ਜੱਗ ਜਨਣੀ, ਦੇਵੀ, ਧੀ-ਧਿਆਣੀ ਹਾਂ,
ਉਂਝ ਖ਼ਾਸ ਬਹੁਤ ਮੈਂ ਆਮ ਨਹੀਂ।
ਆਸਾ-ਪਾਸਾ ਨਾ ਦੇਖੋ, ਲੰਘ ਆਓ, ਘਰ ਮੇਰਾ ਹੈ।
ਕੀ ਹੋਇਆ ਜੇ ਕਿਸੇ ਇੱਟ ਉੱਤੇ ਮੇਰਾ ਨਾਮ ਨਹੀਂ।
ਵਾਹ ਵਾਹ ਸਾਰੀ ਕਾਰੀਗਰ ਲੈ ਗਏ,
ਕਿਣਕੇ ‘ਕੱਠੇ ਕਰਦੀ ਦੇਹ ਨੂੰ ਅਰਾਮ ਨਹੀਂ।
ਸੰਧੂਰ, ਦਸਤਾਵੇਜ਼, ਘਰ ਦੀ ਤਖ਼ਤੀ ਹਰ ਥਾਂ ਨਾਮ ਉਸਦਾ,
ਬੱਸ ਜੰਮਣ ਪੀੜਾਂ ‘ਤੇ ਹੀ ਨਾਮ ਨਹੀਂ।
ਕਲਪਨਾ, ਸੁਨੀਤਾ ਬਣ ਖੇਡੀ ਮੈਂ ਨਾਲ਼ ਚੰਦਰਮਾ,
ਮੈਂ ਚੜ੍ਹਦਾ ਸੂਰਜ ਹਾਂ, ਢਲ਼ਦੀ ਸ਼ਾਮ ਨਹੀਂ।
ਸੂਤੀਆਂ ਨਾੜਾਂ ਨਾਲ਼ ਗਾਵੇ ਕੋਈ,
ਮਾਫ਼ ਕਰਨਾ ਮੈਂ ਐਸਾ ਵੀ ਕਲਾਮ ਨਹੀਂ।
ਟੰਗਾਂ ਦੀਵਾਰ ‘ਤੇ ਫੋਟੋ ਜੱਗ ਦਿਖਾਉਣ ਵਾਲ਼ਿਆਂ ਦੀ,
ਮੇਰੇ ਘਰ ‘ਚ ਐਸਾ ਇੰਤਜ਼ਾਮ ਨਹੀਂ।
ਆਜਾ ਦੇਵਾਂ ਤੈਨੂੰ ਤੇਰੇ ਹਿੱਸੇ ਦੇ ਮੌਸਮ,
ਅਜੇ ਤੀਕ ਆਇਆ ਐਸਾ ਪੈਗ਼ਾਮ ਨਹੀਂ।
ਸੀਤਾ, ਦਰੋਪਦੀ ਬਣ ਦਿੱਤੀ ਬਥੇਰੀ ਪ੍ਰੀਖਿਆ,
ਅਜੇ ਤੱਕ ਵੀ ਬਦਲਿਆ ਨਿਜ਼ਾਮ ਨਹੀਂ।
ਸਹਿਣਾ ਮੇਰਾ ਸੁਭਾਅ, ਮੈਂ ਧਰਤ ਹਾਂ,
ਮੇਰੇ ਅੰਦਰ ਤਪ ਹੈ ਕੋਹਰਾਮ ਨਹੀਂ।
ਲੇਖਕ : ਰਾਜਵੰਤ ਕੌਰ