8.4 C
Vancouver
Saturday, November 23, 2024

ਡਾ. ਜਤਿੰਦਰ ਬੈਦਵਾਨ ਨੂੰ ਬੀ.ਸੀ. ਸੂਬੇ ਦੇ ਚੀਫ਼ ਕੋਰੋਨਰ ਕੀਤਾ ਨਿਯੁਕਤ

ਸਰੀ : ਬੀ.ਸੀ. ਸਰਕਾਰ ਨੇ ਡਾਕਟਰ ਜਤਿੰਦਰ ਬੈਦਵਾਨ ਨੂੰ ਸੂਬੇ ਦਾ ਨਵਾਂ ਚੀਫ਼ ਕੋਰੋਨਰ ਨਿਯੁਕਤ ਕੀਤਾ ਹੈ। ਵੀਰਵਾਰ ਨੂੰ ਪਬਲਿਕ ਸੇਫ਼ਟੀ ਮਿਨਿਸਟਰੀ ਨੇ ਐਲਾਨਿਆ ਕਿ ਡਾਕਟਰ ਅਤੇ ਸਿੱਖਿਅਕ, ਜਤਿੰਦਰ ਬੈਦਵਾਨ ਨੂੰ ਲਿਊਟਨੈਂਟ-ਗਵਰਨਰ ਨੇ ਨਿਯੁਕਤ ਕਰ ਦਿੱਤਾ ਹੈ।

ਕੋਰੋਨਰ ਨੂੰ ਮੌਤ-ਸਮੀਖਿਅਕ ਵੀ ਕਿਹਾ ਜਾ ਸਕਦਾ ਹੈ। ਇਹ ਇੱਕ ਸਰਕਾਰੀ ਅਧਿਕਾਰੀ ਹੁੰਦਾ ਹੈ ਜਿਸ ਕੋਲ ਹਿੰਸਕ, ਅਚਾਨਕ ਜਾਂ ਸ਼ੱਕੀ ਮੌਤਾਂ ਦੀ ਤਹਿਕੀਕਾਤ ਕਰਨ ਜਾਂ ਇਨ੍ਹਾਂ ਮੌਤਾਂ ਦੀ ਜਾਂਚ ਦਾ ਆਦੇਸ਼ ਦੇਣ ਦਾ ਅਧਿਕਾਰ ਹੁੰਦਾ ਹੈ। ਬੈਦਵਾਨ ਕੋਰੋਨਰ ਸਰਵਿਸ ਵਿਚ ਨਵੇਂ ਨਹੀਂ ਹਨ। ਉਹ 2017 ਵਿੱਚ ਕੋਰੋਨਰ ਸਰਵਿਸ ਵਿਚ ਮੁੱਖ ਮੈਡੀਕਲ ਅਫਸਰ ਵਜੋਂ ਸ਼ਾਮਲ ਹੋਏ ਸਨ। ਉਸ ਭੂਮਿਕਾ ਵਿੱਚ, ਉਹਨਾਂ ਨੇ 2021 ਦੇ ਹੀਟ ਡੋਮ ਤੋਂ ਹੋਈਆਂ ਮੌਤਾਂ ਦੀ ਜਾਂਚ ਦੇ ਨਾਲ-ਨਾਲ ਕੋਵਿਡ-19 ਮਹਾਂਮਾਰੀ ਦੌਰਾਨ ਹੋਈਆਂ ਮੌਤਾਂ ਦੀ ਜਾਂਚ ਵਿੱਚ ਸੰਸਥਾ ਦੀ ਅਗਵਾਈ ਕੀਤੀ ਸੀ।

ਮੰਤਰਾਲੇ ਨੇ ਇੱਕ ਨਿਊਜ਼ ਰਿਲੀਜ਼ ਵਿਚ ਕਿਹਾ, ਮੁੱਖ ਕੋਰੋਨਰ ਹੋਣ ਦੇ ਨਾਤੇ, ਬੈਦਵਾਨ ਦਾ ਉਦੇਸ਼ ਬੀਸੀ ਕੋਰੋਨਰ ਸਰਵਿਸ ਦੀ ਭੂਮਿਕਾ ਨੂੰ ਵਧਾਉਣਾ ਹੈ ਤਾਂ ਜੋ ਨੀਤੀਘਾੜਿਆਂ ਨੂੰ ਉਹਨਾਂ ਦੇ ਫੈਸਲਿਆਂ ਵਿੱਚ ਬਿਹਤਰ ਜਾਣਕਾਰੀ ਦੇਣ, ਭਵਿੱਖ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਅਤੇ ਪੂਰੇ ਬੀ.ਸੀ. ਵਿੱਚ ਲੋਕਾਂ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਲਈ ਡੇਟਾ ਪ੍ਰਦਾਨ ਕੀਤਾ ਜਾ ਸਕੇ।

ਬੈਦਵਾਨ ਦੀ ਨਿਯੁਕਤੀ ਸਾਬਕਾ ਮੁੱਖ ਕੋਰੋਨਰ ਲੀਜ਼ਾ ਲਾਪੁਆਇੰਟ ਦੀ ਸੇਵਾਮੁਕਤੀ ਤੋਂ ਲਗਭਗ ਛੇ ਮਹੀਨੇ ਬਾਅਦ ਹੋਈ ਹੈ।

ਅਹੁਦਾ ਛੱਡਣ ਲੱਗਿਆਂ ਲਾਪੁਆਇੰਟ ਨੇ ਡਰੱਗਜ਼ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਲਈ ਸੂਬਾਈ ਸਰਕਾਰ ਦੀ ਪਹੁੰਚ ਦੀ ਆਲੋਚਨਾ ਕੀਤੀ ਸੀ।

ਅਪ੍ਰੈਲ 2016 ਵਿੱਚ ਇੱਕ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ, ਬੀਸੀ ਵਿੱਚ 14,500 ਤੋਂ ਵੱਧ ਲੋਕ ਜ਼ਹਿਰੀਲੀਆਂ ਦਵਾਈਆਂ ਨਾਲ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਸਪ੍ਰਿੰਗ ਸੀਜ਼ਨ ਬੀਸੀ ਸਰਕਾਰ ਨੇ ਡਰੱਗਜ਼ ਦੇ ਅਣ-ਅਪਰਾਧੀਕਰਨ ਵਾਲੇ ਪਾਇਲਟ ਪ੍ਰੋਜੈਕਟ ਨੂੰ ਪਲਟ ਦਿੱਤਾ ਅਤੇ ਜਨਤਕ ਥਾਂਵਾਂ ਜਿਵੇਂ ਪਾਰਕ, ਪਬਲਿਕ ਟ੍ਰਾਂਜ਼ਿਟ ਅਤੇ ਹਸਪਤਾਲਾਂ ਵਿਚ ਡਰੱਗਜ਼ ਦੇ ਇਸਤੇਮਾਲ ਨੂੰ ਮੁੜ ਅਪਰਾਧਕ ਦਾਇਰੇ ਵਿਚ ਲੈ ਆਂਦਾ। ਫਰਵਰੀ ਵਿੱਚ, ਲਾਪੁਆਇੰਟ ਨੇ ਦੱਸਿਆ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਡਰੱਗਜ਼ ਦੀ ਵਰਤੋਂ ਨੂੰ ਬਦਨਾਮੀ ਨਾਲ ਨਾ ਜੋੜਨ ਅਤੇ ਇਸਨੂੰ ਅਪਰਾਧਿਕ ਦਾਇਰੇ ਤੋਂ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀਆਂ ਚਾਹੀਦੀਆਂ ਹਨ।

Related Articles

Latest Articles