Saturday, April 18, 2026

ਸਾਲ 2025 ਦੌਰਾਨ ਬੀ.ਸੀ. ਵਿੱਚ 289 ਫਸਟ ਨੇਸ਼ਨਜ਼ ਲੋਕਾਂ ਦੀ ਵੀ ਹੋਈ ਜ਼ਹਿਰੀਲੇ ਨਸ਼ਿਆਂ ਕਾਰਨ ਮੌਤ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਫਸਟ ਨੇਸ਼ਨਜ਼ ਸਿਹਤ ਅਥਾਰਟੀ ਨੇ ਬੁੱਧਵਾਰ ਨੂੰ ਜ਼ਹਿਰੀਲੇ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਰਿਪੋਰਟ ਅਨੁਸਾਰ 2025 ਵਿੱਚ ਕੁੱਲ 289 ਫਸਟ ਨੇਸ਼ਨਜ਼ ਲੋਕਾਂ ਦੀ ਮੌਤ ਹੋਈ ਹੈ, ਜੋ ਕਿ 2024 ਵਿੱਚ ਹੋਈਆਂ 433 ਮੌਤਾਂ ਦੇ ਮੁਕਾਬਲੇ 33% ਘੱਟ ਹੈ। ਹਾਲਾਂਕਿ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ, ਪਰ ਇਹ ਭਾਈਚਾਰਾ ਅਜੇ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੈ। ਫਸਟ ਨੇਸ਼ਨਜ਼ ਦੇ ਲੋਕ ਬੀ.ਸੀ. ਦੀ ਕੁੱਲ ਆਬਾਦੀ ਦਾ ਸਿਰਫ਼ 3.4% ਹਨ, ਪਰ ਸੂਬੇ ਵਿੱਚ ਨਸ਼ਿਆਂ ਕਾਰਨ ਹੋਣ ਵਾਲੀਆਂ ਕੁੱਲ 1,826 ਮੌਤਾਂ ਵਿੱਚ ਇਨ੍ਹਾਂ ਦਾ ਹਿੱਸਾ 15.8% ਰਿਹਾ ਹੈ। ਡਾ. ਨੈਲ ਵੀਮੈਨ ਨੇ ਦੱਸਿਆ ਕਿ ਫਸਟ ਨੇਸ਼ਨਜ਼ ਦੇ ਲੋਕ ਹੋਰਨਾਂ ਨਿਵਾਸੀਆਂ ਦੇ ਮੁਕਾਬਲੇ 5.4 ਗੁਣਾ ਵੱਧ ਦਰ ਨਾਲ ਮੌਤ ਦਾ ਸ਼ਿਕਾਰ ਹੋ ਰਹੇ ਹਨ। ਖਾਸ ਤੌਰ ‘ਤੇ ਮਹਿਲਾਵਾਂ ਵਿੱਚ ਇਹ ਦਰ ਹੋਰਨਾਂ ਦੇ ਮੁਕਾਬਲੇ 9.1 ਗੁਣਾ ਜ਼ਿਆਦਾ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ 50.5% ਮ੍ਰਿਤਕ 40 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਨ। ਜ਼ਹਿਰੀਲੇ ਨਸ਼ਿਆਂ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਵੀ 17% ਦੀ ਗਿਰਾਵਟ ਦੇਖੀ ਗਈ ਹੈ, ਜੋ 2024 ਦੇ 3,523 ਮੁਕਾਬਲੇ 2,924 ਰਹਿ ਗਈਆਂ ਹਨ। ਅਥਾਰਟੀ ਅਨੁਸਾਰ ਇਸ ਸੰਕਟ ਦੇ ਪਿੱਛੇ ਨਸਲਵਾਦ, ਵਿਤਕਰੇ ਅਤੇ ਬਸਤੀਵਾਦ ਦੇ ਡੂੰਘੇ ਪ੍ਰਭਾਵ ਹਨ। ਸਿਹਤ ਪ੍ਰਣਾਲੀ ਵਿੱਚ ਵਿਸ਼ਵਾਸ ਦੀ ਕਮੀ ਕਾਰਨ ਬਹੁਤ ਸਾਰੇ ਲੋਕ ਮਦਦ ਲੈਣ ਤੋਂ ਕਤਰਾਉਂਦੇ ਹਨ। 2016 ਵਿੱਚ ਸਿਹਤ ਐਮਰਜੈਂਸੀ ਐਲਾਨੇ ਜਾਣ ਤੋਂ ਬਾਅਦ ਹੁਣ ਤੱਕ ਸੂਬੇ ਵਿੱਚ 18,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਜਿਨ੍ਹਾਂ ਵਿੱਚ 2,000 ਤੋਂ ਵੱਧ ਫਸਟ ਨੇਸ਼ਨਜ਼ ਲੋਕ ਸ਼ਾਮਲ ਹਨ। ਡਾ. ਵੀਮੈਨ ਨੇ ਨੌਜਵਾਨਾਂ ਦੀ ਸੁਰੱਖਿਆ ਅਤੇ ਉਨ੍ਹਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। This report was written by Divroop Kaur as part of the Local Journalism Initiative.

Popular