Sunday, May 10, 2026

ਵਿਲੀਅਮਜ਼ ਲੇਕ ਪੈਲਟ ਪਲਾਂਟ ਬੰਦ, ਕਰਮਚਾਰੀਆਂ ਦੀ ਨੌਕਰੀ ਖ਼ਤਰੇ ਵਿਚ

ਵਿਲੀਅਮਜ਼ ਲੇਕ ਨੂੰ ਹਰ ਸਾਲ ਲਗਭਗ 4 ਲੱਖ ਡਾਲਰ ਦਾ ਨੁਕਸਾਨ
ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਵਿਲੀਅਮਜ਼ ਲੇਕ ਵਿੱਚ ਸਥਿਤ ਲੱਕੜੀ ਦੇ ਪੈਲਟ ਤਿਆਰ ਕਰਨ ਵਾਲੇ ਪਲਾਂਟ ਦੇ ਅਚਾਨਕ ਬੰਦ ਹੋਣ ਨੇ ਸ਼ਹਿਰ ਪ੍ਰਸ਼ਾਸਨ ਨੂੰ ਹੈਰਾਨ ਕਰ ਦਿੱਤਾ ਹੈ। ਮੇਅਰ Surinderpal Rathor ਨੇ ਕਿਹਾ ਹੈ ਕਿ ਇਸ ਫੈਸਲੇ ਨੇ ਸ਼ਹਿਰ ਨੂੰ ”ਅੱਖਾਂ ਬੰਦ ਕਰਕੇ ਝਟਕਾ” ਦਿੱਤਾ ਹੈ। ਡਰੈਕਸ ਕੰਪਨੀ ਦੀ ਮਲਕੀਅਤ ਹੇਠ ਚੱਲ ਰਹੇ ਇਸ ਪਲਾਂਟ ਦੇ ਬੰਦ ਹੋਣ ਨਾਲ 30 ਸਿੱਧੇ ਕਰਮਚਾਰੀ ਅਤੇ ਕਈ ਠੇਕੇ ਉੱਤੇ ਕੰਮ ਕਰਨ ਵਾਲੇ ਮਜ਼ਦੂਰ ਪ੍ਰਭਾਵਿਤ ਹੋਣਗੇ। ਇਸ ਪਲਾਂਟ ਦੇ ਬੰਦ ਹੋਣ ਦੀ ਪੁਸ਼ਟੀ 26 ਨਵੰਬਰ ਨੂੰ ਕੀਤੀ ਗਈ। ਡਰੈਕਸ ਕੈਨੇਡਾ ਦੀ ਕਮਿਊਨੀਕੇਸ਼ਨ ਮੈਨੇਜਰ Caroline Bleay ਨੇ ਦੱਸਿਆ ਕਿ ਬਾਹਰੀ ਬਾਜ਼ਾਰ ਦੀ ਮੰਦਹਾਲੀ ਅਤੇ ਸਪਲਾਈ ਚੇਨ ਨਾਲ ਜੁੜੀਆਂ ਸਮੱਸਿਆਵਾਂ ਕਾਰਨ ਪਲਾਂਟ ਚਲਾਉਣਾ ਹੁਣ ਵਪਾਰਕ ਤੌਰ ਉੱਤੇ ਸੰਭਵ ਨਹੀਂ ਰਿਹਾ। ਇਹ ਪਲਾਂਟ ਲੱਕੜੀ ਦੇ ਫਾਈਬਰ ਤੋਂ ਗਰਮੀ ਲਈ ਵਰਤੇ ਜਾਣ ਵਾਲੇ ਪੈਲਟ ਤਿਆਰ ਕਰਦਾ ਸੀ ਅਤੇ ਕਈ ਸਾਲਾਂ ਤੋਂ ਸਥਾਨਕ ਅਰਥਵਿਵਸਥਾ ਦਾ ਮਹੱਤਵਪੂਰਨ ਹਿੱਸਾ ਸੀ। ਮੇਅਰ ਰਾਥੋਰ ਨੇ ਕਿਹਾ ਕਿ ਸ਼ਹਿਰ ਨੂੰ ਇਸ ਬੰਦਸ਼ ਬਾਰੇ ਪਹਿਲਾਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਮਿਲੀ ਸੀ। ਉਨ੍ਹਾਂ ਦੱਸਿਆ ਕਿ ਕੁਝ ਅਫਵਾਹਾਂ ਸੁਣ ਕੇ ਸ਼ਹਿਰ ਨੇ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਤੇ ਤੋਂ ਕੋਈ ਜਵਾਬ ਨਹੀਂ ਆਇਆ।
ਮੇਅਰ ਨੇ ਕਿਹਾ ਕਿ ਜੇ ਸ਼ਹਿਰ ਨੂੰ ਪਲਾਂਟ ਬੰਦ ਹੋਣ ਦੀ ਪੇਸ਼ਗੀ ਜਾਣਕਾਰੀ ਹੁੰਦੀ ਤਾਂ ਪ੍ਰਸ਼ਾਸਨ ਕੰਪਨੀ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦਾ। ਇਸ ਤਰ੍ਹਾਂ ਪਹਿਲਾਂ ਵੀ ਸ਼ਹਿਰ ਨੇ Atlantic Power ਦੇ ਵਿਲੀਅਮਜ਼ ਲੇਕ ਬਾਇਓਮਾਸ ਪਲਾਂਟ ਦੀ ਮਦਦ ਕੀਤੀ ਸੀ, ਜਦੋਂ ਉਨ੍ਹਾਂ ਨੇ ਵਧ ਰਹੀਆਂ ਲੱਕੜੀ ਦੀਆਂ ਲਾਗਤਾਂ ਅਤੇ BC Hydro ਨਾਲ ਸਮਝੌਤੇ ਨੂੰ ਗੈਰ ਵਪਾਰਕ ਦੱਸ ਕੇ ਬੰਦ ਹੋਣ ਦੀ ਚੇਤਾਵਨੀ ਦਿੱਤੀ ਸੀ।
ਸ਼ਹਿਰ ਦੀ ਆਰਥਿਕ ਵਿਕਾਸ ਮੈਨੇਜਰ Beth Veenkamp ਨੇ ਕਿਹਾ ਕਿ ਸ਼ਹਿਰ ਇਸ ਗੱਲ ਤੋਂ ਬਹੁਤ ਨਿਰਾਸ਼ ਹੈ ਕਿ ਉਸਨੂੰ ਇਸ ਵਾਰ ਕੰਪਨੀ ਦੀ ਮਦਦ ਕਰਨ ਦਾ ਮੌਕਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਵਪਾਰਿਕ ਭਾਈਚਾਰੇ ਨੂੰ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਸ਼ਹਿਰ ਮੁਸ਼ਕਲ ਸਮੇਂ ਵਿਚ ਹਰ ਵਪਾਰ ਦੇ ਨਾਲ ਖੜਾ ਹੈ। ਇਸ ਪਲਾਂਟ ਦੇ ਬੰਦ ਹੋਣ ਨਾਲ ਸ਼ਹਿਰ ਨੂੰ ਲਗਭਗ 4 ਲੱਖ ਡਾਲਰ ਦਾ ਸਲਾਨਾ ਟੈਕਸ ਅਤੇ ਯੂਟਿਲਿਟੀ ਰੇਵਿਨਿਊ ਨੁਕਸਾਨ ਹੋਵੇਗਾ। ਇਹ ਘਾਟ ਉਸ ਸਮੇਂ ਸਾਹਮਣੇ ਆ ਰਹੀ ਹੈ ਜਦੋਂ ਸ਼ਹਿਰ 2026 ਦੇ ਕੈਪੀਟਲ ਬਜਟ ਉੱਤੇ ਚਰਚਾ ਕਰ ਰਿਹਾ ਹੈ। 25 ਨਵੰਬਰ ਨੂੰ ਹੋਈ ਕੌਂਸਲ ਦੀ ਮੀਟਿੰਗ ਵਿਚ ਇਹ ਮੁੱਦਾ ਉੱਠਾਇਆ ਗਿਆ ਸੀ।
ਕੌਂਸਲਰ Scott Nelson ਨੇ ਸੁਝਾਅ ਦਿੱਤਾ ਕਿ ਟੈਕਸ ਦਰ ਵਿਚ ਵਾਧਾ ਕਰਨ ਤੋਂ ਬਚਣ ਲਈ ਕੈਪੀਟਲ ਖ਼ਰਚ ਘਟਾਏ ਜਾਣ ਅਤੇ ਕੁਝ ਪ੍ਰੋਜੈਕਟਾਂ ਨੂੰ ਅਗਲੇ ਸਾਲਾਂ ਲਈ ਟਾਲਿਆ ਜਾਵੇ। ਹਾਲਾਂਕਿ ਉਨ੍ਹਾਂ ਨੇ ਇੱਕ ਨਵੀਂ ਪਿਕਲਬਾਲ ਸੁਵਿਧਾ ਬਣਾਉਣ ਦੇ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀ ਮੰਗ ਵੀ ਕੀਤੀ, ਜਿਸ ਲਈ ਹਾਲੇ ਤੱਕ ਕੋਈ ਡਿਜ਼ਾਈਨ ਜਾਂ ਫੰਡਿੰਗ ਤੈਅ ਨਹੀਂ ਹੈ।
ਡਰੈਕਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਲਾਂਟ ਬੰਦ ਕਰਨ ਦੀ ਇਕ ਵੱਡੀ ਵਜ੍ਹਾ ਸਥਾਨਕ ਫਾਈਬਰ ਸਪਲਾਈ ਦਾ ਹੱਥੋਂ ਨਿਕਲ ਜਾਣਾ ਹੈ। ਕੰਪਨੀ ਨੇ ਇੱਕ ਮਹੱਤਵਪੂਰਨ ਫਾਈਬਰ ਬੋਲੀ ਹਾਰ ਦਿੱਤੀ ਸੀ, ਜੋ ਸਾਲਾਨਾ ਸਪਲਾਈ ਦਾ ਲਗਭਗ 50 ਫੀਸਦੀ ਹਿੱਸਾ ਸੀ। ਇਸ ਤੋਂ ਇਲਾਵਾ ਇਲਾਕੇ ਦੇ ਆਰਾ ਮਿੱਲਾਂ ਵਿੱਚ ਕਟੌਤੀ ਅਤੇ West Fraser ਦੀ 100 ਮਾਈਲ ਹਾਊਸ ਮਿੱਲ ਦੇ ਬੰਦ ਹੋਣ ਨਾਲ ਵੀ ਫਾਈਬਰ ਦੀ ਕਮੀ ਹੋਰ ਵਧ ਗਈ।
ਮੰਗਲਵਾਰ ਸ਼ਾਮ ਪਲਾਂਟ ਦੇ ਕਰਮਚਾਰੀਆਂ ਨੂੰ ਘਰ ਭੇਜ ਦਿੱਤਾ ਗਿਆ ਸੀ ਅਤੇ ਬੁੱਧਵਾਰ ਸਵੇਰੇ ਸਭ ਨੂੰ ਇਕੱਠਾ ਕਰਕੇ ਬੰਦਸ਼ ਦਾ ਐਲਾਨ ਕੀਤਾ ਗਿਆ। ਕੰਪਨੀ ਦਾ ਕਹਿਣਾ ਹੈ ਕਿ ਇਹ ਕਦਮ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਚੁੱਕਿਆ ਗਿਆ।
ਮੇਅਰ ਰਾਥੋਰ ਨੇ ਕਿਹਾ ਕਿ ਸ਼ਹਿਰ ਹੁਣ ਸੂਬਾ ਸਰਕਾਰ ਨਾਲ ਸੰਪਰਕ ਕਰ ਰਿਹਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਮਦਦ ਸੰਭਵ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਪਹਿਲਾਂ ਇੱਕ ਮਿੱਲ ਕਰਮਚਾਰੀ ਰਹੇ ਹਨ ਅਤੇ ਇਸ ਸਮੇਂ ਕਰਮਚਾਰੀਆਂ ਦੇ ਪਰਿਵਾਰਾਂ ਦੀ ਚਿੰਤਾ ਉਨ੍ਹਾਂ ਦੇ ਮਨ ਵਿਚ ਹੈ।
ਡਰੈਕਸ ਵੱਲੋਂ ਦੱਸਿਆ ਗਿਆ ਹੈ ਕਿ ਕਰਮਚਾਰੀਆਂ ਨੂੰ ਸਿਵਰਨਸ ਪੈਕੇਜ, ਮਾਨਸਿਕ ਸਿਹਤ ਸਹਾਇਤਾ ਅਤੇ ਕਰੀਅਰ ਕੌਂਸਲਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਕੰਪਨੀ ਦੀਆਂ ਹੋਰ ਥਾਵਾਂ ਉੱਤੇ ਨੌਕਰੀ ਲਈ ਅਰਜ਼ੀਆਂ ਦੇਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਹ ਪਲਾਂਟ ਸਾਲ ਦੇ ਅੰਤ ਤੱਕ ਮੌਜੂਦਾ ਕਾਂਟ੍ਰੈਕਟ ਅਤੇ ਫਾਈਬਰ ਸਪਲਾਈ ਖ਼ਤਮ ਹੋਣ ਨਾਲ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਇਸ ਤੋਂ ਬਾਅਦ ਇਸਨੂੰ ਕੇਅਰ ਅਤੇ ਮੇਨਟੇਨੈਂਸ ਮੋਡ ਵਿਚ ਰੱਖਿਆ ਜਾਵੇਗਾ। ਕੰਪਨੀ ਨੇ ਕਿਹਾ ਹੈ ਕਿ ਪਲਾਂਟ ਦੀ ਮਲਕੀਅਤ ਡਰੈਕਸ ਕੋਲ ਹੀ ਰਹੇਗੀ ਅਤੇ ਭਵਿੱਖ ਬਾਰੇ ਹਾਲੇ ਕੋਈ ਫੈਸਲਾ ਨਹੀਂ ਹੋਇਆ।

Popular