Sunday, May 10, 2026

ਫਰਸਟ ਨੇਸ਼ਨਜ਼ ਦੀ ਮਜ਼ਬੂਤ ਹਮਾਇਤ ਬਿਨਾਂ ਟੈਂਕਰ ਬੈਨ ਵਿਚ ਬਦਲਾਅ ਸੰਭਵ ਨਹੀਂ: ਵਿਲਕਿਨਸਨ

 

ਫਰਸਟ ਨੇਸ਼ਨਜ਼ ਅਤੇ ਬੀ.ਸੀ. ਦੀ ਸਹਿਮਤੀ ਬਿਨਾਂ ਕੋਈ ਪਾਈਪਲਾਈਨ ਨਹੀਂ”: ਗੁਰਬੱਖਸ਼ ਸੈਨੀ
ਸਰੀ, (ਦਿਵਰੂਪ ਕੌਰ): ਬੀ.ਸੀ. ਦੇ ਲਿਬਰਲ ਮੈਂਬਰਾਂ ਨੇ ਬੁੱਧਵਾਰ ਨੂੰ ਕਿਹਾ ਕਿ ਉੱਤਰੀ ਬ੍ਰਿਟਿਸ਼ ਕੋਲੰਬੀਆ ਤੱਟ ‘ਤੇ ਟੈਂਕਰ ਬੈਨ ਵਿੱਚ ਕੋਈ ਵੀ ਬਦਲਾਅ ਬਿਨਾਂ ਸੂਬਾਈ ਸਰਕਾਰ ਅਤੇ ਤੱਟੀ ਫਰਸਟ ਨੇਸ਼ਨਜ਼ ਦੀ ਸਹਿਮਤੀ ਦੇ ਸੰਭਵ ਨਹੀਂ। ਇਹ ਬਿਆਨ ਉਸ ਵੇਲੇ ਆਇਆ ਜਦੋਂ ਮੀਡੀਆ ਨੇ ਰਿਪੋਰਟ ਕੀਤਾ ਕਿ ਫੈਡਰਲ ਸਰਕਾਰ- ਜੋ ਅਲਬਰਟਾ ਨਾਲ ਨਵੇਂ ਪਾਈਪਲਾਈਨ ਦੇ ਸੰਭਾਵ ‘ਤੇ ਗੱਲਬਾਤ ਕਰ ਰਹੀ ਹੈ। ਉੱਤਰੀ ਤੱਟ ‘ਤੇ ਕੁਝ ਟੈਂਕਰ ਟ੍ਰੈਫਿਕ ਦੀ ਇਜਾਜ਼ਤ ਦੇਣ ‘ਤੇ ਵਿਚਾਰ ਕਰ ਰਹੀ ਹੈ।
ਬੀ.ਸੀ. ਲਿਬਰਲ ਐੱਮ.ਪੀ. ਅਤੇ ਸਾਬਕਾ ਫੈਡਰਲ ਪਰਿਆਵਰਣ ਮੰਤਰੀ ਜੋਨਾਥਨ ਵਿਲਕਿਨਸਨ ਨੇ ਕਿਹਾ ਕਿ ਟੈਂਕਰ ਬੈਨ ਵਿੱਚ ਬਦਲਾਅ ਤੋਂ ਪਹਿਲਾਂ ”ਕਈ ਗੱਲਾਂ” ਦਾ ਹੱਲ ਲੱਭਣਾ ਲਾਜ਼ਮੀ ਹੈ, ਜਿਸ ਵਿੱਚ ਬੀ.ਸੀ. ਸਰਕਾਰ ਅਤੇ ਤੱਟੀ ਫਰਸਟ ਨੇਸ਼ਨਜ਼ ਨਾਲ਼ ਵਿਸਥਾਰਕ ਗੱਲਬਾਤ ਸ਼ਾਮਲ ਹੈ। ਉਹ ਕਹਿੰਦੇ ਹਨ, ”ਪ੍ਰਧਾਨ ਮੰਤਰੀ ਸਪਸ਼ਟ ਕਰ ਚੁੱਕੇ ਹਨ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਉਹਨਾਂ ਖੇਤਰਾਂ ਦੀ ਸਹਿਮਤੀ ਲੱਗੇਗੀ ਜਿੱਥੇ ਇਹ ਬਣਣੇ ਹਨ। ਇਸ ਲਈ ਪ੍ਰੀਮੀਅਰ ਨਾਲ ਵੀ ਗੱਲਬਾਤ ਹੋਣੀ ਲੋੜੀਂਦੀ ਹੈ।”
ਫਰਸਟ ਨੇਸ਼ਨਜ਼ ਸਬੰਧੀ ਉਹ ਕਹਿੰਦੇ ਹਨ ਕਿ ਵੱਡੀ ਹਮਾਇਤ ਹੋਣੀ ਲਾਜ਼ਮੀ ਹੈ, ਭਾਵੇਂ ਇਹ ਸਹਿਮਤੀ ਸੌ ਫੀਸਦੀ ਨਾ ਵੀ ਹੋਵੇ। ਜਿਵੇਂ ਟ੍ਰਾਂਸ ਮਾਊਂਟਨ ਪ੍ਰਾਜੈਕਟ ਦੇ ਸਮੇਂ ਹੋਇਆ ਸੀ।
ਬੀ.ਸੀ. ਲਿਬਰਲ ਐੱਮ.ਪੀ. ਗੁਰਬੱਖਸ਼ ਸੈਨੀ ਨੇ ਵੀ ਇਸ ਗੱਲ ਨੂੰ ਦੁਹਰਾਇਆ ਕਿ ਬੀ.ਸੀ. ਸਰਕਾਰ ਅਤੇ ਫਰਸਟ ਨੇਸ਼ਨਜ਼ ਦੀ ਸਹਿਮਤੀ ਦੇ ਬਿਨਾਂ ”ਕੋਈ ਪਾਈਪਲਾਈਨ ਨਹੀਂ ਬਣੇਗਾ।”
ਫੈਡਰਲ ਮੰਤਰੀਆਂ ਦੇ ਮਿਲੇ-ਜੁਲੇ ਸੰਕੇਤ
ਫਾਇਨੈਂਸ ਮੰਤਰੀ ਫ੍ਰਾਂਸਵਾ-ਫਿਲਿੱਪ ਸ਼ਾਂਪੇਨ ਨੇ ਕਿਹਾ ਕਿ ਅਲਬਰਟਾ ਨਾਲ਼ ਗੱਲਬਾਤਾਂ ਦੇ ਨਤੀਜੇ ‘ਤੇ ਉਹ ਪੱਖਪਾਤ ਨਹੀਂ ਦਿਖਾਉਣਾ ਚਾਹੁੰਦੇ, ਪਰ ਉਹਨਾਂ ਦਾ ਬਿਆਨ ਟੈਂਕਰ ਟ੍ਰੈਫਿਕ ਦੀ ਸੰਭਾਵਨਾ ਨੂੰ ਨਕਾਰਦਾ ਨਹੀਂ ਸੀ। ਉਹ ਕਹਿੰਦੇ ਹਨ, ”ਕੈਨੇਡੀਅਨ ਹੁਣ ਸਮਝਦੇ ਹਨ ਕਿ ਊਰਜਾ ਸੁਰੱਖਿਆ, ਆਰਥਿਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਇਕ-ਦੂਜੇ ਨਾਲ ਜੁੜੇ ਹਨ। ਤਕਨਾਲੋਜੀ ਦੇ ਨਾਲ਼ ਇਹ ਸਭ ਕੁਝ ਜੰਿਮੇਵਾਰੀ ਨਾਲ ਕੀਤਾ ਜਾ ਸਕਦਾ ਹੈ।” ਅਲਬਰਟਾ ਤੋਂ ਲਿਬਰਲ ਐੱਮ.ਪੀ. ਕੋਰੀ ਹੋਗਨ ਨੇ ਕਿਹਾ ਕਿ ਦੇਸ਼ ਨੂੰ ਕੁਦਰਤੀ ਸੰਸਾਧਨਾਂ ਦੇ ਵਿਕਾਸ ‘ਤੇ ਕੌਮੀ ਪੱਧਰ ‘ਤੇ ਗੱਲਬਾਤ ਕਰਨ ਦੀ ਲੋੜ ਹੈ, ਅਤੇ ਇਸੇ ‘ਤੇ ਪ੍ਰਧਾਨ ਮੰਤਰੀ ਅਤੇ ਅਲਬਰਟਾ ਦੀ ਪ੍ਰੀਮੀਅਰ ਗੱਲ ਕਰ ਰਹੇ ਹਨ। ਪਰਿਆਵਰਣ ਮੰਤਰੀ ਜੂਲੀ ਡੈਬਰੂਜ਼ਿਨ ਬੁੱਧਵਾਰ ਨੂੰ ਕਾਕਸ ਮੀਟਿੰਗ ਵਿੱਚ ਦਾਖਲ ਹੁੰਦੇ ਹੋਏ ਸਵਾਲਾਂ ਲਈ ਨਹੀਂ ਰੁਕੀਆਂ। ਨੈਚਰਲ ਰਿਸੋਰਸ ਮੰਤਰੀ ਟਿਮ ਹੌਡਸਨ ਵੀ ਮੀਟਿੰਗ ਤੋਂ ਬਾਅਦ ਕੋਈ ਟਿੱਪਣੀ ਬਿਨਾਂ ਹੀ ਚਲੇ ਗਏ।
ਬੀ.ਸੀ. ਦੀ ਪ੍ਰਤੀਕ੍ਰਿਆ ਅਤੇ ਰਾਜਨੀਤਿਕ ਤਣਾਅ
ਬੀ.ਸੀ. ਪ੍ਰੀਮੀਅਰ ਡੇਵਿਡ ਏਬੀ ਨੇ ਅਲਬਰਟਾ ਦੇ ਤੱਟ ਤੱਕ ਨਵੇਂ ਪਾਈਪਲਾਈਨ ਦੀ ਮੰਗ ‘ਤੇ ਤਿੱਖੀ ਨਾਰਾਜ਼ਗੀ ਜਤਾਈ ਹੈ। ਉਹ ਕਹਿੰਦੇ ਹਨ ਕਿ ਪਾਈਪਲਾਈਨ ਲਈ ਕੋਈ ਨਿੱਜੀ ਸੈਕਟਰ ਕੰਪਨੀ ਸਾਹਮਣੇ ਨਹੀਂ ਆਈ, ਇਸ ਲਈ ਇਹ ਵਿਚਾਰ ਪ੍ਰੈਕਟੀਕਲ ਨਹੀਂ। ਉੱਥੇ ਹੀ, ਬੀ.ਸੀ. ਕੰਜ਼ਰਵੇਟਿਵ ਐੱਮ.ਪੀ. ਬ੍ਰੈੱਡ ਵਿਸ ਨੇ ਕਿਹਾ ਕਿ ਬੀ.ਸੀ. ”ਦੁਨੀਆ ਦਾ ਸਭ ਤੋਂ ਅਮੀਰ ਖੇਤਰ ਹੋਣਾ ਚਾਹੀਦਾ ਸੀ,” ਪਰ ਐਨ.ਡੀ.ਪੀ. ਸਰਕਾਰ ਕਰਕੇ ਪ੍ਰਾਂਤ ਵਿਕਾਸ ‘ਚ ਪਿੱਛੇ ਰਹਿ ਗਿਆ ਹੈ। ਉਹ ਕਹਿੰਦੇ ਹਨ, ”ਮਿਸਟਰ ਏਬੀ ਨੂੰ ਜਾਗਣਾ ਚਾਹੀਦਾ ਹੈ। ਅਸੀਂ ਅਮੀਰ ਸੂਬੇ ਵਜੋਂ ਪਿੱਛੇ ਡਿਗ ਰਹੇ ਹਾਂ।” This report was written by Divroop Kaur as part of the Local Journalism Initiative.

Popular