Saturday, May 9, 2026

ਕੈਨੇਡਾ ਵਿੱਚ ਪੰਜਾਬੀ ਭਾਈਚਾਰੇ ‘ਚ ਜਬਰਨ ਵਸੂਲੀ ਤੁਰੰਤ ਹੱਲ ਦੀ ਲੋੜ

ਬੀ.ਸੀ. ਵਿੱਚ ਹੁਣ ਫਲੂ ਤੇ ਜ਼ੁਕਾਮ ‘ਤੇ ਡਾਕਟਰੀ ਨੋਟ ਦੀ ਲੋੜ ਨਹੀਂ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਬਿਮਾਰੀ ਦੌਰਾਨ ਡਾਕਟਰ ਤੋਂ ”ਸਿੱਕ ਨੋਟ” ਦੀ ਲੋੜ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਗਿਆ ਹੈ। ਨਵੀਆਂ ਰੁਜ਼ਗਾਰ ਮਿਆਰ ਨਿਯਮਾਵਲੀਆਂ ਹੁਣ ਇਹ ਸਪਸ਼ਟ ਕਰਦੀਆਂ ਹਨ ਕਿ ਨਿਯੋਗਤਾ (Employer) ਆਪਣੇ ਕਰਮਚਾਰੀਆਂ ਤੋਂ ਕਦੋਂ ਤੱਕ ਸਿਹਤ ਸੰਬੰਧੀ ਗੈਰਹਾਜ਼ਰੀ ਲਈ ਡਾਕਟਰੀ ਨੋਟ ਦੀ ਮੰਗ ਕਰ ਸਕਦੇ ਹਨ, ਅਤੇ ਕਦੋਂ ਨਹੀਂ। ਨਵੇਂ ਨਿਯਮ ਬੁੱਧਵਾਰ 12 ਨਵੰਬਰ 2025 ਤੋਂ ਤੁਰੰਤ ਲਾਗੂ ਹੋ ਗਏ ਹਨ।
ਨਿਯਮਾਂ ਅਨੁਸਾਰ, ਕੋਈ ਵੀ ਨਿਯੋਗਤਾ ਇੱਕ ਕੈਲੰਡਰ ਸਾਲ ਵਿੱਚ ਕਰਮਚਾਰੀ ਦੀਆਂ ਪਹਿਲੀਆਂ ਦੋ ਥੋੜ੍ਹੇ ਸਮੇਂ ਦੀਆਂ ਸਿਹਤ-ਸੰਬੰਧੀ ਗੈਰਹਾਜ਼ਰੀਆਂ, ਜਿਨ੍ਹਾਂ ਦੀ ਮਿਆਦ ਪੰਜ ਦਿਨ ਜਾਂ ਉਸ ਤੋਂ ਘੱਟ ਹੈ, ਲਈ ਸਿੱਕ ਨੋਟ ਦੀ ਮੰਗ ਨਹੀਂ ਕਰ ਸਕੇਗਾ। ਸਰਕਾਰ ਦਾ ਮੰਨਣਾ ਹੈ ਕਿ ਇਹ ਤਬਦੀਲੀ ਨਾ ਸਿਰਫ਼ ਮਰੀਜ਼ਾਂ ਲਈ ਬੇਲੋੜੀਆਂ ਮੁਸ਼ਕਲਾਂ ਦੂਰ ਕਰੇਗੀ, ਬਲਕਿ ਸਿਹਤ ਪ੍ਰਣਾਲੀ (Health System) ‘ਤੇ ਪੈਣ ਵਾਲੇ ਦਬਾਅ ਨੂੰ ਵੀ ਘਟਾਏਗੀ।
ਬੀ.ਸੀ. ਦੀ ਕਰਤ ਮੰਤਰੀ ਜੈਨਿਫਰ ਵਾਈਟਸਾਈਡ ਨੇ ਕਿਹਾ ਕਿ ਲੋਕ ਬਿਮਾਰ ਹੋਣ ‘ਤੇ ਡਾਕਟਰਾਂ ਕੋਲ ਕੇਵਲ ਇੱਕ ਕਾਗਜ਼ ਦਾ ਟੁਕੜਾ (ਸਿੱਕ ਨੋਟ) ਲੈਣ ਲਈ ਜਾਣ ਦੀ ਬਜਾਏ ਅਸਲ ਇਲਾਜ ਲਈ ਸਮਾਂ ਲਗਾਉਣ ਦੇ ਹੱਕਦਾਰ ਹਨ। ਵਾਈਟਸਾਈਡ ਨੇ ਕਿਹਾ,
”ਜ਼ੁਕਾਮ ਜਾਂ ਫਲੂ ਹੋਣ ‘ਤੇ ਡਾਕਟਰੀ ਕਲਿਨਿਕਾਂ ਵਿਚ ਸਿਰਫ਼ ਸਿੱਕ ਨੋਟ ਲਈ ਲਾਈਨਾਂ ਲਗਾਉਣ ਨਾਲ ਨਾ ਕੇਵਲ ਮਰੀਜ਼ ਦਾ ਸਮਾਂ ਬਰਬਾਦ ਹੁੰਦਾ ਹੈ, ਬਲਕਿ ਇਹ ਹੋਰ ਮਰੀਜ਼ਾਂ ਦੇ ਇਲਾਜ ਵਿੱਚ ਵੀ ਰੁਕਾਵਟ ਬਣਦਾ ਹੈ। ਇਹ ਬੇਲੋੜੇ ਦੌਰੇ ਡਾਕਟਰਾਂ ਅਤੇ ਨਰਸਾਂ ‘ਤੇ ਵਾਧੂ ਬੋਝ ਪਾਉਂਦੇ ਹਨ।”

ਸਿਹਤ ਮੰਤਰੀ ਜੋਜ਼ੀ ਔਸਬੋਰਨ ਨੇ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਆਪਣੀ ਨੌਕਰੀ ਅਤੇ ਸਿਹਤ ਵਿਚੋਂ ਚੋਣ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।
ਉਨ੍ਹਾਂ ਦੇ ਸ਼ਬਦਾਂ ਵਿੱਚ, ”ਇਹ ਸਧਾਰਨ ਤਬਦੀਲੀ ਲੋਕਾਂ ਨੂੰ ਬਿਨਾਂ ਕਿਸੇ ਤਣਾਅ ਦੇ ਘਰ ਰਹਿ ਕੇ ਠੀਕ ਹੋਣ ਦਾ ਮੌਕਾ ਦੇਗੀ ਅਤੇ ਬਿਮਾਰੀ ਦੇ ਫੈਲਾਅ ਨੂੰ ਰੋਕੇਗੀ। ਡਾਕਟਰਾਂ ਲਈ ਵੀ ਇਹ ਕਾਗਜ਼ੀ ਬੋਝ ਘਟਾਈਗੀ।” ਨਿਯਮਾਂ ਵਿੱਚ ਤਬਦੀਲੀ ਦਾ ਆਧਾਰ ਉਹ ਸੰਸ਼ੋਧਨ ਹਨ ਜੋ ਸਿਹਤ ਪੇਸ਼ੇਵਰਾਂ ਨੇ ਸਰਕਾਰ ਨੂੰ ਦਿੱਤੀਆਂ ਸਨ। ਰਿਸਰਚ ਦਰਸਾਉਂਦੀ ਹੈ ਕਿ ਬਾਲਗਾਂ ਵਿੱਚ ਆਮ ਜ਼ੁਕਾਮ, ਇਨਫਲੂਐੰਜ਼ਾ ਅਤੇ ਹੋਰ ਹਲਕੀਆਂ ਬਿਮਾਰੀਆਂ ਦੇ ਲੱਛਣ ਆਮ ਤੌਰ ‘ਤੇ ਪੰਜ ਦਿਨਾਂ ਵਿੱਚ ਠੀਕ ਹੋ ਜਾਂਦੇ ਹਨ। ਇਸ ਲਈ, ਐਸੀਆਂ ਸਥਿਤੀਆਂ ਵਿੱਚ ਸਿੱਕ ਨੋਟ ਦੀ ਲੋੜ ਬੇਮਤਲਬ ਹੈ। ਨਵੇਂ ਨਿਯਮ ਸਾਰੇ ਉਹ ਕਰਮਚਾਰੀਆਂ ‘ਤੇ ਲਾਗੂ ਹੋਣਗੇ ਜੋ Employment Standards Act ਅਧੀਨ ਆਉਂਦੇ ਹਨ। ਇਹ ਨਿਯਮ ਸਿਹਤ-ਸੰਭਾਲ ਸਿਸਟਮ ‘ਤੇ ਪੈਣ ਵਾਲੇ ਬੇਲੋੜੇ ਪ੍ਰਸ਼ਾਸਨਕ ਬੋਝ ਨੂੰ ਘਟਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਡਾਕਟਰ, ਡੈਂਟਿਸਟ, ਨਰਸ ਪ੍ਰੈਕਟੀਸ਼ਨਰ, ਫਾਰਮਾਸਿਸਟ, ਫਿਜ਼ਿਓਥੈਰਪਿਸਟ ਅਤੇ ਮਿਡਵਾਈਵਜ਼ ਆਪਣੇ ਮੁੱਖ ਕੰਮ ਮਰੀਜ਼ ਦੀ ਦੇਖਭਾਲ ‘ਤੇ ਵੱਧ ਧਿਆਨ ਦੇ ਸਕਣਗੇ। ੱਸਰਕਾਰ ਦੇ ਅਨੁਸਾਰ, ਇਹ ਸੁਧਾਰ ਬੀ.ਸੀ. ਦੀ ਸਿਹਤ ਪ੍ਰਣਾਲੀ ਵਿੱਚ ਕੁੱਲ ਮਿਲਾ ਕੇ ਕਾਰਗੁਜ਼ਾਰੀ ਨੂੰ ਸੁਧਾਰਣ ਦੇ ਵੱਡੇ ਯਤਨ ਦਾ ਹਿੱਸਾ ਹੈ। ਇਸ ਨਾਲ ਕਰਮਚਾਰੀ ਵਾਧੂ ਖਰਚਿਆਂ ਜਿਵੇਂ ਆਵਾਜਾਈ, ਬੱਚਿਆਂ ਦੀ ਦੇਖਭਾਲ ਅਤੇ ਸਮਾਂ ਗੁਆਉਣ ਤੋਂ ਵੀ ਬਚ ਸਕਣਗੇ।  This report was written by Divroop Kaur as part of the Local Journalism Initiative.

ਕੈਨੇਡਾ ਵਿੱਚ ਪੰਜਾਬੀ ਭਾਈਚਾਰਾ ਆਪਣੇ ਮਿਹਨਤ, ਸੇਵਾ ਭਾਵਨਾ ਅਤੇ ਏਕਤਾ ਲਈ ਜਾਣਿਆ ਜਾਂਦਾ ਹੈ। ਪਰ ਪਿਛਲੇ ਦੋ ਸਾਲਾਂ ਵਿੱਚ ਵਧ ਰਹੇ ਪੰਜਾਬੀ ਭਾਈਚਾਰੇ ਦੇ ਕਤਲਾਂ ਅਤੇ ਜਬਰਨ ਵਸੂਲੀ ਦੇ ਮਾਮਲਿਆਂ ਨੇ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਰਹੇ ਹਨ। ਸਰੀ, ਬ੍ਰੈਂਪਟਨ ਅਤੇ ਕੈਲਗਰੀ ਵਰਗੇ ਸ਼ਹਿਰਾਂ ਵਿੱਚ ਕਈ ਉਦਯੋਗਪਤੀਆਂ, ਟਰੱਕਿੰਗ ਕਾਰੋਬਾਰੀਆਂ ਅਤੇ ਛੋਟੇ ਵਪਾਰੀਆਂ ਨੂੰ ਧਮਕੀਆਂ ਦੇ ਕੇ ਪੈਸੇ ਮੰਗਣ ਦੀਆਂ ਖਬਰਾਂ ਚਿੰਤਾਜਨਕ ਹਨ। ਇਹ ਸਿਰਫ਼ ਕਾਨੂੰਨ-ਵਿਵਸਥਾ ਦਾ ਮੁੱਦਾ ਨਹੀਂ, ਸਗੋਂ ਸਮਾਜਕ ਸੁਰੱਖਿਆ ਅਤੇ ਭਰੋਸੇ ਨਾਲ ਜੁੜਿਆ ਗੰਭੀਰ ਸੰਕਟ ਹੈ।
ਇਹ ਮਾਮਲੇ ਦਰਸਾਉਂਦੇ ਹਨ ਕਿ ਕੁਝ ਅਪਰਾਧਕ ਤੱਤ ਭਾਈਚਾਰੇ ਦੀ ਮਿਹਨਤ ਅਤੇ ਇਮਾਨਦਾਰੀ ਦਾ ਗਲਤ ਫਾਇਦਾ ਚੁੱਕ ਰਹੇ ਹਨ। ਬਹੁਤ ਸਾਰੇ ਪੀੜਤ ਡਰ ਜਾਂ ਬਦਲੇ ਦੀ ਭਾਵਨਾ ਕਾਰਨ ਅੱਗੇ ਨਹੀਂ ਆਉਂਦੇ, ਜਿਸ ਨਾਲ ਇਹ ਸਮੱਸਿਆ ਹੋਰ ਵੱਧ ਰਹੀ ਹੈ। ਕਾਨੂੰਨੀ ਏਜੰਸੀਆਂ, ਖਾਸ ਤੌਰ ‘ਤੇ RCMP ਅਤੇ ਸਥਾਨਕ ਪੁਲਿਸ, ਨੂੰ ਇਸ ਸਥਿਤੀ ਦਾ ਗੰਭੀਰਤਾ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ। ਹੁਣ ਜਰੂਰਤ ਹੈ ਪੂਰੀ ਤਰ੍ਹਾਂ ਸੰਗਠਿਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ, ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਅਤੇ ਭਾਈਚਾਰਾ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ।
ਐਬਟਸਫੋਰਡ ਵਿੱਚ ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਹਾਸੀ ਦੇ ਕਤਲ ਨੇ ਪੂਰੇ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਸਹਾਸੀ ਪਰਿਵਾਰ ਵਲੋਂ ਸਰੀ ਵਿੱਚ ਕੀਤਾ ਗਿਆ ਇੱਕਠ ਲੋਕਾਂ ਦੀਆਂ ਚਿੰਤਾਵਾਂ ਅਤੇ ਨਿਰਾਸ਼ਾ ਨੂੰ ਸਾਫ਼ ਤੌਰ ‘ਤੇ ਦਰਸਾਉਂਦਾ ਹੈ। ਕੈਨੇਡਾ ਦੇ ਪ੍ਰਮੁੱਖ ਮੀਡੀਆ ਸੰਗਠਨ ਸੀਬੀਸੀ ਵੱਲੋਂ ਕੀਤੀ ਗਈ ਟਾਊਨ ਹਾਲ ਮੀਟਿੰਗ ਦੌਰਾਨ ਵੀ ਇਹ ਗੱਲ ਜ਼ੋਰ ਨਾਲ ਸਾਹਮਣੇ ਆਈ ਕਿ ਮੌਜੂਦਾ ਸਰਕਾਰ ਵਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ ਅਤੇ ਪੰਜਾਬੀ ਭਾਈਚਾਰੇ ਦੀਆਂ ਚਿੰਤਾਵਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ।
ਸਰਕਾਰ ਵਲੋਂ ਕਾਰਵਾਈ ਦੀ ਘਾਟ ਨੇ ਭਾਈਚਾਰੇ ਨੂੰ ਖੁਦ ਉੱਠ ਖੜ੍ਹਾ ਹੋਣ ਲਈ ਮਜਬੂਰ ਕਰ ਦਿੱਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਭਾਈਚਾਰਾ ਡਰ ਦੀ ਥਾਂ ਇਕਤਾ ਅਤੇ ਨੇ ਏਕਤਾ ਅਤੇ ਸਹਿਯੋਗ ਨਾਲ ਖੜ੍ਹਾ ਹੋਵੇ। ਪੰਜਾਬੀ ਭਾਈਚਾਰੇ ਨੂੰ ਮਿਲ ਕੇ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਜੇ ਕਿਸੇ ਨੂੰ ਧਮਕੀ ਮਿਲੇ, ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ ਅਤੇ ਸਬੂਤ ਇਕੱਠੇ ਕਰੇ।
ਸਰਕਾਰ ਨੂੰ ਤੁਰੰਤ ਪੰਜਾਬੀ ਭਾਈਚਾਰੇ ਨਾਲ ਮਿਲ ਕੇ ਇੱਕ ਵਿਸ਼ੇਸ਼ ਟਾਸਕ ਫੋਰਸ ਬਣਾਉਣੀ ਚਾਹੀਦੀ ਹੈ ਜੋ ਜਬਰਨ ਵਸੂਲੀ ਦੇ ਮਾਮਲਿਆਂ ਦੀ ਜਾਂਚ, ਨਿਗਰਾਨੀ ਅਤੇ ਰੋਕਥਾਮ ਕਰੇ। ਇਸ ਸਮੱਸਿਆ ਨੂੰ ਅਣਦੇਖਿਆ ਕਰਨਾ ਸਿਰਫ਼ ਪੰਜਾਬੀ ਭਾਈਚਾਰੇ ਹੀ ਨਹੀਂ, ਸਗੋਂ ਕੈਨੇਡਾ ਦੇ ਬਹੁ-ਸੱਭਿਆਚਾਰਕ ਢਾਂਚੇ ਲਈ ਵੀ ਖਤਰਾ ਬਣ ਸਕਦਾ ਹੈ। ਹੁਣ ਸਮਾਂ ਹੈ ਕਿ ਸੁਰੱਖਿਆ, ਨਿਆਂ ਅਤੇ ਏਕਤਾ ਦੇ ਸਿਧਾਂਤਾਂ ਨੂੰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਹਰ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਮਾਨਤਾ ਦੇ ਹੱਕਦਾਰ ਸਮਝ ਸਕੇ।

Popular