ਸਰੀ, (ਸਿਮਰਨਜੀਤ ਸਿੰਘ): ਹੈਲਥ ਕੈਨੇਡਾ ਨੇ ਕਰੋਨੋਬੈਕਟਰ ਦੇ ਕਾਰਨ ਜਰਬਰ ਬ੍ਰਾਂਡ ਓਟ ਬਨਾਨਾ ਅਤੇ ਮੈਂਗੋ ਬੇਬੀ ਸੀਰੀਅਲ ਲਈ ਇੱਕ ਰੀਕਾਲ ਜਾਰੀ ਕੀਤਾ ਹੈ ਯਾਨੀ ਕਿ ਉਤਪਾਦਾਂ ਵਾਪਸ ਮੰਗਵਾਏ ਗਏ ਹਨ। ਇਹ ਉਤਪਾਦ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨਿਊ ਬਰੰਜ਼ਵਿਕ, ਓਨਟਾਰੀਓ, ਕਿਊਬਿਕ, ਸਸਕੈਚਵਨ ਸਮੇਤ ਕਈ ਹੋਰ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਔਨਲਾਈਨ ਅਤੇ ਸਟੋਰਾਂ ਵਿੱਚ ਵੇਚੇ ਗਏ ਸਨ।
ਇਹ 227 ਗ੍ਰਾਮ ਪੈਕੇਜਾਂ ਵਿੱਚ 30 ਮਈ, 2025 ਦੀ ਐਕਸਪਾਈਰੀ ਡੇਟ ਨਾਲ ਵੇਚੇ ਗਏ ਪਰ ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਨ੍ਹਾਂ ਉਤਪਾਦਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਕਿਉਂਕਿ ਇਹ ਬੱਚਿਆਂ ਦੇ ਖਾਣ ਯੋਗ ਨਹੀਂ ਹਨ ਇਨ੍ਹਾਂ ਨੂੰ ਬਾਹਰ ਸੁੱਟ ਦੇਣਾ ਚਾਹੀਦਾ ਹੈ ਜਾਂ ਜਿਥੋਂ ਇਹ ਖਰੀਦੇ ਗਏ ਹਨ ਉਥੇ ਵਾਪਸ ਕਰ ਆਉਣੇ ਚਾਹੀਦੇ ਹਨ।
ਏਜੰਸੀ ਦਾ ਕਹਿਣਾ ਹੈ ਕਿ ਕਰੋਨੋਬੈਕਟਰ ਨਾਲ ਦੂਸ਼ਿਤ ਭੋਜਨ ਖਰਾਬ ਦਿਖਾਈ ਨਹੀਂ ਦਿੰਦਾ ਅਤੇ ਨਾ ਬਦਬੂ ਆਉਂਦੀ ਹੈ ਪਰ ਫਿਰ ਵੀ ਇਹ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਬਿਮਾਰ ਕਰ ਸਕਦਾ ਹੈ। ਆਮ ਤੌਰ ‘ਤੇ ਅਜਿਹੇ ਮਾਮਲੇ ਬਹੁਤ ਘੱਟ ਗੰਭੀਰ ਜਾਂ ਘਾਤਕ ਲਾਗਾਂ ਦਾ ਕਾਰਨ ਬਣਦੇ ਹਨ ਪਰ ਹੈਲਥ ਕੈਨੇਡਾ ਨੇ ਲੋਕਾਂ ਨੂੰ ਚਿਤਾਵਨੀ ਜਾਰੀ ਕੀਤੀ ਹੈ। ਹੈਲਥ ਕੈਨੇਡਾ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਕਰੋਨੋਬੈਕਟਰ ਬੈਕਟੀਰੀਆ ਖਾਸ ਤੌਰ ‘ਤੇ ਨਵਜੰਮੇ ਬੱਚਿਆਂ ਲਈ ਨੁਕਸਾਨਦੇਹ ਹੋ ਸਕਦਾ ਹੈ।