Saturday, May 9, 2026

ਇਸ ਧਰਤੀ ਤੇ ਹਾਲੀ ਤੱਕ ਤੇ

 

ਇਸ ਧਰਤੀ ਤੇ ਹਾਲੀ ਤੱਕ ਤੇ ਕੋਈ ਵੀ ਮੇਰਾ ਯਾਰ ਨਹੀਂ ।
ਮੈਂ ਲੋਕਾਂ ਦੀਆਂ ਪੀੜਾਂ ਵੰਡਾਂ, ਮੇਰਾ ਕੋਈ ਗ਼ਮਖ਼ਾਰ ਨਹੀਂ ।
ਪੰਧ ਹਿਆਤੀ ਵਾਲਾ ਲਾਰਿਆਂ ਬੁੱਤਿਆਂ ਵਿਚ ਲੰਘ ਚੱਲਿਆ ਏ,
ਦਿਲ ਵਿਚ ਲੱਖਾਂ ਸੱਧਰਾਂ ਨੇ ਕੋਈ ਕਰਦਾ ਕੌਲ ਕਰਾਰ ਨਹੀਂ ।

ਜਦ ਕਿਧਰੇ ਉਹ ਚੇਤੇ ਆਵੇ, ਦਿਲ ਵਿਚ ਭਾਂਬੜ ਮੱਚਦਾ ਏ,
ਲੱਖ ਹੰਝੂਆਂ ਦੀ ਬਾਰਿਸ਼ ਵੱਸੇ, ਠਰਦਾ ਪਰ ਅੰਗਿਆਰ ਨਹੀਂ ।
ਲੋਕੋ ਜ਼ੁਲਮ ਦੀਆਂ ਕੰਧਾਂ ਨੂੰ ਉੱਚਿਆਂ ਹੋਰ ਉਸਾਰੋ ਨਾ,
ਤਲੀਆਂ ਉੱਤੇ ਸਰੋਂ ਜਮਾਵੇਂ, ਕਰਦਾ ਰੱਬ ਉਧਾਰ ਨਹੀਂ ।

ਹੋ ਸਕਿਆ ਤੇ ਚੰਨ ਦੇ ਵਾਂਗਰ ਠੰਢੀਆਂ ਰਿਸਮਾਂ ਵੰਡਾਂਗਾ,
ਮੈਂ ਧਰਤੀ ਦਾ ਸੀਨਾ ਸਾੜਾਂ, ਇਹ ਮੇਰਾ ਕਿਰਦਾਰ ਨਹੀਂ ।
ਜਦ ਫੁੱਲਾਂ ਤੇ ਜੋਬਨ ਹੋਵੇ, ਚੁੱਕਦੇ ਧੌਣ ਨੇ ਟੋਹਰਾਂ ਨਾਲ,
ਵਿੱਚ ਖ਼ਿਜ਼ਾਂ ਦੇ ਲੰਘੀ ਹੋਈ, ਭੁੱਲਦੀ ਕਦੀ ਬਹਾਰ ਨਹੀਂ ।

ਬੁੱਕਲ ਵਿਚ ਸਿਰ ਦੇ ਕੇ ‘ਰਾਹਤ’, ਭਾਵੇਂ ਹੰਝੂ ਕੇਰ ਲਵਾਂ,
ਹੁਣ ਉਹਦੇ ਪੈਰੀਂ ਨਹੀਂ ਪੈਣਾ, ਕਰਨਾ ਵੀ ਇਜ਼ਹਾਰ ਨਹੀਂ ।
ਲੇਖਕ : ਇਕਬਾਲ ਰਾਹਤ

Popular