ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਹਾਈਵੇਅ ਪੈਟਰੋਲ ਨੇ ਇੱਕ ਭਾਰੀ ਵਪਾਰਕ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ ਜੋ ਨਾ ਸਿਰਫ ਨਿਰਧਾਰਤ ਰਫਤਾਰ ਤੋਂ ਤੇਜ਼ ਵਾਹਨ ਚਲਾ ਰਿਹਾ ਸੀ, ਸਗੋਂ ਨਸ਼ੇ ਦੀ ਹਾਲਤ ਵਿੱਚ ਵੀ ਪਾਇਆ ਗਿਆ। ਇਹ ਘਟਨਾ 30 ਅਪ੍ਰੈਲ ਨੂੰ ਸ਼ਾਮ 4 ਵਜੇ ਦੇ ਕਰੀਬ ਵਾਪਰੀ ਜਦੋਂ ਫਰੇਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਵਿੱਚ ਚਿਲੀਵੈਕ ਦੇ ਪੂਰਬ ਵੱਲ ਹਾਈਵੇਅ 1 ‘ਤੇ ਪੋਪਕਮ ਨੇੜੇ ਇੱਕ ਭਾਰੀ ਫਲੈਟਡੈਕ ਟਰੱਕ ਨੂੰ ਰੋਕਿਆ ਗਿਆ। ਪੁਲਿਸ ਦੇ ਲੇਜ਼ਰ ਸਪੀਡ ਰੀਡਰ ਰਾਹੀਂ ਪਤਾ ਲੱਗਿਆ ਕਿ ਟਰੱਕ 100 ਕਿਲੋਮੀਟਰ ਦੀ ਹੱਦ ਵਾਲੇ ਖੇਤਰ ਵਿੱਚ 121 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਿਹਾ ਸੀ। ਜਦੋਂ ਹਾਈਵੇਅ ਪੈਟਰੋਲ ਅਧਿਕਾਰੀ ਨੇ ਡਰਾਈਵਰ ਨਾਲ ਗੱਲਬਾਤ ਕੀਤੀ ਤਾਂ ਉਸ ਦੇ ਨਸ਼ੇ ਵਿੱਚ ਹੋਣ ਦੇ ਸੰਕੇਤ ਮਿਲੇ। ਇਸ ਤੋਂ ਬਾਅਦ ਜਦੋਂ ਡਰਾਈਵਰ ਦਾ ਸੋਬਰਾਈਟੀ ਟੈਸਟ ਲਿਆ ਗਿਆ ਤਾਂ ਉਹ ਦੋ ਵਾਰ ਨਾਕਾਮ ਰਿਹਾ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਡਰਾਈਵਰ ਨੇ ਵਾਹਨ ਵਿੱਚ ਲੱਗੇ ਸਪੀਡ ਲਿਮਿਟਰ ਦੀ ਵਰਤੋਂ ਨਹੀਂ ਕੀਤੀ ਸੀ। ਜ਼ਿਕਰਯੋਗ ਹੈ ਕਿ ਬੀ.ਸੀ. ਵਿੱਚ ਅਪ੍ਰੈਲ 2024 ਤੋਂ ਲਾਗੂ ਨਵੇਂ ਨਿਯਮਾਂ ਅਨੁਸਾਰ 11,793 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੇ ਸਾਰੇ ਭਾਰੀ ਵਪਾਰਕ ਵਾਹਨਾਂ ਲਈ ਆਪਣੀ ਰਫਤਾਰ ਨੂੰ ਵੱਧ ਤੋਂ ਵੱਧ 105 ਕਿਲੋਮੀਟਰ ਪ੍ਰਤੀ ਘੰਟਾ ਤੱਕ ਸੀਮਤ ਰੱਖਣਾ ਲਾਜ਼ਮੀ ਹੈ।
ਨਾਰਥ ਵੈਨਕੂਵਰ ਦੇ ਰਹਿਣ ਵਾਲੇ ਇਸ 46 ਸਾਲਾ ਡਰਾਈਵਰ ਨੂੰ ਹੁਣ ਗੰਭੀਰ ਕਾਨੂੰਨੀ ਨਤੀਜਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਨੂੰ 90 ਦਿਨਾਂ ਲਈ ਤੁਰੰਤ ਡਰਾਈਵਿੰਗ ਤੋਂ ਰੋਕ ਦਿੱਤਾ ਗਿਆ ਹੈ ਅਤੇ ਟਰੱਕ ਨੂੰ 30 ਦਿਨਾਂ ਲਈ ਜ਼ਬਤ ਕਰ ਲਿਆ ਗਿਆ ਹੈ। ਵਾਹਨ ਨੂੰ ਟੋਅ ਕਰਨ ਅਤੇ ਜ਼ਬਤ ਰੱਖਣ ਦਾ ਸਾਰਾ ਖਰਚਾ ਉਸ ਕੰਪਨੀ ਨੂੰ ਭਰਨਾ ਪਵੇਗਾ ਜਿਸ ਦਾ ਇਹ ਟਰੱਕ ਹੈ। ਇਸ ਤੋਂ ਇਲਾਵਾ ਡਰਾਈਵਰ ‘ਤੇ 750 ਡਾਲਰ ਦਾ ਪ੍ਰਬੰਧਕੀ ਜੁਰਮਾਨਾ, ਤੇਜ਼ ਰਫਤਾਰ ਲਈ 196 ਡਾਲਰ ਦਾ ਟਿਕਟ ਅਤੇ ਸਪੀਡ ਲਿਮਿਟਰ ਦੀ ਵਰਤੋਂ ਨਾ ਕਰਨ ਲਈ 368 ਡਾਲਰ ਦਾ ਵੱਖਰਾ ਜੁਰਮਾਨਾ ਲਗਾਇਆ ਗਿਆ ਹੈ।
ਬੀ.ਸੀ. ਹਾਈਵੇਅ ਪੈਟਰੋਲ ਦੇ ਕਾਰਪੋਰਲ ਮਾਈਕਲ ਮੈਕਲਾਫਲਿਨ ਨੇ ਇਸ ਮਾਮਲੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਤੇਜ਼ ਰਫਤਾਰ ਅਤੇ ਨਸ਼ੇ ਦਾ ਮਿਸ਼ਰਣ ਸੜਕੀ ਹਾਦਸਿਆਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ। ਉਹਨਾਂ ਸਪੱਸ਼ਟ ਕੀਤਾ ਕਿ ਭਾਰੀ ਵਪਾਰਕ ਵਾਹਨਾਂ ਨੂੰ ਚਲਾਉਣ ਲਈ ਵਧੇਰੇ ਸਾਵਧਾਨੀ ਦੀ ਲੋੜ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਰੋਕਣ ਅਤੇ ਮੋੜਨ ਲਈ ਵਧੇਰੇ ਸਮਾਂ ਲੱਗਦਾ ਹੈ। ਉਹਨਾਂ ਮੁਤਾਬਕ ਸਪੀਡ ਲਿਮਿਟਰ ਨੂੰ ਬੰਦ ਕਰਨਾ ਡਰਾਈਵਰ ਦੀ ਗਲਤ ਫੈਸਲਾ ਲੈਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਜੋ ਅਕਸਰ ਨਸ਼ੇ ਦੀ ਹਾਲਤ ਵਿੱਚ ਵਾਪਰਦਾ ਹੈ। ਪੁਲਿਸ ਨੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਰਵਾਈ ਜਾਰੀ ਰੱਖਣ ਦੀ ਗੱਲ ਕਹੀ ਹੈ। This report was written by Divroop Kaur as part of the Local Journalism Initiative.

