ਸਰੀ, (ਦਿਵਰੂਪ ਕੌਰ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਅਤੇ ਲੇਬਨਾਨ ਵਿਚਾਲੇ 10 ਦਿਨਾਂ ਦੀ ਜੰਗਬੰਦੀ ਬਾਰੇ ਬਿਆਨ ਜਾਰੀ ਕੀਤਾ ਹੈ। ਇਹ ਜੰਗਬੰਦੀ ਵੀਰਵਾਰ 16 ਅਪ੍ਰੈਲ 2026 ਤੋਂ ਲਾਗੂ ਹੋ ਗਈ ਹੈ। ਇਸ ਸਮਝੌਤੇ ਦੇ ਤਹਿਤ ਇਰਾਨ ਸਮਰਥਿਤ ਹਿਜ਼ਬੁੱਲਾ ਨੂੰ ਵੀ ਜੰਗਬੰਦੀ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ। ਵਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਇਜ਼ਰਾਈਲ ਅਤੇ ਲੇਬਨਾਨ ਦੇ ਆਗੂਆਂ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ 4 ਜਾਂ 5 ਦਿਨਾਂ ਵਿੱਚ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਵਾਈਟ ਹਾਊਸ ਦਾ ਦੌਰਾ ਕਰ ਸਕਦੇ ਹਨ ਤਾਂ ਜੋ ਸਥਾਈ ਸ਼ਾਂਤੀ ਲਈ ਰਾਹ ਪੱਧਰਾ ਕੀਤਾ ਜਾ ਸਕੇ।
ਇਸ ਜੰਗਬੰਦੀ ਦੇ ਨਾਲ ਹੀ ਰਾਸ਼ਟਰਪਤੀ ਟਰੰਪ ਅਨੁਸਾਰ ਇਰਾਨ ਨੇ ਆਪਣੇ ਸੰਪੂਰਨ ਯੂਰੇਨੀਅਮ ਭੰਡਾਰ ਨੂੰ ਸੌਂਪਣ ਲਈ ਸਹਿਮਤੀ ਜਤਾਈ ਹੈ ਜਿਸ ਨੂੰ ਅਮਰੀਕੀ ਪ੍ਰਸ਼ਾਸਨ ਨੇ ਇੱਕ ਵੱਡੀ ਜਿੱਤ ਵਜੋਂ ਪੇਸ਼ ਕਰ ਰਿਹਾ ਹੈ। ਰਾਸ਼ਟਰਪਤੀ ਟਰੰਪ ਨੇ ਭਰੋਸਾ ਜਤਾਇਆ ਹੈ ਕਿ ਦੋਵੇਂ ਧਿਰਾਂ ਸ਼ਾਂਤੀ ਸਮਝੌਤੇ ਦੇ ਬਹੁਤ ਨੇੜੇ ਹਨ ਅਤੇ ਜਲਦੀ ਹੀ 6 ਹਫ਼ਤਿਆਂ ਤੋਂ ਚੱਲ ਰਹੀ ਇਸ ਜੰਗ ਦਾ ਖਾਤਮਾ ਹੋ ਸਕਦਾ ਹੈ।
ਜੰਗ ਦੇ ਮੈਦਾਨੀ ਹਾਲਾਤਾਂ ਦੀ ਗੱਲ ਕਰੀਏ ਤਾਂ ਜੰਗਬੰਦੀ ਲਾਗੂ ਹੋਣ ਤੋਂ ਕੁਝ ਘੰਟੇ ਪਹਿਲਾਂ ਵੀ ਇਜ਼ਰਾਈਲੀ ਫੌਜ ਨੇ ਦੱਖਣੀ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਕਈ ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ। ਇਜ਼ਰਾਈਲੀ ਰੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਹਿਜ਼ਬੁੱਲਾ ਦਾ ਨਿਹੱਥਾ ਹੋਣਾ ਕਿਸੇ ਵੀ ਸਥਾਈ ਸਮਝੌਤੇ ਲਈ ਮੁੱਢਲੀ ਸ਼ਰਤ ਹੋਵੇਗੀ। ਦੂਜੇ ਪਾਸੇ ਇਰਾਨੀ ਫੌਜੀ ਲੀਡਰਸ਼ਿਪ ਨੂੰ ਪਿਛਲੇ ਕੁਝ ਦਿਨਾਂ ਵਿੱਚ ਭਾਰੀ ਨੁਕਸਾਨ ਝੱਲਣਾ ਪਿਆ ਹੈ। ਰਿਪੋਰਟਾਂ ਅਨੁਸਾਰ ਇਜ਼ਰਾਈਲੀ ਹਮਲਿਆਂ ਵਿੱਚ ਹੁਣ ਤੱਕ 250 ਤੋਂ ਵੱਧ ਇਰਾਨੀ ਕਮਾਂਡਰ ਅਤੇ ਸੀਨੀਅਰ ਆਗੂ ਮਾਰੇ ਜਾ ਚੁੱਕੇ ਹਨ। ਇਰਾਨ ਦੀ ਮਿਜ਼ਾਈਲ ਸਮਰੱਥਾ ਵੀ ਕਾਫੀ ਹੱਦ ਤੱਕ ਕਮਜ਼ੋਰ ਹੋ ਚੁੱਕੀ ਹੈ ਪਰ ਉਹ ਅਜੇ ਵੀ ਖੇਤਰੀ ਪੱਧਰ ‘ਤੇ ਆਪਣੀ ਮੌਜੂਦਗੀ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕੀ ਜਲ ਸੈਨਾ ਨੇ ਇਰਾਨੀ ਬੰਦਰਗਾਹਾਂ ਦੀ ਘੇਰਾਬੰਦੀ ਜਾਰੀ ਰੱਖੀ ਹੋਈ ਹੈ ਅਤੇ ਸਟ੍ਰੇਟ ਆਫ ਹਾਰਮੁਜ਼ ਵਿੱਚੋਂ ਤੇਲ ਦੀ ਸਪਲਾਈ ਨੂੰ ਬਹਾਲ ਕਰਨਾ ਅਮਰੀਕਾ ਦੀ ਮੁੱਖ ਤਰਜੀਹ ਬਣੀ ਹੋਈ ਹੈ। ਅਮਰੀਕਾ ਨੇ ਸ਼ਰਤ ਰੱਖੀ ਹੈ ਕਿ ਜਦੋਂ ਤੱਕ ਇਰਾਨ ਇਸ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਦਾ ਤਦ ਤੱਕ ਗੱਲਬਾਤ ਸਿਰੇ ਨਹੀਂ ਚੜ੍ਹ ਸਕਦੀ। ਹਾਲਾਂਕਿ ਮਾਨਵਤਾਵਾਦੀ ਸਹਾਇਤਾ ਵਾਲੇ ਜਹਾਜ਼ਾਂ ਨੂੰ ਇਸ ਘੇਰਾਬੰਦੀ ਤੋਂ ਛੋਟ ਦਿੱਤੀ ਗਈ ਹੈ। ਇਸ ਜੰਗ ਕਾਰਨ ਵਿਸ਼ਵ ਪੱਧਰ ‘ਤੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ ਜਿਸ ਨੇ ਕਈ ਦੇਸ਼ਾਂ ਦੀ ਆਰਥਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਇਸ ਲਈ ਅੰਤਰਰਾਸ਼ਟਰੀ ਭਾਈਚਾਰਾ ਵੀ ਇਸ ਗੱਲਬਾਤ ਦੇ ਸਫਲ ਹੋਣ ਦੀ ਉਮੀਦ ਲਾਈ ਬੈਠਾ ਹੈ।
ਆਉਣ ਵਾਲੇ ਕੁਝ ਦਿਨ ਪੱਛਮੀ ਏਸ਼ੀਆ ਦੇ ਭਵਿੱਖ ਲਈ ਬਹੁਤ ਮਹੱਤਵਪੂਰਨ ਹੋਣਗੇ। ਜੇਕਰ ਇਸਲਾਮਾਬਾਦ ਵਿੱਚ ਹੋ ਰਹੀ ਗੱਲਬਾਤ ਦੌਰਾਨ ਯੂਰੇਨੀਅਮ ਅਤੇ ਸੈਨਿਕ ਵਾਪਸੀ ਵਰਗੇ ਮੁੱਦਿਆਂ ‘ਤੇ ਸਹਿਮਤੀ ਬਣ ਜਾਂਦੀ ਹੈ ਤਾਂ ਇਹ ਇਸ ਸਦੀ ਦਾ ਸਭ ਤੋਂ ਵੱਡਾ ਕੂਟਨੀਤਕ ਸਮਝੌਤਾ ਹੋ ਸਕਦਾ ਹੈ। ਇਰਾਨ ਨੇ ਆਪਣੀਆਂ ਮੰਗਾਂ ਵਿੱਚ ਹਮਲਿਆਂ ਦੇ ਮੁਆਵਜ਼ੇ ਅਤੇ ਜਮ੍ਹਾ ਕੀਤੇ ਗਏ ਫੰਡਾਂ ਨੂੰ ਜਾਰੀ ਕਰਨ ਦੀ ਸ਼ਰਤ ਵੀ ਰੱਖੀ ਹੈ। ਜਿੱਥੇ ਅਮਰੀਕਾ ਅਤੇ ਇਜ਼ਰਾਈਲ ਆਪਣੀ ਸੁਰੱਖਿਆ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਉੱਥੇ ਹੀ ਇਰਾਨ ਆਪਣੀ ਹੋਂਦ ਬਚਾਉਣ ਲਈ ਗੱਲਬਾਤ ਦੀ ਮੇਜ਼ ‘ਤੇ ਆਇਆ ਹੈ। ਦੁਨੀਆ ਭਰ ਦੀਆਂ ਨਜ਼ਰਾਂ ਹੁਣ ਅਗਲੇ 10 ਦਿਨਾਂ ਦੀ ਇਸ ਜੰਗਬੰਦੀ ਦੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ।
ਸਾਬਕਾ ਇਸਰਾਈਲੀ ਡਿਪਲੋਮੈਟ ਐਲੋਨ ਪਿੰਕਸ ਅਨੁਸਾਰ, ਜੰਗਬੰਦੀ ਦੀ ਸਮਾਂ ਸੀਮਾ ਤੋਂ ਪਹਿਲਾਂ ਅਕਸਰ ਦੋਵੇਂ ਧਿਰਾਂ ਇੱਕ-ਦੂਜੇ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਪਿੰਕਸ ਨੇ ਚੇਤਾਵਨੀ ਦਿੱਤੀ ਹੈ ਕਿ ਜ਼ਮੀਨੀ ਹਕੀਕਤ ਕਿਸੇ ਵੀ ਪਾਸੇ ਜਾ ਸਕਦੀ ਹੈ। ਜੇਕਰ ਇਸਰਾਈਲ ਨੇ ਬਫਰ ਜ਼ੋਨ ਵਿੱਚ ਆਪਣੀ ਕਾਰਵਾਈ ਜਾਰੀ ਰੱਖੀ ਅਤੇ ਹਿਜ਼ਬੁੱਲਾ ਨੇ ਜਵਾਬੀ ਰਾਕੇਟ ਦਾਗੇ, ਤਾਂ ਇਹ ਜੰਗਬੰਦੀ ਬਹੁਤ ਜਲਦੀ ਟੁੱਟ ਸਕਦੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਇਸ ਜੰਗਬੰਦੀ ਵਿੱਚ ਨਿੱਜੀ ਦਿਲਚਸਪੀ ਲੈ ਰਹੇ ਹਨ ਕਿਉਂਕਿ ਉਹ ਇਸ ਨੂੰ ਈਰਾਨ ਨਾਲ ਇੱਕ ਵੱਡੇ ਸਮਝੌਤੇ ਦੀ ਦਿਸ਼ਾ ਵਿੱਚ ਪਹਿਲਾ ਕਦਮ ਮੰਨਦੇ ਹਨ।
ਜੰਗਬੰਦੀ ਦੇ ਐਲਾਨ ਦੇ ਬਾਵਜੂਦ ਹਿਜ਼ਬੁੱਲਾ ਨੇ ਇਸਰਾਈਲੀ ਫੌਜੀ ਟਿਕਾਣਿਆਂ ‘ਤੇ ਹਮਲਿਆਂ ਦੀ ਲੜੀ ਤੇਜ਼ ਕਰ ਦਿੱਤੀ ਹੈ। ਸਮੂਹ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸਰਾਈਲ ਦੇ ਕਰਮੀਏਲ ਸ਼ਹਿਰ ਵਿੱਚ ਮਿਜ਼ਾਈਲਾਂ ਦਾ ਭਾਰੀ ਮੀਂਹ ਵਰ੍ਹਾਇਆ ਹੈ ਅਤੇ ਮਾਲਕੀਆ ਇਲਾਕੇ ਵਿੱਚ ਇਸਰਾਈਲੀ ਸੈਨਿਕਾਂ ਦੀਆਂ ਪੁਜ਼ੀਸ਼ਨਾਂ ‘ਤੇ ਡਰੋਨ ਹਮਲੇ ਕੀਤੇ ਹਨ। ਇਸ ਤੋਂ ਇਲਾਵਾ, ਲਿਬਨਾਨ ਦੇ ਬਿੰਤ ਜਬੇਲ ਨਗਰਪਾਲਿਕਾ ਵਿੱਚ ਇੱਕ ਇਸਰਾਈਲੀ ਮਰਕਾਵਾ ਟੈਂਕ ਨੂੰ ਗਾਈਡਡ ਮਿਜ਼ਾਈਲ ਨਾਲ ਸਿੱਧਾ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਹਿਜ਼ਬੁੱਲਾ ਨੇ ਅਦਲੂਨ ਪਿੰਡ ਨੇੜੇ ਇੱਕ ਇਸਰਾਈਲੀ ਹਰਮੇਸ 450 ਡਰੋਨ ਨੂੰ ਵੀ ਮਾਰ ਗਿਰਾਉਣ ਦੀ ਪੁਸ਼ਟੀ ਕੀਤੀ ਹੈ, ਜੋ ਬਾਅਦ ਵਿੱਚ ਸਮੁੰਦਰ ਵਿੱਚ ਜਾ ਡਿੱਗਿਆ।
ਇਸ ਦੌਰਾਨ, ਹਿਜ਼ਬੁੱਲਾ ਨੇ ਵਿਸਥਾਪਿਤ ਹੋਏ ਲਿਬਨਾਨੀ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਹਾਲ ਦੱਖਣੀ ਲਿਬਨਾਨ, ਬੇਕਾ ਘਾਟੀ ਅਤੇ ਬੇਰੂਤ ਦੇ ਦੱਖਣੀ ਉਪਨਗਰਾਂ ਵਿੱਚ ਆਪਣੇ ਘਰਾਂ ਨੂੰ ਵਾਪਸ ਨਾ ਜਾਣ। ਸਮੂਹ ਨੇ ਚੇਤਾਵਨੀ ਦਿੱਤੀ ਹੈ ਕਿ ਇਸਰਾਈਲ ਸਮਝੌਤੇ ਤੋੜਨ ਦਾ ਆਦੀ ਹੈ, ਇਸ ਲਈ ਜਦੋਂ ਤੱਕ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਜਾਂਦੀ, ਉਦੋਂ ਤੱਕ ਸਬਰ ਰੱਖਣਾ ਹੀ ਬਿਹਤਰ ਹੈ।
ਅਮਰੀਕੀ ਵਿਦੇਸ਼ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੰਗਬੰਦੀ ਸਮਝੌਤੇ ਦੇ ਤਹਿਤ ਇਸਰਾਈਲ ਕੋਲ ਕਿਸੇ ਵੀ ਆਉਣ ਵਾਲੇ ਜਾਂ ਚੱਲ ਰਹੇ ਹਮਲੇ ਦੇ ਵਿਰੁੱਧ ਸਵੈ-ਰੱਖਿਆ ਵਿੱਚ ਕਾਰਵਾਈ ਕਰਨ ਦਾ ਪੂਰਾ ਅਧਿਕਾਰ ਹੋਵੇਗਾ। ਇਸਲਾਮਾਬਾਦ ਵਿੱਚ ਸ਼ਾਂਤੀ ਗੱਲਬਾਤ ਦੇ ਅਸਫਲ ਹੋਣ ਤੋਂ ਬਾਅਦ, ਟਰੰਪ ਵੱਲੋਂ ਐਲਾਨੀ ਗਈ ਇਹ ਦੋ ਹਫ਼ਤਿਆਂ ਦੀ ਜੰਗਬੰਦੀ ਹੁਣ ਇੱਕ ਵੱਡੀ ਪ੍ਰੀਖਿਆ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ।

