ਸਰੀ, (ਦਿਵਰੂਪ ਕੌਰ): ਐਬਟਸਫੋਰਡ ਦੇ ਵਸਨੀਕ ਅਤੇ ਕਾਰੋਬਾਰੀ ਹੁਣ ਭਾਈਚਾਰੇ ਦੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਐਬਟਸਫੋਰਡ ਪੁਲਿਸ ਵਿਭਾਗ ਵੱਲੋਂ ਅਪਰਾਧਿਕ ਜਾਂਚਾਂ ਵਿੱਚ ਮਦਦ ਕਰਨ ਅਤੇ ਕਾਰਵਾਈ ਨੂੰ ਹੋਰ ਤੇਜ਼ ਕਰਨ ਲਈ ਪ੍ਰੋਜੈਕਟ ਕਲੀਅਰਵਿਊ ਨਾਮਕ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਇੱਕ ਸਵੈਇੱਛਤ ਕਮਿਊਨਿਟੀ ਕੈਮਰਾ ਰਜਿਸਟਰੀ ਪ੍ਰੋਗਰਾਮ ਹੈ ਜਿਸ ਵਿੱਚ ਲੋਕ ਆਪਣੀ ਮਰਜ਼ੀ ਨਾਲ ਸ਼ਾਮਲ ਹੋ ਸਕਦੇ ਹਨ।
ਇਹ ਪ੍ਰੋਜੈਕਟ ਇੱਕ ਕਮਿਊਨਿਟੀ ਅਧਾਰਿਤ ਪਹਿਲਕਦਮੀ ਹੈ। ਇਸ ਦਾ ਮੁੱਖ ਮਕਸਦ ਅਪਰਾਧਿਕ ਘਟਨਾਵਾਂ ਜਾਂ ਜਨਤਕ ਸੁਰੱਖਿਆ ਦੇ ਮਾਮਲਿਆਂ ਤੋਂ ਬਾਅਦ ਪੁਲਿਸ ਨੂੰ ਵੀਡੀਓ ਸਬੂਤਾਂ ਦੀ ਜਲਦੀ ਪਛਾਣ ਕਰਨ ਅਤੇ ਉਹਨਾਂ ਤੱਕ ਪਹੁੰਚਣ ਵਿੱਚ ਮਦਦ ਕਰਨਾ ਹੈ। ਆਮ ਤੌਰ ਤੇ ਕਿਸੇ ਘਟਨਾ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੂੰ ਆਸਪਾਸ ਦੇ ਇਲਾਕੇ ਵਿੱਚੋਂ ਵੀਡੀਓ ਫੁਟੇਜ ਲੱਭਣ ਲਈ ਬਹੁਤ ਸਮਾਂ ਅਤੇ ਸਾਧਨ ਲਗਾਉਣੇ ਪੈਂਦੇ ਹਨ। ਪ੍ਰੋਜੈਕਟ ਕਲੀਅਰਵਿਊ ਰਾਹੀਂ ਪੁਲਿਸ ਨੂੰ ਪਹਿਲਾਂ ਹੀ ਪਤਾ ਹੋਵੇਗਾ ਕਿ ਕਿਹੜੀਆਂ ਥਾਵਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਇਸ ਨਾਲ ਅਧਿਕਾਰੀਆਂ ਦਾ ਸਮਾਂ ਬਚੇਗਾ ਅਤੇ ਉਹ ਆਪਣੀ ਜਾਂਚ ਨੂੰ ਸਹੀ ਦਿਸ਼ਾ ਵਿੱਚ ਕੇਂਦਰਿਤ ਕਰ ਸਕਣਗੇ।
ਪੁਲਿਸ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਪੂਰੀ ਤਰ੍ਹਾਂ ਸਵੈਇੱਛਤ ਹੈ। ਲੋਕਾਂ ਕੋਲ ਹਮੇਸ਼ਾ ਇਹ ਅਧਿਕਾਰ ਰਹੇਗਾ ਕਿ ਉਹ ਆਪਣੀ ਫੁਟੇਜ ਪੁਲਿਸ ਨਾਲ ਸਾਂਝੀ ਕਰਨਾ ਚਾਹੁੰਦੇ ਹਨ ਜਾਂ ਨਹੀਂ। ਇਹ ਪ੍ਰੋਜੈਕਟ ਨਿੱਜਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਪੁਲਿਸ ਨੂੰ ਲੋਕਾਂ ਦੇ ਕੈਮਰਿਆਂ ਦੀ ਲਾਈਵ ਫੀਡ ਜਾਂ ਨਿੱਜੀ ਸਿਸਟਮਾਂ ਤੱਕ ਪਹੁੰਚ ਮਿਲ ਜਾਵੇਗੀ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਲਗਾਤਾਰ ਨਿਗਰਾਨੀ ਸ਼ਾਮਲ ਨਹੀਂ ਹੈ।
ਇਸ ਪ੍ਰੋਜੈਕਟ ਵਿੱਚ ਹਿੱਸਾ ਲੈ ਕੇ ਭਾਈਚਾਰੇ ਦੇ ਮੈਂਬਰ ਆਪਣੇ ਆਂਢ ਗੁਆਂਢ ਵਿੱਚ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਨਾਲ ਪੁਲਿਸ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਢੁਕਵੀਂ ਜਾਂਚ ਕਰਨ ਵਿੱਚ ਮਦਦ ਮਿਲੇਗੀ। ਘਟਨਾਵਾਂ ਤੋਂ ਬਾਅਦ ਪੁਲਿਸ ਨੂੰ ਘਰ ਘਰ ਜਾ ਕੇ ਪੁੱਛਗਿੱਛ ਕਰਨ ਦੀ ਲੋੜ ਘਟੇਗੀ। ਇਸ ਤੋਂ ਇਲਾਵਾ ਇਹ ਪ੍ਰੋਗਰਾਮ ਸੋਸ਼ਲ ਮੀਡੀਆ ਉੱਤੇ ਅਜਿਹੀ ਸੰਵੇਦਨਸ਼ੀਲ ਸਮੱਗਰੀ ਨੂੰ ਫੈਲਣ ਤੋਂ ਰੋਕਣ ਵਿੱਚ ਵੀ ਮਦਦ ਕਰੇਗਾ ਜਿਸ ਨਾਲ ਪੁਲਿਸ ਦੀ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਹ ਪਹਿਲਕਦਮੀ ਪੁਲਿਸ ਅਤੇ ਕਮਿਊਨਿਟੀ ਵਿਚਕਾਰ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ। This report was written by Divroop Kaur as part of the Local Journalism Initiative.

