਿੱਚ ਸਥਿਤ ਅਨਵਿਨ ਪਾਰਕ 15 ਹੈਕਟੇਅਰ (36 ਏਕੜ) ਵਿੱਚ ਫੈਲਿਆ ਹੋਇਆ ਹੈ ਅਤੇ ਇੱਥੇ ਪਹਿਲਾਂ ਹੀ ਵਾਟਰ ਪਾਰਕ, ਆਊਟਡੋਰ ਪੂਲ ਅਤੇ ਸਰੀ ਦਾ ਸਭ ਤੋਂ ਵੱਡਾ ਇਨਕਲੂਸਿਵ ਪਲੇਅਗਰਾਊਂਡ ਵਰਗੀਆਂ ਸਹੂਲਤਾਂ ਮੌਜੂਦ ਹਨ। ਪਹਿਲੇ ਪੜਾਅ ਦੌਰਾਨ 1,500 ਤੋਂ ਵੱਧ ਲੋਕਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਸਨ ਕਿ ਉਹ ਪਾਰਕ ਦੀ ਵਰਤੋਂ ਕਿਵੇਂ ਕਰਦੇ ਹਨ ਅਤੇ ਉੱਥੇ ਕਿਹੜੀਆਂ ਨਵੀਆਂ ਸਹੂਲਤਾਂ ਦੇਖਣਾ ਚਾਹੁੰਦੇ ਹਨ। ਬਹੁਤ ਸਾਰੇ ਨਿਵਾਸੀਆਂ ਨੇ ਨਵੀਆਂ ਖੇਡ ਸਹੂਲਤਾਂ ਦੀ ਮੰਗ ਦੇ ਨਾਲ-ਨਾਲ ਪਾਰਕ ਦੀ ਪਹੁੰਚਯੋਗਤਾ ਅਤੇ ਸੁਰੱਖਿਆ ਬਾਰੇ ਵੀ ਆਪਣੇ ਸੁਝਾਅ ਦਿੱਤੇ ਸਨ।
ਦੂਜੇ ਪੜਾਅ ਵਿੱਚ ਪੇਸ਼ ਕੀਤਾ ਗਿਆ ਇਹ ਸ਼ੁਰੂਆਤੀ ਪਲਾਨ ਹਰ ਉਮਰ ਅਤੇ ਯੋਗਤਾ ਵਾਲੇ ਲੋਕਾਂ ਲਈ ਮਨੋਰੰਜਨ ਦੇ ਸਾਧਨਾਂ ਨੂੰ ਜੋੜਨ ਦਾ ਟੀਚਾ ਰੱਖਦਾ ਹੈ। ਇਸ ਯੋਜਨਾ ਵਿੱਚ ਪਰਿਵਾਰਾਂ ਅਤੇ ਗੁਆਂਢੀਆਂ ਦੇ ਇਕੱਠੇ ਬੈਠਣ ਲਈ ਸਾਂਝੀਆਂ ਥਾਵਾਂ ਬਣਾਉਣ ਅਤੇ ਪਾਰਕ ਦੇ ਕੁਦਰਤੀ ਖੇਤਰਾਂ, ਜਿਵੇਂ ਕਿ ਜੰਗਲਾਂ ਅਤੇ ਵੈਟਲੈਂਡਜ਼ ਨੂੰ ਸੰਭਾਲਣ ‘ਤੇ ਵੀ ਜ਼ੋਰ ਦਿੱਤਾ ਗਿਆ ਹੈ। ਸਰੀ ਦੇ ਨਿਵਾਸੀ 4 ਮਈ ਤੋਂ 29 ਮਈ ਦੇ ਵਿਚਕਾਰ surrey.ca/unwinpark ‘ਤੇ ਜਾ ਕੇ ਆਨਲਾਈਨ ਸਰਵੇਖਣ ਰਾਹੀਂ ਆਪਣੀ ਰਾਏ ਦੇ ਸਕਦੇ ਹਨ।
ਇਸ ਤੋਂ ਇਲਾਵਾ, ਲੋਕਾਂ ਨੂੰ ਸਿਟੀ ਸਟਾਫ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਪਾਰਕ ਵਿੱਚ ‘ਪਲਾਨਰ ਇਨ ਦਾ ਪਾਰਕ’ ਨਾਮਕ ਵਿਸ਼ੇਸ਼ ਪ੍ਰੋਗਰਾਮ 9 ਮਈ ਨੂੰ ਸਵੇਰੇ 10 ਤੋਂ 12 ਵਜੇ ਤੱਕ, 13 ਮਈ ਨੂੰ ਦੁਪਹਿਰ 3 ਤੋਂ 5 ਵਜੇ ਤੱਕ ਅਤੇ 14 ਮਈ ਨੂੰ ਸਵੇਰੇ 8 ਤੋਂ 10 ਵਜੇ ਤੱਕ ਕਰਵਾਏ ਜਾਣਗੇ।
ਇਸ ਦੂਜੇ ਪੜਾਅ ਤੋਂ ਪ੍ਰਾਪਤ ਹੋਣ ਵਾਲੀ ਫੀਡਬੈਕ ਅਨਵਿਨ ਪਾਰਕ ਦੀ ਅੰਤਿਮ ਲੰਬੀ ਮਿਆਦ ਦੀ ਯੋਜਨਾ ਨੂੰ ਤਿਆਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ ਜੋ ਕਿ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋਣ ਦੀ ਉਮੀਦ ਹੈ। This report was written by Divroop Kaur as part of the Local Journalism Initiative.

Popular