ਉਸਾਰੀ ਖੇਤਰ ਵਿੱਚ ਗੰਭੀਰ ਸੱਟਾਂ ਦੀ ਦਰ ਵਿੱਚ 32 ਫੀਸਦੀ ਦੀ ਗਿਰਾਵਟ ਆਈ, ਪਰ ਚੁਣੌਤੀਆਂ ਅਜੇ ਵੀ ਬਰਕਰਾਰ : ਵਰਕਸੇਫ ਬੀ.ਸੀ.
ਸਰੀ (ਦਿਵਰੂਪ ਕੌਰ): ਮਈ ਮਹੀਨੇ ਦਾ ਪਹਿਲਾ ਹਫ਼ਤਾ ਬ੍ਰਿਟਿਸ਼ ਕੋਲੰਬੀਆ ਵਿੱਚ ‘ਉਸਾਰੀ ਸੁਰੱਖਿਆ ਹਫ਼ਤੇ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਰਕਸੇਫ ਬੀ.ਸੀ. ਨੇ ਪਿਛਲੇ ਇੱਕ ਦਹਾਕੇ ਦੌਰਾਨ ਉਸਾਰੀ ਖੇਤਰ ਵਿੱਚ ਸੁਰੱਖਿਆ ਦੇ ਮਿਆਰਾਂ ਵਿੱਚ ਹੋਏ ਸੁਧਾਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅੰਕੜਿਆਂ ਅਨੁਸਾਰ ਪਿਛਲੇ 10 ਸਾਲਾਂ ਵਿੱਚ ਕੰਮ ਦੌਰਾਨ ਲੱਗਣ ਵਾਲੀਆਂ ਸੱਟਾਂ ਦੀ ਦਰ ਵਿੱਚ 25 ਫੀਸਦੀ ਅਤੇ ਗੰਭੀਰ ਸੱਟਾਂ ਦੀ ਦਰ ਵਿੱਚ 32 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਹ ਸੁਧਾਰ ਬਿਹਤਰ ਸੁਰੱਖਿਆ ਪ੍ਰਬੰਧਨ, ਖਤਰਿਆਂ ਦੀ ਪਛਾਣ ਅਤੇ ਕਾਮਿਆਂ ਦੀ ਸਰਗਰਮ ਭਾਗੀਦਾਰੀ ਸਦਕਾ ਸੰਭਵ ਹੋਇਆ ਹੈ।
ਇਹਨਾਂ ਸੁਧਾਰਾਂ ਦੇ ਬਾਵਜੂਦ ਉਸਾਰੀ ਖੇਤਰ ਅਜੇ ਵੀ ਬੀ.ਸੀ. ਵਿੱਚ ਸਭ ਤੋਂ ਵੱਧ ਜੋਖਮ ਵਾਲੇ ਖੇਤਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵਰਕਸੇਫ ਬੀ.ਸੀ. ਦੇ ਪ੍ਰੀਵੈਂਸ਼ਨ ਸਰਵਿਸਿਜ਼ ਦੇ ਮੁਖੀ ਟੌਡ ਮੈਕਡੋਨਲਡ ਅਨੁਸਾਰ ਉਦਯੋਗ ਨੇ ਸੁਰੱਖਿਆ ਵਿੱਚ ਵੱਡੀ ਤਰੱਕੀ ਕੀਤੀ ਹੈ ਪਰ ਨਵੇਂ ਉੱਭਰ ਰਹੇ ਜੋਖਮ ਅਜੇ ਵੀ ਚੁਣੌਤੀ ਬਣੇ ਹੋਏ ਹਨ। ਸਾਲ 2021 ਤੋਂ 2025 ਤੱਕ ਦੇ ਅੰਕੜਿਆਂ ਮੁਤਾਬਕ ਇਸ ਖੇਤਰ ਵਿੱਚ ਕੁੱਲ 38,000 ਕਲੇਮ ਪ੍ਰਵਾਨ ਕੀਤੇ ਗਏ ਹਨ। ਇਹਨਾਂ ਵਿੱਚੋਂ 7,400 ਗੰਭੀਰ ਸੱਟਾਂ ਦੇ ਮਾਮਲੇ ਸਨ ਅਤੇ 174 ਮੌਤਾਂ ਦਰਜ ਕੀਤੀਆਂ ਗਈਆਂ। ਇਹਨਾਂ ਕਲੇਮਾਂ ‘ਤੇ ਕੁੱਲ 1.3 ਬਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਆਈ ਹੈ। ਉਸਾਰੀ ਅਧੀਨ ਥਾਵਾਂ ‘ਤੇ ਉਚਾਈ ਤੋਂ ਡਿੱਗਣ ਅਤੇ ਮਸ਼ੀਨਰੀ ਦੀ ਲਪੇਟ ਵਿੱਚ ਆਉਣ ਕਾਰਨ ਸਭ ਤੋਂ ਵੱਧ ਗੰਭੀਰ ਸੱਟਾਂ ਲੱਗਦੀਆਂ ਹਨ। ਪਿਛਲੇ ਪੰਜ ਸਾਲਾਂ ਵਿੱਚ ਉਚਾਈ ਤੋਂ ਡਿੱਗਣ ਦੇ 5,800 ਅਤੇ ਸਾਜ਼ੋ-ਸਾਮਾਨ ਜਾਂ ਵਾਹਨਾਂ ਨਾਲ ਟਕਰਾਉਣ ਦੇ 7,000 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਰੀਰਕ ਜ਼ੋਰ ਲਗਾਉਣ ਕਾਰਨ ਲੱਗਣ ਵਾਲੀਆਂ ਮਾਸਪੇਸ਼ੀਆਂ ਦੀਆਂ ਸੱਟਾਂ ਵੀ ਆਮ ਹਨ, ਜਿਨ੍ਹਾਂ ਦੇ ਲਗਭਗ 11,000 ਕਲੇਮ ਕੀਤੇ ਗਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ ਜੇਕਰ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਵੱਡੇ ਪੱਧਰ ਦੇ ਪ੍ਰੋਜੈਕਟਾਂ ਵਿੱਚ ਕ੍ਰੇਨਾਂ ਅਤੇ ਭਾਰੀ ਮਸ਼ੀਨਰੀ ਦੀ ਵਰਤੋਂ ਕਾਰਨ ਨਵੀਆਂ ਚੁਣੌਤੀਆਂ ਪੈਦਾ ਹੋ ਰਹੀਆਂ ਹਨ। ਵਰਕਸੇਫ ਬੀ.ਸੀ. ਹੁਣ ਮੁੱਖ ਠੇਕੇਦਾਰਾਂ ਦੀ ਨਿਗਰਾਨੀ ਅਤੇ ਸੁਰੱਖਿਆ ਯੋਜਨਾਬੰਦੀ ‘ਤੇ ਵਧੇਰੇ ਜ਼ੋਰ ਦੇ ਰਿਹਾ ਹੈ। ਪੇਸ਼ੇਵਰ ਬਿਮਾਰੀਆਂ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਹਨ। 1 ਜਨਵਰੀ 2024 ਤੋਂ ਬੀ.ਸੀ. ਵਿੱਚ ਐਸਬੈਸਟਸ ਹਟਾਉਣ ਦੇ ਕੰਮ ਲਈ ਲਾਇਸੈਂਸ ਅਤੇ ਸਿਖਲਾਈ ਲਾਜ਼ਮੀ ਕਰ ਦਿੱਤੀ ਗਈ ਹੈ। ਸਿਲਿਕਾ ਧੂੜ ਵਰਗੇ ਹਾਨੀਕਾਰਕ ਪਦਾਰਥਾਂ ਦੇ ਸੰਪਰਕ ਵਿੱਚ ਆਉਣ ਨਾਲ ਫੇਫੜਿਆਂ ਦੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਬਣਿਆ ਹੋਇਆ ਹੈ।
ਮਾਲਕਾਂ ਦੀ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਕਾਮਿਆਂ ਨੂੰ ਸਹੀ ਸਿਖਲਾਈ ਪ੍ਰਦਾਨ ਕਰਨ ਅਤੇ ਕੰਮ ਦੇ ਸਥਾਨ ‘ਤੇ ਖਤਰਿਆਂ ਨੂੰ ਕੰਟਰੋਲ ਕਰਨ। ਵਰਕਸੇਫ ਬੀ.ਸੀ. ਵੱਲੋਂ ਕੀਤੀਆਂ ਜਾਂਦੀਆਂ ਨਿਯਮਤ ਜਾਂਚਾਂ ਸੁਰੱਖਿਆ ਦੇ ਮਿਆਰਾਂ ਨੂੰ ਬਰਕਰਾਰ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ। ਜਾਂਚ ਤੋਂ ਬਾਅਦ ਅਕਸਰ ਦੇਖਿਆ ਗਿਆ ਹੈ ਕਿ ਮਾਲਕ ਆਪਣੇ ਹੈਲਥ ਅਤੇ ਸੇਫਟੀ ਪ੍ਰੋਗਰਾਮਾਂ ਵਿੱਚ ਸਾਰਥਕ ਸੁਧਾਰ ਕਰਦੇ ਹਨ। ਸੁਰੱਖਿਅਤ ਕੰਮ ਦਾ ਮਾਹੌਲ ਸਿਰਜਣ ਲਈ ਉਦਯੋਗ ਦੇ ਸਾਰੇ ਹਿੱਸੇਦਾਰਾਂ ਨੂੰ ਮਿਲ ਕੇ ਲਗਾਤਾਰ ਯਤਨ ਕਰਨ ਦੀ ਲੋੜ ਹੈ। This report was written by Divroop Kaur as part of the Local Journalism Initiative.

