ਪ੍ਰਧਾਨਗੀ ‘ਤੇ ਹੱਲਾ

ਕਰੀਆਂ ਸਭ ਨੇ ਇੱਕ ਤੋਂ ਇੱਕ ਵਧ ਕੇ,
ਜਾਣ ਬੁੱਝਕੇ ਗਲਤੀਆਂ ਗੁਨਾਹ ਕਹਿੰਦੇ।
ਪਿੱਛੇ ਲੱਗ ਚੌਧਰੀ ਵੱਡਿਆਂ ਦੇ,
ਲਿਆ ਆਪਣਾ ਆਪ ਗੁਆ ਕਹਿੰਦੇ।

ਗੱਦੀ ਖੋਹਣ ਦਾ ਹੁਣ ਕੀ ਫ਼ਾਇਦਾ,
ਜਦੋਂ ਭੱਤਾ ਹੀ ਲਿਆ ਭਨਾਅ ਕਹਿੰਦੇ।
ਮਰਦੇ ਬਾਜ ਨਾ ਨਾਲ ਗੁਲੇਲਿਆਂ ਦੇ,
ਮਰੇ ਸੱਪ ਨਾ ਕੁੱਟਿਆਂ ਰਾਹ ਕਹਿੰਦੇ।

ਵੇਲਾ ਜਦੋਂ ਸੀ ਕਹਿਣ ਕਹਾਉਣ ਵਾਲਾ,
ਉਦੋਂ ਕਿਸੇ ਨਾ ਭਰਿਆ ਸਾਹ ਕਹਿੰਦੇ,
ਲਾਂਗੜ ਕੱਸਿਆਂ ਹੁਣ ਕੀ ਬਣਨਾ,
ਤੀਰ ਚਲਾ ਕੇ ਅੰਨ੍ਹੇ ਵਾਹ ਕਹਿੰਦੇ।

ਕਰ ਗਿਆ ਕੋਈ ਮਾਫ਼ੀਆਂ ਕੋਈ ਮੰਗੇ।
ਤਖ਼ਤ ਅਕਾਲ ਦੇ ‘ਤੇ ਜਾ ਕਹਿੰਦੇ।
ਬਾਗ਼ੀ ਹੋ ਕੇ ਖੋਲ੍ਹ ਗਏ ਭੇਦ ‘ਭਗਤਾ’,
ਪਾ ਸਿਰ ‘ਚ ਗਏ ਸੁਆਹ ਕਹਿੰਦੇ।

ਲਿਖਤ : ਬਰਾੜ-ਭਗਤਾ ਭਾਈ ਕਾ, 001-604-751-1113

Exit mobile version