ਵਾਸ਼ਿੰਗਟਨ : ਅਮਰੀਕਾ ਨੇ ਆਪਣੀ ਵੀਜ਼ਾ ਨੀਤੀ ਵਿੱਚ ਵੱਡੇ ਅਤੇ ਵਿਵਾਦਿਤ ਬਦਲਾਅ ਕੀਤੇ ਹਨ, ਜਿਸ ਨਾਲ ਹੁਣ ਉਹਨਾਂ ਅਰਜ਼ੀਦਾਰਾਂ ਨੂੰ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ ਜਿਹਨਾਂ ਨੂੰ ਮੋਟਾਪਾ, ਕੈਂਸਰ, ਸ਼ੂਗਰ ਜਾਂ ਦਿਲ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਹਨ। ਅਮਰੀਕੀ ਸਟੇਟ ਡਿਪਾਰਟਮੈਂਟ ਨੇ ਆਪਣੇ ਸਾਰੇ ਦੂਤਘਰਾਂ ਅਤੇ ਕੌਂਸਲੇਟਸ ਨੂੰ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਵੀਜ਼ਾ ਅਰਜ਼ੀਆਂ ਦੀ ਜਾਂਚ ਦੌਰਾਨ ਅਰਜ਼ੀਦਾਰ ਦੀ ਸਿਹਤ ਨੂੰ ਇੱਕ ਮਹੱਤਵਪੂਰਨ ਮਾਪਦੰਡ ਵਜੋਂ ਸ਼ਾਮਲ ਕੀਤਾ ਜਾਵੇ।
ਇਹ ਨਵੀਂ ਨੀਤੀ ਅਮਰੀਕਾ ਦੇ ਸਿਹਤ ਖਰਚਿਆਂ ‘ਤੇ ਵੱਧ ਰਹੇ ਦਬਾਅ ਨੂੰ ਘਟਾਉਣ ਲਈ ਬਣਾਈ ਗਈ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਗੰਭੀਰ ਬਿਮਾਰੀਆਂ ਵਾਲੇ ਪਰਵਾਸੀ ਅਮਰੀਕਾ ਦੀ ਹੈਲਥਕੇਅਰ ਸਿਸਟਮ ‘ਤੇ ਵਾਧੂ ਭਾਰ ਬਣ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਹੁਣ ਸਿਰਫ਼ ਵੀਜ਼ਾ ਅਰਜ਼ੀਦਾਰ ਦੀ ਸਿਹਤ ਹੀ ਨਹੀਂ, ਸਗੋਂ ਉਹਨਾਂ ਦੇ ਸਾਥ ਜਾਣ ਵਾਲੇ ਜਾਂ ਉਨ੍ਹਾਂ ‘ਤੇ ਨਿਰਭਰ ਮੈਂਬਰਾਂ ਦੀ ਸਿਹਤ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਵੀਜ਼ਾ ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਮਿਲ ਗਏ ਹਨ ਜਿਸ ਨਾਲ ਉਹ ”ਹਾਈ ਰਿਸਕ” ਸਿਹਤ ਸਥਿਤੀਆਂ ਵਾਲੇ ਅਰਜ਼ੀਦਾਰਾਂ ਦੇ ਵੀਜ਼ੇ ਰੱਦ ਕਰ ਸਕਣਗੇ। ਇਸ ਕਰਕੇ ਭਾਰਤ ਤੋਂ ਅਮਰੀਕਾ ਜਾਣ ਦੀ ਇੱਛਾ ਰੱਖਣ ਵਾਲਿਆਂ ਵਿੱਚ ਚਿੰਤਾ ਵਧ ਗਈ ਹੈ, ਕਿਉਂਕਿ ਭਾਰਤ ਅਮਰੀਕੀ ਵੀਜ਼ਾ ਅਰਜ਼ੀਆਂ ਦੇਣ ਵਾਲੇ ਸਿਖਰਲੇ ਦੇਸ਼ਾਂ ਵਿੱਚ ਸ਼ਾਮਲ ਹੈ।
ਰਿਪੋਰਟਾਂ ਮੁਤਾਬਕ, ਸਾਲ 2023 ਵਿੱਚ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਘਰ ਨੇ 1.5 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਪ੍ਰੋਸੈੱਸ ਕੀਤੀਆਂ, ਜੋ 2022 ਨਾਲੋਂ 60 ਪ੍ਰਤੀਸ਼ਤ ਵੱਧ ਸੀ। ਉਸੇ ਸਾਲ ਅਮਰੀਕਾ ਨੇ ਕੁੱਲ 5,62,976 ਵੀਜ਼ੇ ਜਾਰੀ ਕੀਤੇ। ਹਰ ਸਾਲ ਲਗਭਗ 7 ਲੱਖ ਭਾਰਤੀ ਅਮਰੀਕਾ ਜਾਣ ਲਈ ਵੀਜ਼ਾ ਅਰਜ਼ੀਆਂ ਦਿੰਦੇ ਹਨ, ਜਿਸ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਹੁੰਦੇ ਹਨ।
ਭਾਰਤੀ ਵਿਦਿਆਰਥੀਆਂ ਵਿੱਚ ਅਮਰੀਕਾ ਲਈ ਉੱਚ ਸਿੱਖਿਆ ਦੀ ਬਹੁਤ ਮੰਗ ਹੈ, ਪਰ ਨਵੀਂ ਨੀਤੀ ਉਹਨਾਂ ਲਈ ਮੁਸ਼ਕਲਾਂ ਵਧਾ ਸਕਦੀ ਹੈ ਖ਼ਾਸ ਕਰਕੇ ਉਹ ਵਿਦਿਆਰਥੀ ਜੋ ਉੱਥੇ ਜਾ ਕੇ ਆਪਣੇ ਮਾਪਿਆਂ ਜਾਂ ਜੀਵਨ ਸਾਥੀਆਂ ਨੂੰ ਵੀ ਬੁਲਾਉਣਾ ਚਾਹੁੰਦੇ ਹਨ। ਜੇ ਮਾਪੇ ਪਹਿਲਾਂ ਤੋਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ, ਤਾਂ ਉਹਨਾਂ ਦਾ ਵੀਜ਼ਾ ਮਿਲਣਾ ਔਖਾ ਹੋ ਸਕਦਾ ਹੈ।
ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਦੀ ਇਹ ਨੀਤੀ ਹੋਰ ਦੇਸ਼ਾਂ ਲਈ ਵੀ ਮਿਸਾਲ ਬਣ ਸਕਦੀ ਹੈ ਅਤੇ ਉਹ ਵੀ ਆਪਣੇ ਸਿਹਤ ਪ੍ਰਣਾਲੀ ‘ਤੇ ਪਰਵਾਸੀਆਂ ਦੇ ਭਾਰ ਦਾ ਮੁਲਾਂਕਣ ਕਰਦੇ ਹੋਏ ਅਜਿਹੀਆਂ ਸ਼ਰਤਾਂ ਲਾਗੂ ਕਰ ਸਕਦੇ ਹਨ। ਇਸ ਨਾਲ ਅੰਤਰਰਾਸ਼ਟਰੀ ਯਾਤਰਾ ਅਤੇ ਪਰਵਾਸੀ ਨੀਤੀਆਂ ‘ਤੇ ਲੰਮੇ ਸਮੇਂ ਦੇ ਪ੍ਰਭਾਵ ਪੈ ਸਕਦੇ ਹਨ।

