ਐਬਟਸਫੋਰਡ , (ਦਿਵਰੂਪ ਕੌਰ): ਪੰਜਾਬੀ ਵਿਰਸੇ ਅਤੇ ਅਮੀਰ ਸੱਭਿਆਚਾਰ ਨੂੰ ਬਰਕਰਾਰ ਰੱਖਣ ਲਈ ‘ਡਾਇਮੰਡ ਕਲਚਰਲ ਕਲੱਬ ਐਬਟਸਫੋਰਡ’ ਵੱਲੋਂ ਇਸ ਵਰ੍ਹੇ ਵੀ ਸੱਭਿਆਚਾਰਕ ਮੇਲਾ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਸ਼ਾਨਦਾਰ ਮੇਲਾ 23 ਮਈ 2026 ਨੂੰ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਬੀਤੇ ਦਿਨੀਂ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਮੇਲੇ ਦੇ ਪ੍ਰਬੰਧਾਂ ਦੀ ਰੂਪ-ਰੇਖਾ ਉਲੀਕਣ ਦੇ ਨਾਲ-ਨਾਲ ਮੇਲੇ ਦਾ ਪੋਸਟਰ ਵੀ ਪ੍ਰਭਾਵਸ਼ਾਲੀ ਢੰਗ ਨਾਲ ਰਿਲੀਜ਼ ਕੀਤਾ ਗਿਆ। ਮੈਂਬਰਾਂ ਨੇ ਵਿਸ਼ਵਾਸ ਦਿਵਾਇਆ ਕਿ ਇਹ ਮੇਲਾ ਇਲਾਕੇ ਦੇ ਲੋਕਾਂ ਲਈ ਯਾਦਗਾਰੀ ਹੋਵੇਗਾ।
ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਕਲੱਬ ਦੇ ਬੁਲਾਰੇ ਸੋਨੀ ਸਿੱਧੂ ਨੇ ਦੱਸਿਆ ਕਿ ਮੇਲੇ ਦੌਰਾਨ ਪੰਜਾਬੀ ਸੰਗੀਤ ਜਗਤ ਦੇ ਨਾਮੀ ਕਲਾਕਾਰ ਆਪਣੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨਗੇ। ਇਸ ਵਾਰ ਮੇਲੇ ਦੀ ਮੁੱਖ ਖਿੱਚ ਸੁਪਰ ਸਟਾਰ ਗਾਇਕ ਆਰ ਨੇਤ, ਸੱਜਣ ਅਦੀਬ, ਹਰਦੇਵ ਮਾਹੀਨੰਗਲ, ਸੁਖਪਾਲ ਔਜਲਾ ਅਤੇ ਗੁਰਤੇਜ ਸਿੱਧੂ ਹੋਣਗੇ। ਇਸ ਤੋਂ ਇਲਾਵਾ ਪੰਜਾਬੀ ਗੀਤਕਾਰੀ ਅਤੇ ਗਾਇਕੀ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਅਤੇ ‘ਇਨਸਾਇਕਲੋਪੀਡੀਆ’ ਵਜੋਂ ਜਾਣੇ ਜਾਂਦੇ ਅਸ਼ੋਕ ਬਾਂਸਲ ਮਾਨਸਾ ਵੀ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਉਨ੍ਹਾਂ ਦੀ ਮੌਜੂਦਗੀ ਮੇਲੇ ਦੀ ਸ਼ਾਨ ਨੂੰ ਹੋਰ ਵਧਾਏਗੀ।
ਕਲੱਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਮਾਗਮ ਕੇਵਲ ਮਨੋਰੰਜਨ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦਾ ਮੁੱਖ ਮਕਸਦ ਵਿਦੇਸ਼ਾਂ ਵਿੱਚ ਵਸਦੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਕਲੱਬ ਵੱਲੋਂ ਸਮੂਹ ਸੰਗੀਤ ਪ੍ਰੇਮੀਆਂ ਅਤੇ ਪੰਜਾਬੀ ਭਾਈਚਾਰੇ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਕਿ ਉਹ 23 ਮਈ ਨੂੰ ਆਪਣੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਪਹੁੰਚ ਕੇ ਰੌਣਕਾਂ ਵਧਾਉਣ। ਮੇਲੇ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

