Sunday, May 10, 2026

ਸਰੀ ਸਿਟੀ ਹਾਲ ਵਿਚ 2.5 ਮਿਲੀਅਨ ਡਾਲਰ ਦੀ ਧੋਖਾਧੜੀ, ਸਾਬਕਾ ਕਰਮਚਾਰੀ ਉੱਤੇ ਇਲਜ਼ਾਮ

ਨਗਰ ਨਿਗਮ ਦੇ ਖਾਤਿਆਂ ਨਾਲ ਛੇੜਛਾੜ, ਵੱਡੀ ਆਰਥਿਕ ਘਪਲੇਬਾਜ਼ੀ ਬੇਨਕਾਬ
ਸਰੀ, (ਦਿਵਰੂਪ ਕੌਰ): ਸਰੀ ਸ਼ਹਿਰ ਵਿਚ ਨਗਰ ਨਿਗਮ ਦੇ ਖਾਤਿਆਂ ਨਾਲ ਜੁੜੀ ਹੋਈ ਇਕ ਵੱਡੀ ਧੋਖਾਧੜੀ ਦੇ ਮਾਮਲੇ ਵਿਚ ਸਾਬਕਾ ਕਰਮਚਾਰੀ ਦੇ ਖ਼ਿਲਾਫ਼ ਫੌਜਦਾਰੀ ਇਲਜ਼ਾਮ ਦਰਜ ਕੀਤੇ ਗਏ ਹਨ। 40 ਸਾਲਾ ਸਨੀ ਕੈਟਲਿਨ ਉੱਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਬਿਨਾਂ ਅਧਿਕਾਰ ਦੇ ਸਿਟੀ ਆਫ ਸਰੀ ਦੇ ਚੈਕ ਜਾਰੀ ਕਰ ਕੇ ਅਤੇ ਆਪਣੇ ਫਾਇਦੇ ਲਈ ਜਮ੍ਹਾਂ ਕਰਵਾ ਕੇ ਕਰੀਬ 2.5 ਮਿਲੀਅਨ ਡਾਲਰ ਦੀ ਧੋਖਾਧੜੀ ਕੀਤੀ।
ਸਨੀ ਕੈਟਲਿਨ ਖ਼ਿਲਾਫ਼ ਚਾਰ ਗੰਭੀਰ ਅਪਰਾਧਾਂ ਦੇ ਇਲਜ਼ਾਮ ਲਗਾਏ ਗਏ ਹਨ। ਇਨ੍ਹਾਂ ਵਿਚ ਧੋਖਾਧੜੀ ਜਾਂ ਭਰੋਸਾ ਭੰਗ ਕਰਨਾ, 5,000 ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਕਰਨਾ, ਸਿਟੀ ਆਫ ਸਰੀ ਦੀ ਸੰਪਤੀ ਜਿਹੜੀ ਕਿ 5,000 ਡਾਲਰ ਤੋਂ ਵੱਧ ਦੀ ਹੈ ਉਸਦੀ ਚੋਰੀ ਕਰਨਾ ਅਤੇ ਜਾਨਬੁੱਝ ਕੇ ਨਕਲੀ ਦਸਤਾਵੇਜ਼ ਤਿਆਰ ਕਰ ਕੇ ਜਾਲਸਾਜ਼ੀ ਕਰਨਾ ਸ਼ਾਮਲ ਹਨ। ਦੋਸ਼ ਹੈ ਕਿ ਉਸ ਨੇ ਨਕਲੀ ਡਿਪਾਜਟਿ ਰਿਲੀਜ਼ ਅਥਾਰਟੀ ਪੈਕੇਜ ਤਿਆਰ ਕੀਤੇ ਤਾਂ ਜੋ ਉਹ ਅਸਲ ਲੱਗਣ ਅਤੇ ਨਗਰ ਨਿਗਮ ਵਲੋਂ ਮੰਨ ਲਏ ਜਾਣ।
ਬ੍ਰਿਟਿਸ਼ ਕੋਲੰਬੀਆ ਪ੍ਰੋਸਿਕਿਊਸ਼ਨ ਸਰਵਿਸ ਨੇ ਇਹ ਇਲਜ਼ਾਮ 18 ਨਵੰਬਰ ਨੂੰ ਮਨਜ਼ੂਰ ਕੀਤੇ। ਸਨੀ ਕੈਟਲਿਨ ਦੀ ਪਹਿਲੀ ਅਦਾਲਤੀ ਪੇਸ਼ੀ 2 ਦਸੰਬਰ ਨੂੰ ਤੈਅ ਕੀਤੀ ਗਈ ਹੈ।
ਸਰੀ ਪੁਲਿਸ ਸਰਵਿਸ ਦੀ ਸਟਾਫ ਸਰਜੰਟ ਲਿੰਡਸੀ ਹਾਊਟਨ ਨੇ ਦੱਸਿਆ ਕਿ ਜਾਂਚ ਅਧਿਕਾਰੀ ਆਪਣੀ ਜਾਂਚ ਪੂਰੀ ਕਰ ਚੁੱਕੇ ਹਨ ਅਤੇ ਹੁਣ ਬ੍ਰਿਟਿਸ਼ ਕੋਲੰਬੀਆ ਪ੍ਰੋਸਿਕਿਊਸ਼ਨ ਸਰਵਿਸ ਨਾਲ ਮਿਲ ਕੇ ਡਿਸਕਲੋਜ਼ਰ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ।
ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਸਰੀ ਆਰ ਸੀ ਐਮ ਪੀ ਦੀ ਇਕਨਾਮਿਕ ਕ੍ਰਾਈਮਸ ਯੂਨਿਟ ਵੱਲੋਂ 2024 ਦੇ ਸ਼ੁਰੂ ਵਿਚ ਕੀਤੀ ਗਈ ਸੀ। ਸਿਟੀ ਆਫ ਸਰੀ ਵੱਲੋਂ ”ਮਹੱਤਵਪੂਰਨ ਧੋਖਾਧੜੀ” ਦੀ ਰਿਪੋਰਟ ਕਰਨ ਤੋਂ ਬਾਅਦ ਇਹ ਜਾਂਚ ਸ਼ੁਰੂ ਹੋਈ। ਪੁਲਿਸ ਮੁਤਾਬਕ ਇਹ ਮਾਮਲਾ ਵਿੱਤੀ ਗੜਬੜ ਨਾਲ ਜੁੜਿਆ ਹੋਇਆ ਸੀ।
ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਕਰਮਚਾਰੀ ਨੇ ਆਪਣੇ ਸਰਕਾਰੀ ਅਹੁਦੇ ਦੀ ਆੜ ਵਿਚ ਨਗਰ ਨਿਗਮ ਦੇ ਵਿੱਤੀ ਸਿਸਟਮਾਂ ਤੱਕ ਪਹੁੰਚ ਹਾਸਲ ਕਰਕੇ ਲੰਮੇ ਸਮੇਂ ਤੱਕ ਨਕਲੀ ਫਾਈਲਾਂ ਤਿਆਰ ਕੀਤੀਆਂ। ਇਹ ਧੋਖਾਧੜੀ 2017 ਤੋਂ ਲੈ ਕੇ ਕਈ ਸਾਲਾਂ ਤੱਕ ਚਲਦੀ ਰਹੀ ਅਤੇ ਇਸ ਨਾਲ ਸਿਟੀ ਆਫ ਸਰੀ ਨੂੰ ਕਰੀਬ 2.5 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।
26 ਨਵੰਬਰ ਨੂੰ ਸਿਟੀ ਆਫ ਸਰੀ ਵੱਲੋਂ ਮੇਅਰ ਬ੍ਰੈਂਡਾ ਲੌਕ ਦੀ ਓਰੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਭਾਵੇਂ ਮਾਮਲਾ ਅਦਾਲਤ ਵਿਚ ਹੋਣ ਕਾਰਨ ਉਹ ਸਿੱਧੀ ਟਿੱਪਣੀ ਨਹੀਂ ਕਰ ਸਕਦੀ, ਪਰ ਉਹ ਸਰੀ ਆਰ ਸੀ ਐਮ ਪੀ ਇਕਨਾਮਿਕ ਕ੍ਰਾਈਮਸ ਯੂਨਿਟ ਅਤੇ ਸਾਰੇ ਜਾਂਚ ਅਧਿਕਾਰੀਆਂ ਦਾ ਧੰਨਵਾਦ ਕਰਦੀ ਹੈ ਜੋ ਇਸ ਮਾਮਲੇ ਵਿਚ ਜ਼ਿੰਮੇਵਾਰੀ ਯਕੀਨੀ ਬਣਾ ਰਹੇ ਹਨ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਸਿਟੀ ਆਫ ਸਰੀ ਆਪਣੇ ਸਾਰੇ ਕੰਮਕਾਜ ਵਿਚ ਪਾਰਦਰਸ਼ਤਾ ਅਤੇ ਇਮਾਨਦਾਰੀ ਲਈ ਵਚਨਬੱਧ ਹੈ।
ਇਹ ਮਾਮਲਾ ਪਹਿਲਾਂ ਹੀ ਮਈ ਮਹੀਨੇ ਵਿਚ ਸਾਹਮਣੇ ਆ ਗਿਆ ਸੀ, ਜਦੋਂ ਸਿਟੀ ਆਫ ਸਰੀ ਨੇ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿਚ ਸਿਵਲ ਮੁਕੱਦਮਾ ਦਰਜ ਕਰਕੇ 2.5 ਮਿਲੀਅਨ ਡਾਲਰ ਦੇ ਨਾਲ ਨਾਲ ਖ਼ਰਚੇ ਅਤੇ ਵਿਆਜ ਵਸੂਲਣ ਦੀ ਮੰਗ ਕੀਤੀ ਸੀ। ਉਸ ਸਮੇਂ ਸਿਟੀ ਮੈਨੇਜਰ ਰੌਬ ਕੋਸਟਾਂਜ਼ੋ ਨੇ ਦੱਸਿਆ ਸੀ ਕਿ 2024 ਵਿਚ ਇਹ ਸਿਵਲ ਦਾਅਵਾ ਉਸ ਸਮੇਂ ਦਰਜ ਕੀਤਾ ਗਿਆ ਜਦੋਂ ਨਿਸ਼ਕ੍ਰਿਯ ਵਿਕਾਸ ਡਿਪਾਜ਼ਿਟ ਖਾਤਿਆਂ ਨਾਲ ਸਬੰਧਿਤ ਸ਼ੱਕੀ ਲੈਣ ਦੇਣ ਸਾਹਮਣੇ ਆਏ।
ਇਸ ਤੋਂ ਇਲਾਵਾ ਇਕ ਹੋਰ ਅਲੱਗ ਅਤੇ ਅਸੰਬੰਧਤ ਮਾਮਲੇ ਵਿਚ ਸਤੰਬਰ ਮਹੀਨੇ ਓਨਟਾਰੀਓ ਲਾਅ ਸੋਸਾਇਟੀ ਦੇ ਦਸਤਾਵੇਜ਼ ਵਿਚ ਖੁਲਾਸਾ ਹੋਇਆ ਸੀ ਕਿ 2019 ਵਿਚ ਸਿਟੀ ਆਫ ਸਰੀ ਨਾਲ 2.1 ਮਿਲੀਅਨ ਡਾਲਰ ਦੀ ਇੱਕ ਹੋਰ ਧੋਖਾਧੜੀ ਵੀ ਹੋਈ ਸੀ। ਨਕਲੀ ਈਮੇਲ ਰਾਹੀਂ ਨਗਰ ਨਿਗਮ ਦੀ ਰਕਮ ਗਲਤ ਖਾਤੇ ਵਿਚ ਭੇਜਵਾਈ ਗਈ ਸੀ ਜੋ ਬਾਅਦ ਵਿਚ ਓਨਟਾਰੀਓ ਦੇ ਇਕ ਪੈਰਾਲੀਗਲ ਦੇ ਐਸਕਰੋ ਖਾਤੇ ਵਿਚ ਪਹੁੰਚੀ।
ਇਸ ਮਾਮਲੇ ਵਿਚ ਟੋਰਾਂਟੋ ਪੁਲਿਸ ਸਰਵਿਸ ਦੇ ਸਾਬਕਾ 14 ਸਾਲਾ ਅਧਿਕਾਰੀ ਗਨੇਸ਼ ਬਾਲਾਗੰਨਥਨ ਉੱਤੇ ਵੀ ਪੇਸ਼ੇਵਰ ਬਦਅਮਲੀ ਦੇ ਦੋਸ਼ ਸਾਬਤ ਹੋਏ। ਉਸ ਉੱਤੇ 1.7 ਮਿਲੀਅਨ ਡਾਲਰ ਤੋਂ ਵੱਧ ਦੀ ਮਨੀ ਲਾਂਡਰਿੰਗ ਯੋਜਨਾ ਵਿਚ ਜਾਣਬੁੱਝ ਕੇ ਮਦਦ ਕਰਨ ਦੇ ਦੋਸ਼ ਲੱਗੇ।
ਸਤੰਬਰ ਮਹੀਨੇ ਸਰੀ ਦੀ ਸਿਟੀ ਕੌਂਸਲਰ ਅਤੇ ਮੇਅਰ ਉਮੀਦਵਾਰ ਲਿੰਡਾ ਐਨਿਸ ਨੇ ਕਿਹਾ ਸੀ ਕਿ ਲਗਾਤਾਰ ਦੋ ਵੱਡੀਆਂ ਧੋਖਾਧੜੀਆਂ ਦੇ ਮਾਮਲੇ ਸਾਹਮਣੇ ਆਉਣ ਨਾਲ ਸਾਬਤ ਹੁੰਦਾ ਹੈ ਕਿ ਸਰੀ ਨੂੰ ਆਪਣਾ ਖੁਦ ਦਾ ਆਡੀਟਰ ਜਨਰਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਕੈਨੇਡਾ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਕੋਲ ਆਡੀਟਰ ਜਨਰਲ ਹੈ ਪਰ ਸਰੀ ਕੋਲ ਅਜੇ ਤੱਕ ਇਹ ਪ੍ਰਣਾਲੀ ਨਹੀਂ ਹੈ। ਫਿਲਹਾਲ ਅਦਾਲਤ ਵਿਚ ਅਜੇ ਤੱਕ ਕੁਝ ਵੀ ਸਾਬਤ ਜਾਂ ਰੱਦ ਨਹੀਂ ਹੋਇਆ ਹੈ ਅਤੇ ਅਗਲੀ ਕਾਰਵਾਈ 2 ਦਸੰਬਰ ਨੂੰ ਹੋਣੀ ਹੈ। This report was written by Divroop Kaur as part of the Local Journalism Initiative.

Popular