Saturday, May 9, 2026

ਵੇਦਨਾ ਪੰਜਾਬ ਦੀ

 

ਸੁਣੋ ਨੀ ਸਿਰਜਨਹਾਰੀਓ!
ਸਿਰਜੋ ਨਵੀਂ ਕਹਾਣੀ…
ਗੰਧਲਾ ਅੜੀਓ ਹੋ ਗਿਆ, ਪੰਜ ਦਰਿਆਵਾਂ ਦਾ ਪਾਣੀ…
ਗੁਰੂਆਂ ਦਾ ਪੰਜਾਬ ਸੀ ਆਲਮ ਤੋਂ ਨਿਰਾਲਾ
ਕਿਰਤ ਸਿਦਕ ਦੀ ਸੋਹਣੀ ਮੂਰਤ, ਅਣਖਾਂ ਦਾ ਰਖਵਾਲਾ
ਨਾ ਖੰਘਣ ਦਿੱਤੇ ਧਾੜਵੀ, ਹੱਕਾਂ ‘ਤੇ ਦਿੱਤਾ ਪਹਿਰਾ
ਅੱਜ ਓਸ ਪੰਜਾਬ ਨੂੰ ਸਦਮਾ ਲੱਗਾ ਗਹਿਰਾ
ਅੱਜ ਹੁਬਕੀਂ ਹੁਬਕੀਂ ਰੋ ਰਹੇ
ਸਾਡੀ ਮਿੱਟੀ ਤੇ ਅੰਮ੍ਰਿਤ ਵਰਗਾ ਪਾਣੀ…
ਸਿਆਸਤ ਗਾਇਕੀ ਸਭ ਪ੍ਰਦੂਸ਼ਿਤ, ਨਸ਼ਿਆਂ ਦਾ ਜਾਲ ਵਿਛਾਇਆ
ਰੁੱਖ ਤੇ ਕੁੱਖ ਦੀ ਬੇਕਦਰੀ ਕਰ, ਜੜ੍ਹੋਂ ਪੰਜਾਬ ਹਿਲਾਇਆ
ਸੱਚ ਨਿਆਂ ਬਲੀਦਾਨ ਸਾਂਝ ਤੇ ਵਿਸਰੇ ਸਭਿਆਚਾਰ ਈਮਾਨ
ਪਹਿਰੇਦਾਰ ਪੰਜਾਬ ਦੇ, ਸੌਂ ਗਏ ਲੰਮੀ ਤਾਣ
ਭਗਤ ਸਿੰਘ, ਸਰਾਭਾ ਭੁੱਲ ਕੇ
ਬਦਹਾਲੀ ਵਿਚ ਜਕੜਤੀ, ਸਾਡੀ ਮਾਂ ਇਹ ਰਾਣੀ…
ਇਹ ਤਸਵੀਰ ਨਹੀਂ ਪੰਜਾਬ ਦੀ, ਤੁਸੀਂ ਉੱਠੋ ਹੰਭਲਾ ਮਾਰ
ਸਰਮਾਇਆ ਦੇਸ਼ ਪੰਜਾਬ ਦਾ ਜਾਣ ਦਿਓ ਨਾ ਬਾਹਰ
ਅਦਬ ਤਹਿਜ਼ੀਬ ਦੀ ਦੇ ਕੇ ਦੌਲਤ ਐਸਾ ਪਾਠ ਪੜ੍ਹਾਓ
ਰੁੱਖ ਕੁੱਖ ਤੇ ਕਿਰਤੀ ਕਾਮੇ ਰੌਸ਼ਨ ਹੋ ਜਾਣ, ਐਸਾ ਦੀਪ ਜਗਾਓ
ਰਾਗ ਬਦਲ ਦਿਓ ਸਾਜ਼ ਬਦਲ ਦਿਓ
ਇਹ ਕਦੇ ਸੀ ਪਾਕ ਪਵਿੱਤਰ, ਦੂਸ਼ਿਤ ਹੋਇਆ ਪਾਣੀ…
ਸੁਣੋ ਨੀ ਸਿਰਜਣਹਾਰੀਓ! ਸਿਰਜੋ ਨਵੀਂ ਕਹਾਣੀ…
ਘੋਲ ਸੁਗੰਧੀ ਮਿੱਟੀ ਦੇ ਵਿਚ ਸੰਦਲੀ ਕਰ ਦਿਓ ਪੌਣਾਂ
‘ਅਮਨ’ ਈਮਾਨ ਦੀ ਦੇਵੋ ਧੂਣੀ, ਨਿਰਮਲ ਹੋਵੇ ਢਾਣੀ ਢਾਣੀ…

ਲੇਖਕ : ਡਾ. ਅਮਨਦੀਪ ਕੌਰ ਬਰਾੜ, ਸੰਪਰਕ: 88724-34512

Popular