ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸੋਮਵਾਰ 24 ਨਵੰਬਰ ਨੂੰ ਹਾਈਵੇਅ ਵਨ ਉੱਤੇ ਲਿਟਨ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਸਰੀ ਸ਼ਹਿਰ ਦੇ 49 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਲਗਭਗ 9 ਵਜੇ ਟੈਂਕ ਹਿੱਲ ਬ੍ਰਿਜ ਉੱਤੇ ਦੋ ਭਾਰੀ ਟਰੱਕਾਂ ਦੀ ਭਿੜੰਤ ਕਾਰਨ ਵਾਪਰਿਆ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਹਾਦਸੇ ਵੇਲੇ ਇੱਕ ਨੀਲੇ ਰੰਗ ਦਾ ਕੇਨਵਰਥ ਟਰੈਕਟਰ ਟਰੇਲਰ ਆਪਣੇ ਨਾਲ ਦੋ ਖਾਲੀ ਫਲੈਟ ਡੈਕ ਟਰੇਲਰ ਲੈ ਕੇ ਜਾ ਰਿਹਾ ਸੀ, ਜਦਕਿ ਦੂਜਾ ਹਰਾ ਰੰਗ ਦਾ ਵੋਲਵੋ ਟਰੈਕਟਰ ਟਰੇਲਰ ਦੋ ਬੰਦ ਟਰੇਲਰਾਂ ਨੂੰ ਖਿੱਚ ਰਿਹਾ ਸੀ।
ਪੁਲਿਸ ਮੁਤਾਬਕ ਇਹ ਟੱਕਰ ਐਨੀ ਜ਼ੋਰਦਾਰ ਸੀ ਕਿ ਵੋਲਵੋ ਟਰੱਕ ਚਲਾ ਰਹੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰੀ ਨਿਵਾਸੀ 49 ਸਾਲਾ ਵਿਅਕਤੀ ਵਜੋਂ ਹੋਈ ਹੈ। ਦੂਜੇ ਪਾਸੇ ਕੇਨਵਰਥ ਟਰੱਕ ਦਾ ਡਰਾਈਵਰ 38 ਸਾਲਾ ਚਿੱਲੀਵੈਕ ਵਾਸੀ ਦੱਸਿਆ ਗਿਆ ਹੈ, ਜਿਸ ਨੂੰ ਹਾਦਸੇ ਤੋਂ ਬਾਅਦ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਸ ਦੀਆਂ ਚੋਟਾਂ ਗੰਭੀਰ ਨਹੀਂ ਹਨ ਅਤੇ ਉਹ ਖਤਰੇ ਤੋਂ ਬਾਹਰ ਹੈ। ਹਾਦਸੇ ਤੋਂ ਬਾਅਦ ਮੌਕੇ ਉੱਤੇ ਭਾਰੀ ਪੁਲਿਸ ਬਲ, ਐਂਬੂਲੈਂਸ ਤੇ ਰੈਸਕਿਊ ਟੀਮਾਂ ਪਹੁੰਚ ਗਈਆਂ ਸਨ।
ਬੁਧਵਾਰ 26 ਨਵੰਬਰ ਦੀ ਸਵੇਰ ਨੂੰ BC Highway Patrol ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਹਾਦਸੇ ਦੇ ਕਾਰਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਤੇ ਇਹ ਅਪਰਾਧਿਕ ਲਾਪਰਵਾਹੀ ਦਾ ਨਤੀਜਾ ਤਾਂ ਨਹੀਂ ਸੀ। ਪੈਟਰੋਲ ਦੇ ਅਧਿਕਾਰੀ ਕੌਰਪੋਰਲ ਮਾਈਕਲ ਮੈਕਲਾਫਲਿਨ ਨੇ ਕਿਹਾ ਕਿ ਕੁਝ ਮੁੱਖ ਗਵਾਹ ਪਹਿਲਾਂ ਹੀ ਪੁਲਿਸ ਨਾਲ ਗੱਲਬਾਤ ਕਰ ਚੁੱਕੇ ਹਨ ਅਤੇ ਜਾਂਚ ਟੀਮ ਹਾਦਸੇ ਤੋਂ ਪਹਿਲਾਂ ਦੋਵਾਂ ਟਰੱਕਾਂ ਦੀ ਡਰਾਈਵਿੰਗ ਦੇ ਢੰਗ ਦੀ ਛਾਨਬੀਨ ਕਰ ਰਹੀ ਹੈ।
ਪੁਲਿਸ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਡੈਸ਼ ਕੈਮਰੇ ਦੀ ਵੀਡੀਓ ਹੈ ਜਾਂ ਕਿਸੇ ਨੇ ਹਾਦਸੇ ਤੋਂ ਪਹਿਲਾਂ ਇਹ ਦੋਵੇਂ ਟਰੱਕ ਸੜਕ ਉੱਤੇ ਦੇਖੇ ਸਨ, ਤਾਂ ਉਹ ਤੁਰੰਤ ਅੱਗੇ ਆ ਕੇ ਜਾਣਕਾਰੀ ਸਾਂਝੀ ਕਰੇ। ਅਧਿਕਾਰੀਆਂ ਨੇ ਕਿਹਾ ਕਿ ਲੋਕਾਂ ਵੱਲੋਂ ਮਿਲੀ ਜਾਣਕਾਰੀ ਹਾਦਸੇ ਦੀ ਸਹੀ ਵਜ੍ਹਾ ਦਾ ਪਤਾ ਲਗਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਇਸ ਭਿਆਨਕ ਟੱਕਰ ਤੋਂ ਬਾਅਦ ਹਾਈਵੇਅ ਵਨ ਨੂੰ ਦੋਹੀਂ ਪਾਸਿਆਂ ਤੋਂ ਕਈ ਘੰਟਿਆਂ ਲਈ ਬੰਦ ਕਰਨਾ ਪਿਆ ਤਾਂ ਜੋ ਪੁਲਿਸ ਵੱਲੋਂ ਜਾਂਚ ਅਤੇ ਸੜਕ ਦੀ ਸਫਾਈ ਦਾ ਕੰਮ ਸੁਚੱਜੇ ਢੰਗ ਨਾਲ ਕੀਤਾ ਜਾ ਸਕੇ।
ਹਾਈਵੇਅ ਨੂੰ ਮੰਗਲਵਾਰ 25 ਨਵੰਬਰ ਦੀ ਸਵੇਰ ਨੂੰ ਆਵਾਜਾਈ ਲਈ ਮੁੜ ਖੋਲ੍ਹ ਦਿੱਤਾ ਗਿਆ। ਇਸ ਦੌਰਾਨ ਹਜ਼ਾਰਾਂ ਵਾਹਨਾਂ ਨੂੰ ਵੱਖਰੇ ਰਸਤੇ ਵਰਤਣੇ ਪਏ ਅਤੇ ਆਮ ਯਾਤਰੀਆਂ ਨਾਲ ਨਾਲ ਵਪਾਰਕ ਆਵਾਜਾਈ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੁਲਿਸ ਮੁਤਾਬਕ ਹਾਦਸੇ ਵਾਲੀ ਥਾਂ ਤੋਂ ਦੋਵਾਂ ਟਰੱਕਾਂ ਨੂੰ ਹਟਾ ਕੇ ਸੜਕ ਨੂੰ ਸੁਰੱਖਿਅਤ ਬਣਾਇਆ ਗਿਆ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵੀ ਇਸ ਹਾਦਸੇ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਭਛ੍ਹਫ ਖੳਮਲੋਪਸ ਦੇ ਨੰਬਰ 250 828 3111 ‘ਤੇ ਸੰਪਰਕ ਕਰ ਸਕਦੇ ਹਨ ਅਤੇ ਫਾਈਲ ਨੰਬਰ (2100) 2025 3960 ਦਾ ਹਵਾਲਾ ਦੇਣ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਇੱਕ ਛੋਟੀ ਤੋਂ ਛੋਟੀ ਜਾਣਕਾਰੀ ਵੀ ਜਾਂਚ ਲਈ ਮਦਦਗਾਰ ਹੋ ਸਕਦੀ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਸੜਕ ਸੁਰੱਖਿਆ ਅਤੇ ਭਾਰੀ ਵਾਹਨਾਂ ਦੀ ਸੰਭਾਲ ਨਾਲ ਡਰਾਈਵਿੰਗ ਦੀ ਅਹਿਮੀਅਤ ਵੱਲ ਧਿਆਨ ਦਿਵਾਇਆ ਹੈ ਅਤੇ ਲੋਕਾਂ ਵਿਚ ਸੋਗ ਦੀ ਲਹਿਰ ਵੀ ਫੈਲ ਗਈ ਹੈ। This report was written by Divroop Kaur as part of the Local Journalism Initiative.

