Saturday, May 9, 2026

ਓਨਟਾਰੀਓ ਵਿੱਚ ਬਣ ਸਕਦਾ ਹੈ ਦੁਨੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਪਲਾਂਟ

“ਬਰੂਸ ਸੀ” ਪ੍ਰੋਜੈਕਟ ਨਾਲ 48 ਲੱਖ ਘਰਾਂ ਨੂੰ ਮਿਲੇਗੀ ਬਿਜਲੀ
ਔਟਵਾ, (ਦਿਵਰੂਪ ਕੌਰ): ਓਨਟਾਰੀਓ ਸਰਕਾਰ ਨੇ ਸੂਬੇ ਦੀ ਊਰਜਾ ਸਮਰੱਥਾ ਨੂੰ ਵਧਾਉਣ ਲਈ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਕਿਨਕਾਰਡਾਈਨ ਸਥਿਤ ਬਰੂਸ ਪਾਵਰ ਸਾਈਟ ‘ਤੇ ਨਵੇਂ ਨਿਊਕਲੀਅਰ ਬਿਜਲੀ ਘਰ ਦੀ ਤਿਆਰੀ ਲਈ 300 ਮਿਲੀਅਨ ਡਾਲਰ ਦੇ ਖਰਚੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਅਹਿਮ ਪ੍ਰੋਜੈਕਟ ਨੂੰ “ਬਰੂਸ ਸੀ” ਦਾ ਨਾਮ ਦਿੱਤਾ ਗਿਆ ਹੈ। ਇਸ ਸਬੰਧੀ ਹੋਇਆ ਸਮਝੌਤਾ ਇੰਡੀਪੈਂਡੈਂਟ ਇਲੈਕਟ੍ਰਿਸਿਟੀ ਸਿਸਟਮ ਓਪਰੇਟਰ (ਆਈਈਐਸਓ) ਅਤੇ ਬਰੂਸ ਪਾਵਰ ਵਿਚਕਾਰ ਸਿਰੇ ਚੜ੍ਹੇਗਾ। ਇਹ ਪਿਛਲੇ 30 ਸਾਲਾਂ ਵਿੱਚ ਓਨਟਾਰੀਓ ਦਾ ਪਹਿਲਾ ਵੱਡਾ ਨਿਊਕਲੀਅਰ ਪ੍ਰੋਜੈਕਟ ਹੈ ਜੋ ਪੂਰਾ ਹੋਣ ਤੋਂ ਬਾਅਦ ਇਸ ਸਾਈਟ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਨਿਊਕਲੀਅਰ ਬਿਜਲੀ ਉਤਪਾਦਨ ਕੇਂਦਰ ਬਣਾ ਦੇਵੇਗਾ। ਊਰਜਾ ਮੰਤਰੀ ਸਟੀਫਨ ਲੈਚੇ ਨੇ ਇਸ ਮੌਕੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਹਜ਼ਾਰਾਂ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ ਅਤੇ ਸੂਬੇ ਦੀ ਬਿਜਲੀ ਸਪਲਾਈ ਵਿੱਚ ਵੱਡਾ ਵਾਧਾ ਹੋਵੇਗਾ। ਸਰਕਾਰ ਦੀ ਯੋਜਨਾ ਅਨੁਸਾਰ ਇਸ ਨਵੇਂ ਪਲਾਂਟ ਦੀ ਸਮਰੱਥਾ 4,800 ਮੈਗਾਵਾਟ ਹੋਵੇਗੀ ਜੋ ਲਗਭਗ 48 ਲੱਖ ਘਰਾਂ ਦੀਆਂ ਬਿਜਲੀ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਹੋਵੇਗਾ। ਤਿਆਰੀਆਂ ਦਾ ਇਹ ਕੰਮ 2030 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਮੌਜੂਦਾ ਸਮੇਂ ਵਿੱਚ ਬਰੂਸ ਪਾਵਰ ਸਾਈਟ ਉੱਤੇ ਅੱਠ ਰਿਐਕਟਰਾਂ ਵਾਲੇ ਦੋ ਸਟੇਸ਼ਨ, ਬਰੂਸ ਏ ਅਤੇ ਬਰੂਸ ਬੀ, ਪਹਿਲਾਂ ਹੀ ਸੇਵਾਵਾਂ ਦੇ ਰਹੇ ਹਨ। ਨਵੇਂ ਪ੍ਰੋਜੈਕਟ ਵਿੱਚ ਰਿਐਕਟਰਾਂ ਦੀ ਗਿਣਤੀ ਬਾਰੇ ਫੈਸਲਾ ਆਉਣ ਵਾਲੇ ਸਮੇਂ ਵਿੱਚ ਲਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਫੈਡਰਲ ਸਰਕਾਰ ਦੀਆਂ ਮਨਜ਼ੂਰੀਆਂ ਅਤੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵਾਂ ਦਾ ਅਧਿਐਨ ਵੀ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਫਰਸਟ ਨੇਸ਼ਨਜ਼ ਭਾਈਚਾਰਿਆਂ ਨਾਲ ਵੀ ਲਗਾਤਾਰ ਰਾਬਤਾ ਕਾਇਮ ਰੱਖੇਗੀ ਤਾਂ ਜੋ ਸਾਰਿਆਂ ਦੀ ਸਹਿਮਤੀ ਨਾਲ ਇਸ ਵਿਸ਼ਾਲ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਇਹ ਕਦਮ ਓਨਟਾਰੀਓ ਨੂੰ ਸਾਫ਼ ਸੁਥਰੀ ਊਰਜਾ ਦੇ ਖੇਤਰ ਵਿੱਚ ਮੋਹਰੀ ਬਣਾਉਣ ਵਿੱਚ ਸਹਾਈ ਹੋਵੇਗਾ। This report was written by Divroop Kaur as part of the Local Journalism Initiative.

Popular