Saturday, May 9, 2026

ਸਰੀ ਪੁਲਿਸ ਵੱਲੋਂ ਿਡਪੋਰਟ ਕਿਤੇ ਗਏ ਨੌਜਵਾਨ ਦੀ ਤਸਵੀਰ ਜਾਰੀ

ਸਰੀ, (ਬਰਾੜ ਭਗਤਾ ਭਾਈਕਾ): ਸਰੀ ਪੁਲਿਸ ਸਰਵਿਸ (SPS) ਨੇ ਇੱਕ ਅਜਿਹੇ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਨੂੰ ਕੈਨੇਡਾ ਤੋਂ ਦੇਸ਼ ਨਿਕਾਲਾ ਦਿੱਤਾ ਜਾ ਚੁੱਕਾ ਹੈ। 20 ਸਾਲਾ ਪ੍ਰਭਜੋਤ ਸਿੰਘ ਨਾਮ ਦੇ ਇਸ ਵਿਦੇਸ਼ੀ ਨਾਗਰਿਕ ‘ਤੇ ਸਾਲ 2026 ਦੇ ਸ਼ੁਰੂ ਵਿੱਚ ਜਬਰਨ ਉਗਰਾਹੀ (ਐਕਸਟੌਰਸ਼ਨ) ਨਾਲ ਸਬੰਧਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਸ਼ੱਕ ਸੀ। ਸਰੀ ਪੁਲਿਸ ਨੇ ਪ੍ਰਭਜੋਤ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਬਾਰੇ ਜਾਣਕਾਰੀ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨਾਲ ਸਾਂਝੀ ਕੀਤੀ ਸੀ। ਇਮੀਗ੍ਰੇਸ਼ਨ ਜਾਂਚ ਦੇ ਨਤੀਜੇ ਵਜੋਂ ਪ੍ਰਭਜੋਤ ਸਿੰਘ ਨੂੰ ਕੈਨੇਡਾ ਤੋਂ ਬਾਹਰ ਕੱਢ ਦਿੱਤਾ ਗਿਆ ਹੈ।
ਚੀਫ ਕਾਂਸਟੇਬਲ ਨੌਰਮ ਲਿਪਿੰਸਕੀ ਨੇ ਸੋਮਵਾਰ ਨੂੰ ਦੱਸਿਆ ਕਿ ਪੁਲਿਸ ਜਬਰਨ ਉਗਰਾਹੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਤੋੜਨ ਲਈ ਆਪਣੇ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਹ ਤਸਵੀਰ ਜਾਰੀ ਕਰਨ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਅਤੇ ਗਵਾਹਾਂ ਤੱਕ ਪਹੁੰਚਣਾ ਹੈ ਜੋ ਪ੍ਰਭਜੋਤ ਸਿੰਘ ਦੀਆਂ ਕੈਨੇਡਾ ਵਿੱਚ ਰਹਿਣ ਦੌਰਾਨ ਗਤੀਵਿਧੀਆਂ ਜਾਂ ਉਸਦੇ ਸਾਥੀਆਂ ਬਾਰੇ ਜਾਣਕਾਰੀ ਰੱਖਦੇ ਹਨ। ਪੁਲਿਸ ਦਾ ਮੰਨਣਾ ਹੈ ਕਿ ਇਹ ਜਾਣਕਾਰੀ ਹਿੰਸਕ ਉਗਰਾਹੀ ਵਿੱਚ ਸ਼ਾਮਲ ਅਪਰਾਧਿਕ ਨੈੱਟਵਰਕਾਂ ਦਾ ਪਰਦਾਫਾਸ਼ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।
ਸਰੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਕੋਲ ਵੀ ਪ੍ਰਭਜੋਤ ਸਿੰਘ ਬਾਰੇ ਕੋਈ ਜਾਣਕਾਰੀ ਹੈ, ਉਹ ਸਰੀ ਪੁਲਿਸ ਦੇ ਨਾਨ-ਐਮਰਜੈਂਸੀ ਨੰਬਰ 604-599-0502 ਜਾਂ ਸਰੀ ਐਕਸਟੌਰਸ਼ਨ ਟਿਪ ਲਾਈਨ 236-485-5149 ‘ਤੇ ਸੰਪਰਕ ਕਰ ਸਕਦਾ ਹੈ। ਗੁਪਤ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਸ ਨਾਲ 1-800-222-8477 ‘ਤੇ ਰਾਬਤਾ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਤੰਬਰ 2025 ਵਿੱਚ 250,000 ਡਾਲਰ ਦਾ ਇਨਾਮੀ ਫੰਡ ਸਥਾਪਿਤ ਕੀਤਾ ਗਿਆ ਸੀ, ਜੋ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਸਜ਼ਾ ਦਿਵਾਉਣ ਵਾਲੀ ਅਹਿਮ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਦਿੱਤਾ ਜਾਵੇਗਾ। ਪੁਲਿਸ ਅਨੁਸਾਰ ਇਹ ਤਸਵੀਰ ਕਾਨੂੰਨੀ ਨਿਯਮਾਂ ਤਹਿਤ ਜਾਂਚ ਨੂੰ ਅੱਗੇ ਵਧਾਉਣ ਲਈ ਜਨਤਕ ਕੀਤੀ ਗਈ ਹੈ।

Popular