ਸਰੀ, (ਦਿਵਰੂਪ ਕੌਰ): ਬੀ.ਸੀ. ਦੇ ਫਾਰੈਸਟ ਮੰਤਰੀ ਰਵੀ ਪਰਮਾਰ ਇਸ ਵੇਲੇ ਏਸ਼ੀਆ ਦੇ ਅੱਠ ਦਿਨਾਂ ਦੇ ਵਪਾਰਕ ਦੌਰੇ ‘ਤੇ ਹਨ, ਜਿਸਦਾ ਮੁੱਖ ਉਦੇਸ਼ ਬ੍ਰਿਟਿਸ਼ ਕੋਲੰਬੀਆ ਦੇ ਫਾਰੈਸਟਰੀ ਖੇਤਰ ਲਈ ਨਵੇਂ ਅੰਤਰਰਾਸ਼ਟਰੀ ਬਾਜ਼ਾਰ ਬਣਾਉਣਾ ਹੈ। ਪਰਮਾਰ ਦਾ ਕਹਿਣਾ ਹੈ ਕਿ ਬੀ.ਸੀ. ਵਿੱਚ ਹਾਲ ਹੀ ਵਿੱਚ ਹੋਏ ਮਿਲ ਬੰਦ ਹੋਣ ਲਈ ਪ੍ਰਾਂਤੀ ਨੀਤੀਆਂ ਨਹੀਂ, ਬਲਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ਼ ਨੀਤੀਆਂ ਅਤੇ ਕਠੋਰ ਰਵੱਈਆ ਜਿੰਮੇਵਾਰ ਹਨ।
ਬੁੱਧਵਾਰ ਨੂੰ ਟੋਕੀਓ ਤੋਂ ਮੀਡਿਆ ਨਾਲ ਗੱਲ ਕਰਦਿਆਂ ਪਰਮਾਰ ਨੇ ਕਿਹਾ, ”ਮਿਲਾਂ ਦੇ ਘੱਟਾਉ ਅਤੇ ਬੰਦ ਹੋਣ ਦੀ ਵਜ੍ਹਾ ਸਰਕਾਰੀ ਨੀਤੀਆਂ ਨਹੀਂ, ਬਲਕਿ ਟਰੰਪ ਸਰਕਾਰ ਦੇ ਦਬਾਅ ਅਤੇ 45% ਟੈਰਿਫ਼ ਹਨ, ਜਿਨ੍ਹਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਫਾਰੈਸਟ ਵਰਕਰਾਂ ਲਈ ਹਾਲਾਤ ਮੁਸ਼ਕਲ ਬਣਾਏ।”
ਪਰ ਬੀ.ਸੀ. ਕਨਜ਼ਰਵੇਟਿਵ ਪਾਰਟੀ ਦੇ ਫਾਰੈਸਟਰੀ ਕ੍ਰਿਟਿਕ ਵਾਰਡ ਸਟੇਮਰ ਇਸ ਨਾਲ ਸਹਿਮਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਾਂਤੀ ਸਰਕਾਰ ਨੇ ਬੇਹਿਸਾਬ ਨਿਯਮਾਂ ਅਤੇ ਕਠੋਰ ਮਨਜ਼ੂਰੀ ਪ੍ਰਕਿਰਿਆਵਾਂ ਨਾਲ ਉਦਯੋਗ ਨੂੰ ਨੁਕਸਾਨ ਪਹੁੰਚਾਇਆ ਹੈ।
ਸਟੇਮਰ ਨੇ ਕਿਹਾ ਕਿ ”ਇਹ ਸਿਰਫ਼ ਟਰੰਪ ਜਾਂ ਫੈਡਰਲ ਸਰਕਾਰ ਦਾ ਦੋਸ਼ ਨਹੀਂ। ਬੀ.ਸੀ. ਸਰਕਾਰ ਦੀਆਂ ਨੀਤੀਆਂ ਨੇ ਵੀ ਜੰਗਲਾਤ ਖੇਤਰ ਨੂੰ ਘੁੱਟ ਦਿੱਤਾ ਹੈ।”
ਦੋਨੋਂ ਪੱਖ ਇਹ ਸਵੀਕਾਰਦੇ ਹਨ ਕਿ 100 ਮਾਈਲ ਹਾਊਸ ਵਿੱਚ ਵੈਸਟ ਫ੍ਰੇਜ਼ਰ ਟਿੰਬਰ ਮਿਲ ਦੀ ਬੰਦਸ਼ ਦਾ ਮੁੱਖ ਕਾਰਨ ”ਆਰਥਿਕ ਤੌਰ ‘ਤੇ ਲਾਭਦਾਇਕ ਲੱਕੜ ਦੀ ਘਾਟ” ਹੈ। ਪਰਮਾਰ ਨੇ ਖੁਲਾਸਾ ਕੀਤਾ ਕਿ ਕੰਪਨੀ ਨੇ ਇਸ ਸਾਲ 7 ਕਟਾਈ ਪਰਮਿਟਾਂ ਲਈ ਅਰਜ਼ੀ ਦਿੱਤੀ, ਜੋ 25 ਦਿਨਾਂ ਦੇ ਅੰਦਰ-ਅੰਦਰ ਹੀ ਮਨਜ਼ੂਰ ਵੀ ਕਰ ਦਿੱਤੀਆਂ ਗਈਆਂ। ਪਰ ਕੰਪਨੀ ਨੂੰ ਲਾਭਦਾਇਕ ਲੱਕੜ ਹੁਣ ਪਹਿਲਾਂ ਵਰਗਾ ਉਪਲਬਧ ਨਹੀਂ।
ਪਰਮਾਰ ਨੇ ਕਿਹਾ ਕਿ ”ਜਦੋਂ 45% ਡਿਊਟੀ ਹੋਵੇ ਤੇ ਪੂਰਾ ਫਾਈਬਰ ਅਮਰੀਕੀ ਬਾਜ਼ਾਰ ‘ਤੇ ਹੀ ਨਿਰਭਰ ਹੋਵੇ, ਤਾਂ ਕਾਰੋਬਾਰ ਦਾ ਲਾਭਕਾਰੀ ਰਹਿਣਾ ਔਖਾ ਹੋ ਜਾਂਦਾ ਹੈ। ਇਸ ਲਈ ਬਾਜ਼ਾਰਾਂ ਦੀ ਭਿੰਨਤਾ ਬਹੁਤ ਜ਼ਰੂਰੀ ਹੈ।”
ਪਰਮਾਰ ਦਾ ਦੌਰਾ ਦੱਖਣੀ ਕੋਰੀਆ ਅਤੇ ਜਪਾਨ ਸ਼ਾਮਲ ਕਰਦਾ ਹੈ। ਉਨ੍ਹਾਂ ਦੇ ਨਾਲ ਫਰਸਟ ਨੇਸ਼ਨਜ਼ ਦੇ ਨੇਤਾ ਅਤੇ ਉਦਯੋਗ ਪ੍ਰਤਿਨਿਧੀ ਵੀ ਹਨ।
ਜਪਾਨ ਬੀ.ਸੀ. ਲੱਕੜ ਲਈ ਦੂਜਾ ਸਭ ਤੋਂ ਵੱਡਾ ਬਾਜ਼ਾਰ ਹੈਔਸਿਰਫ 2024 ਵਿੱਚ $887 ਮਿਲੀਅਨ ਦਾ ਲੱਕੜ ਜਪਾਨ ਨਿਰਯਾਤ ਕੀਤਾ ਗਿਆ। ਹਾਲਾਂਕਿ, ਅਮਰੀਕਾ ਦੀ ਹਿੱਸੇਦਾਰੀ ਇਸ ਨਾਲ ਕਈ ਗੁਣਾ ਵੱਧ 9੍ਹ2024 ਵਿੱਚ ਅਮਰੀਕਾ ਨੇ ਬੀ.ਸੀ. ਦਾ 74.8% ਸੌਫਟਵੁੱਡ ਲੱਕੜ ਖਰੀਦਾ, ਜਿਸਦੀ ਕੀਮਤ $4.5 ਬਿਲੀਅਨ ਸੀ।
ਪਰਮਾਰ ਨੇ ਦੱਸਿਆ ਕਿ ਉਹ ਏਸ਼ੀਆ ਵਿੱਚ ਪਹਿਲਾਂ ਹੀ ਕੁਝ ਸਮਝੌਤਾ ਯਾਦ-ਦਾਸ਼ਤਾਂ (MoUs) ‘ਤੇ ਦਸਤਖ਼ਤ ਕਰ ਚੁੱਕੇ ਹਨ, ਜਿੰਨ੍ਹਾਂ ਦੇ ਤਹਿਤ ਕੁਝ ਕੰਪਨੀਆਂ ਕੈਨੇਡੀਅਨ ਲੱਕੜ ਖਰੀਦਣ ਲਈ ਸਹਿਮਤ ਹੋਈਆਂ ਹਨ।
ਤਾਜ਼ਾ ਸਿਯੇਰਾ ਕਲੱਬ ਰਿਪੋਰਟ ਨੇ ਦੋਸ਼ ਲਗਾਇਆ ਹੈ ਕਿ ਬੀ.ਸੀ. ਸਰਕਾਰ ”ਜੈਵਿਕ ਸੰਤੁਲਨ ਦੀ ਬਜਾਏ ਲੱਕੜ ਦੀ ਸਪਲਾਈ ਨੂੰ ਪ੍ਰਾਥਮਿਕਤਾ ਦੇ ਰਹੀ ਹੈ।” ਇਸਦੇ ਉਲਟ ਪਰਮਾਰ ਦਾ ਕਹਿਣਾ ਹੈ ਕਿ 2021 ਤੋਂ ਬਾਅਦ ਪੁਰਾਤਨ ਜੰਗਲਾਂ (old-growth) ਦੀ ਕਟਾਈ 50% ਘਟੀ ਹੈ।
ਪਰ ਸਿਯੇਰਾ ਕਲੱਬ ਦਾ ਦਾਅਵਾ ਹੈ ਕਿ ਜਿਹੜਾ ਜ਼ਮੀਨੀ ਖੇਤਰ ”ਡਿਫਰਲ” ਤਹਿਤ ਸੁਰੱਖਿਅਤ ਦਿਖਾਇਆ ਗਿਆ, ਉਸਦਾ ਬਹੁਤ ਸਾਰਾ ਹਿੱਸਾ ਪਹਿਲਾਂ ਤੋਂ ਹੀ ਸੁਰੱਖਿਆ ਦੀ ਪ੍ਰਕਿਰਿਆ ਵਿੱਚ ਸੀ। ਇਸ ਤੋਂ ਇਲਾਵਾ, ਉਹ ਕਹਿੰਦੇ ਹਨ ਕਿ ਖਤਰੇ ਵਾਲੇ ਪੁਰਾਤਨ ਜੰਗਲਾਂ ਵਿੱਚ ਕਟਾਈ ਦੀ ਸੰਭਾਵਨਾ ਹੋਰ ਖੇਤਰਾਂ ਨਾਲੋਂ ਚਾਰ ਗੁਣਾ ਵੱਧ ਹੈ। ਉਨ੍ਹਾਂ ਦੀ ਰਿਪੋਰਟ ਮੁਤਾਬਕ, 2021 ਤੋਂ ਲੈ ਕੇ ਹੁਣ ਤੱਕ ਬੀ.ਸੀ. ਦੇ 11 ਮਿਲੀਅਨ ਹੈਕਟੀਅਰ ਪੁਰਾਤਨ ਜੰਗਲਾਂ ਵਿਚੋਂ ਲਗਭਗ 5% ਖੇਤਰ ਲੱਗਿੰਗ ਹੋ ਚੁੱਕਾ ਹੈ। ਸਟੇਮਰ, ਜੋ ਖੁਦ ਇੱਕ ਸਾਬਕਾ ਲਾਗਰ ਹਨ, ਕਹਿੰਦੇ ਹਨ ਕਿ ਸਰਕਾਰ ਨੂੰ ਨਿਯਮ ਹੌਲੇ ਕਰਨ ਫਾਇਦੇਮੰਦ ਹੋਏਗਾ। ਉਦਾਹਰਨ ਵਜੋਂ, ਕੁਝ ਸੜਕਾਂ ‘ਤੇ ਫਿਸ਼ ਕਲਵਰਟ ਦੀ ਬਜਾਏ ਉਨ੍ਹਾਂ ਨੂੰ ਬ੍ਰਿਜ ਬਣਾਉਣ ਦੀ ਲੋੜ ਪੈਂਦੀ ਹੈ। ਜਿਸਦੀ ਲਾਗਤ ਦਸ ਗੁਣਾ ਹੈ। This report was written by Divroop Kaur as part of the Local Journalism Initiative.

