Saturday, May 9, 2026

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਜ਼ਬਰੀ ਵਸੂਲੀ ਬਾਰੇ ਨਾ ਬੋਲਣ ‘ਤੇ ਪੰਜਾਬੀ ਭਾਈਚਾਰਾ ਨਰਾਜ਼

ਸਰੀ, (ਦਿਵਰੂਪ ਕੌਰ): ਸਰੀ, ਪ੍ਰਧਾਨ ਮੰਤਰੀ ਕਾਰਨੀ ਨੇ ਬੀਤੇ ਬੁੱਧਵਾਰ ਵਾਈਟਰੌਕ (ਸਰੀ) ਦਾ ਦੌਰਾ ਕੀਤਾ ਅਤੇ ਉਥੋਂ ਦੇ ਮੇਅਰ ਮੈਗਨ ਨਾਈਟ ਤੇ ਸਾਊਥ ਸਰੀ -ਵਾਈਟ ਰਾਕ ਦੇ ਐਮ.ਪੀ. ਅਰਨੀ ਕਲਾਸਨ ਨਾਲ ਮੁਲਾਕਾਤ ਕੀਤੀ, ਪਰ ਉਨ੍ਹਾਂ ਨੇ ਪੰਜਾਬੀ ਭਾਈਚਾਰੇ ਨੂੰ ਮਿਲ ਰਹੀਆਂ ਜਬਰਨ ਵਸੂਲੀ ਦੀਆਂ ਧਮਕੀ ਅਤੇ ਹੋ ਰਹੇ ਕਤਲ ਸਬੰਧੀ ਕੁਝ ਵੀ ਨਹੀਂ ਬੋਲੇ ਜਿਸ ਕਾਰਨ ਪੰਜਾਬੀ ਭਾਈਚਾਰੇ ਵਿੱਚ ਵੱਡਾ ਰੋਸ ਵਧ ਗਿਆ ਹੈ।
ਜ਼ਿਕਰਯੋਗ ਹੈ ਕਿ ਜਿਥੇ ਪ੍ਰਧਾਨ ਮੰਤਰੀ ਆਏ ਸਨ ਉਥੋਂ ਕੁਝ ਕੁ ਕਿਲੋਮੀਟਰ ਦੂਰ ਇੱਕ ਘਰ ‘ਤੇ ਦੁਬਾਰਾ ਫਿਰ ਗੋਲੀਬਾਰੀ ਹੋਈ।
ਤਾਜ਼ਾ ਜਾਣਕਾਰੀ ਅਨੁਸਾਰ ਸਰੀ ਦੀ 170 ਸਟਰੀਟ ਅਤੇ 32 ਐਵੇਨਿਊ ਨੇੜੇ ਇੱਕ ਪੰਜਾਬੀ ਘਰ ‘ਤੇ ਬੁੱਧਵਾਰ ਸ਼ਾਮ 7:35 ਵਜੇ ਕਈ ਗੋਲੀਆਂ ਚਲਾਈਆਂ ਗਈਆਂ। ਘਰ ਦੇ ਅੰਦਰ ਮੌਜੂਦ ਪਰਿਵਾਰ ਉਸ ਸਮੇਂ ਡਰ ਗਿਆ ਪਰ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ।
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਮਾਮਲਾ ਜਬਰਨ ਵਸੂਲੀ ਅਤੇ ਫਿਰੋਤੀ ਮੰਗਣ ਨਾਲ ਜੋੜਿਆ ਹੋਇਆ ਹੈ। ਲੋਕਾਂ ਨੇ ਦੱਸਿਆ ਕਿ ਇਸ ਘਰ ‘ਤੇ ਪਹਿਲਾਂ ਵੀ ਗੋਲੀਆਂ ਚਲਾਈਆਂ ਜਾ ਚੁੱਕੀਆਂ ਹਨ, ਜਿਸ ਕਾਰਨ ਇਲਾਕੇ ਵਿੱਚ ਭਾਰੀ ਡਰ ਦਾ ਮਾਹੌਲ ਹੈ।
ਪੰਜਾਬੀ ਭਾਈਚਾਰੇ ਦਾ ਰੋਸ ਹੈ ਕਿ ”ਸਾਡੀ ਜਾਨ ਨੂੰ ਖ਼ਤਰਾ, ਪਰ ਸਰਕਾਰ ਕੁਝ ਵੀ ਨਹੀਂ ਕਰ ਰਹੀ”

ਸਰੀ-ਡੈਲਟਾ ਅਤੇ ਐਬਟਸਫੋਰਡ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਨੇ ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਰਾਹੀਂ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ”ਰੋਜ਼ ਗੋਲੀਬਾਰੀ ਹੋ ਰਹੀ ਹੈ, ਪਰ ਸਰਕਾਰ ਚੁੱਪ ਹੈ।” ”ਬਿਸ਼ਨੋਈ ਗੈਂਗ ਖੁੱਲ੍ਹੇਆਮ ਧਮਕੀਆਂ ਦੇ ਰਿਹਾ, ਪਰ ਕਾਰਵਾਈ ਨਹੀਂ।”

”ਪੀਐਮ ਫੋਟੋਸ਼ੂਟ ਲਈ ਸਮਾਂ ਕੱਢ ਲੈਂਦੇ ਹਨ, ਪਰ ਪੰਜਾਬੀ ਭਾਈਚਾਰੇ ਦੇ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਇੱਕ ਵੀ ਬਿਆਨ ਨਹੀਂ।”

ਕਈ ਸਮਾਜਕ ਸੰਗਠਨਾਂ ਨੇ ਕਿਹਾ ਕਿ ਇਹ ਚੁੱਪੀ ਕੈਨੇਡਾ ਦੇ ਪੰਜਾਬੀ ਭਾਈਚਾਰੇ ਲਈ ਤੋਹੀਨ ਸਮਝੀ ਜਾ ਰਹੀ ਹੈ।
ਸਵਾਲ ਜੋ ਲੋਕ ਪੁੱਛ ਰਹੇ ਹਨ
ਕੀ ਕੇਂਦਰੀ ਸਰਕਾਰ ਨੇ ਪੰਜਾਬੀ ਭਾਈਚਾਰੇ ਨੂੰ ਮਿਲ ਰਹੀਆਂ ਜਬਰਨ ਵਸੂਲੀ ਨੂੰ ਗੰਭੀਰਤਾ ਨਾਲ ਲਿਆ ਹੈ?
ਕੀ ਫੈਡਰਲ ਟਾਸਕ ਫੋਰਸ ਦਾ ਐਲਾਨ ਹੋਵੇਗਾ?
ਕੀ ਪੰਜਾਬੀ ਭਾਈਚਾਰੇ ਨੂੰ ਖ਼ਾਸ ਸੁਰੱਖਿਆ ਦਿੱਤੀ ਜਾਵੇਗੀ?
ਇਹ ਸਵਾਲ ਅਜੇ ਵੀ ਬੇਜਵਾਬ ਹਨ।

ਜੇਕਰ ਆਰ.ਸੀ.ਐਮ.ਪੀ. ਵੱਲੋਂ ਵੱਖ-ਵੱਖ ਟਾਸਕ ਫੋਰਸ ਬਣਾਈਆਂ ਗਈਆਂ ਹਨ, ਪਰ ਹਮਲਿਆਂ ਦੀ ਤੀਵਰਤਾ ਰੁਕੀ ਨਹੀਂ।
ਇਹ ਹਿੰਸਕ ਮਾਹੌਲ ਦੇ ਵਿਚਕਾਰ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਬੀਸੀ ਦੌਰੇ ‘ਤੇ ਵਾਈਟ ਰਾਕ ਪਹੁੰਚੇ। ਉਹ ਵਾਈਟ ਰਾਕ ਦੇ ਮਸ਼ਹੂਰ ਪੀਅਰ ‘ਤੇ ਸੈਰ ਕਰਦੇ ਹੋਏ ਲੋਕਾਂ ਨਾਲ ਮਿਲਦੇ ਰਹੇ ਅਤੇ ਮੇਅਰ ਮੈਗਨ ਨਾਈਟ ਤੇ ਸਾਊਥ ਸਰੀਓਵਾਈਟ ਰਾਕ ਦੇ ਐਮਪੀ ਅਰਨੀ ਕਲਾਸਨ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਦੌਰੇ ਦਾ ਉਦੇਸ਼ ਅਧਿਕਾਰਿਕ ਤੌਰ ‘ਤੇ ”ਬਜਟ 2025 ਵਿੱਚ ਸਥਾਨਕ ਇਨਫਰਾਸਟ੍ਰਕਚਰ ਫੰਡਿੰਗ ਨੂੰ ਉਜਾਗਰ ਕਰਨਾ” ਦੱਸਿਆ ਗਿਆ। ਪੀਅਰ ਦੀ ਮੁਰੰਮਤ ਅਤੇ ਅੱਪਗ੍ਰੇਡ ਲਈ ਫੰਡਿੰਗ ਬਾਰੇ ਗੱਲਬਾਤ ਤਾਂ ਹੋਈ, ਪਰ ਨਾ ਕੋਈ ਨਵਾਂ ਐਲਾਨ ਹੋਇਆ ਅਤੇ ਨਾ ਹੀ ਕੋਈ ਰਕਮ ਜ਼ਾਹਿਰ ਕੀਤੀ ਗਈ। ਮੇਅਰ ਮੈਗਨ ਨਾਈਟ ਨੇ ਦੱਸਿਆ ਕਿ ”ਉਹ ਕਹਿੰਦੇ ਹਨ ਕਿ ਪੀਅਰ ਲਈ ਪੈਸਾ ਕਮਿਊਨਿਟੀ ਬਿਲਡਿੰਗ ਫੰਡ ਤੋਂ ਆਵੇਗਾ, ਪਰ ਕੋਈ ਅੰਕੜਾ ਨਹੀਂ ਦਿੱਤਾ ਗਿਆ।” ਇਸ ਦੌਰੇ ਦੌਰਾਨ ਕਾਰਨੀ ਨੇ ਕੌਫੀ ਸ਼ਾਪ ਵਿੱਚ ਬੈਠ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਪਰ ਸਰੀ ਦੇ ਲਗਾਤਾਰ ਵੱਧ ਰਹੇ ਕ੍ਰਾਈਮ, ਜਬਰਨ ਵਸੂਲੀ ਦੇ ਕੇਸਾਂ ਅਤੇ ਪੰਜਾਬੀ ਭਾਈਚਾਰੇ ‘ਤੇ ਹੋ ਰਹੇ ਹਮਲਿਆਂ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ।
ਵਾਈਟ ਰਾਕ ਦੇ ਪੀਅਰ ‘ਤੇ ਫੋਟੋਆਂ ਤਾਂ ਖਿੱਚੀਆਂ ਗਈਆਂ, ਪਰ ਸਰੀ ਵਿੱਚ ਲੱਗਾਤਾਰ ਚਲ ਰਹੇ ਅਪਰਾਧ, ਜਬਰਨ ਵਸੂਲੀ ਅਤੇ ਪੰਜਾਬੀ ਘਰਾਂ ‘ਤੇ ਹੋ ਰਹੇ ਹਮਲਿਆਂ ਬਾਰੇ ਪ੍ਰਧਾਨ ਮੰਤਰੀ ਦੀ ਚੁੱਪੀ ਨੇ ਭਾਈਚਾਰੇ ਵਿੱਚ ਗਹਿਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਲੋਕ ਹੁਣ ਫੈਡਰਲ ਪੱਧਰ ‘ਤੇ ਸਖ਼ਤ ਕਾਰਵਾਈ ਅਤੇ ਖ਼ਾਸ ਸੁਰੱਖਿਆ ਕਦਮਾਂ ਦੀ ਮੰਗ ਕਰ ਰਹੇ ਹਨ।

Popular