ਸਰੀ, (ਸਿਮਰਜਨਜੀਤ ਸਿੰਘ): ਕੈਨੇਡਾ ਨੂੰ ਸੰਵਿਧਾਨਕ ਦਰਜਾ ਮਿਲਣ ਦੀ 157ਵੀਂ ਵਰ੍ਹੇਗੰਢ ਮੌਕੇ ਪੂਰੇ ਕੈਨੇਡਾ ਵਿੱਚ ਜਸ਼ਨ ਮਨਾਏ ਗਏ। ਲੋਕਾਂ ਨੇ ਆਪਣੇ ਘਰਾਂ ‘ਤੇ ਕੌਮੀ ਝੰਡਾ ਲਹਿਰਾ ਕੇ ਅਤੇ ਵੱਖ ਵੱਖ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਜਸ਼ਨ ਮਨਾਏ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕੈਨੇਡਾ ਦੀ ਵਿਭਿੰਨਤਾ, ਨਿਰਪਖਤਾ ਪ੍ਰਤੀ ਆਪਣੀ ਪ੍ਰਤੀਬਧਤਾ ਲਈ ਦੇਸ਼ ਦੀ ਪ੍ਰਸ਼ੰਸਾ ਕੀਤੀ, ਪ੍ਰਧਾਨ ਮੰਤਰੀ ਨੇ ਕੈਨੇਡਾ ਦੇ 157ਵੇਂ ਸਥਾਪਨਾ ਦਿਵਸ ਮੌਕੇ ਦੇਸ਼ ਵਿਚ ਜਸ਼ਨ ਦੇ ਚਲਦੇ ਕੈੇਨੇਡਾ ਵਾਸੀਆਂ ਨੂੰ ਵਧਾਈ ਦਿੱਤੀ।
ਉਨ੍ਹਾ ਨੇ ਕਿਹਾ ਕਿ ਇਹ ਕਦਰਾਂ-ਕੀਮਤਾਂ ਹਨ ਜੋ ਸਾਨੂੰ ਕੈਨੇਡੀਅਨ ਦੇ ਰੂਪ ਵਿੱਚ ਇਕੱਠੇ ਰੱਖਦੀਆਂ ਹਨ। ਇਹੀ ਕਾਰਨ ਹੈ ਕਿ ਦੁਨੀਆਂ ਭਰ ਵਿੱਚ ਇਨੇ ਸਾਰੇ ਲੋਕ ਸਾਡੇ ਨਾਲ ਹਨ। ਇਹ ਸਿੱਖਣ ਦੀ ਕਹਾਣੀ ਹੈ। ਇਹ ਸਿੱਖਣਾ ਕਿ ਅਸੀ ਆਪਣੇ ਮੱਤਭੇਦਾਂ ਦੇ ਬਾਵਜੂਦ ਮਜਬੂਤ ਹਾਂ ਅਤੇ ਇਹ ਇੱਕ ਅਜਿਹੀ ਕਹਾਣੀ ਹੈ ਜੋ ਕੈਨੇਡੀਅਨ ਲੋਕਾਂ ਦੁਆਰਾ ਲਿਖੀ ਜਾ ਰਹੀ ਹੈ ਜੋ ਆਪਣੇ ਭਾਈਚਾਰੇ ਅਤੇ ਦੇਸ਼ ਲਈ ਅੱਗੇ ਆਉਂਦੇ ਹਨ। ਟਰੂਡੋ ਨੇ ਸਿਹਤ ਸੇਵਾ ਕਰਮੀਆਂ, ਸੁਰੱਖਿਆ ਕਰਮੀਆਂ ਦੇ ਲਗਾਤਾਰ ਯਤਨਾਂ ਦੀ ਪ੍ਰਸੰਸਾ ਕੀਤੀ।
ਕੈਨੇਡਾ ਡੇਅ ਮੌਕੇ ਕੈਨੇਡਾ ਭਰ ‘ਚ ਸੜਕਾਂ ‘ਤੇ ਆਵਾਜਾਈ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਦੇਖੀ ਗਈ ਪਰ ਪਾਰਕਾਂ ਤੇ ਖਾਣ-ਪੀਣ ਵਾਲੀਆਂ ਥਾਵਾਂ ‘ਤੇ ਕਾਫੀ ਰੌਣਕ ਰਹੀ। ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਲੋਕਾਂ ਨੂੰ ਵਧਾਈ ਸੰਦੇਸ਼ ਦਿੱਤੇ ਅਤੇ ਕਈ ਨਵੀਆਂ ਸਕੀਮਾਂ ਦੇ ਐਲਾਨ ਕੀਤੇ। ਜ਼ਿਕਰਯੋਗ ਹੈ ਕਿ ਪਹਿਲੀ ਜੁਲਾਈ 1867 ਨੂੰ ਕੈਨੇਡਾ ਦੀਆਂ ਵੱਖ ਵੱਖ ਪ੍ਰੋਵਿੰਸਾਂ ਨੂੰ ਸੰਗਠਿਤ ਕਰ ਕੇ ਦੇਸ਼ ਦੇ ਰੂਪ ਵਿਚ ਸੰਵਿਧਾਨਕ ਦਰਜਾ ਮਿਲਿਆ ਸੀ।